Wednesday, May 27, 2015

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਟ੍ਰਿਕ ਵਿੱਚ ਵੀ ਕੁੜੀਆਂ ਅੱਗੇ

ਰਿਜ਼ਲਟ ਦੀ ਭਿਣਕ ਮਿਲਦਿਆਂ ਹੀ ਮੁੰਡੇ ਕੁੜੀਆਂ ਹੋਏ ਕੰਪਿਊਟਰ ਦੁਆਲੇ 
ਜ਼ਿਲ੍ਹਾ ਬਰਨਾਲਾ ਦੀ ਨਿਤਾਸ਼ਾ ਅਗਰਵਾਲ ਨੇ ਅਕਾਦਮਿਕ ਕੈਟਾਗਰੀ ਵਿਚੋਂ 99.08 ਫੀਸਦੀ ਅੰਕ ਹਾਸਿਲ ਕਰਕੇ ਪੰਜਾਬ ਭਰ 'ਚੋਂ ਕੀਤਾ ਪਹਿਲਾ ਸਥਾਨ ਹਾਸਿਲ 
ਹੁਸ਼ਿਆਰਪੁਰ ਦੀ ਨੈਨਸੀ ਭਡਿਆਰ ਦੂਜੇ ਅਤੇ ਫਿਰੋਜਪੁਰ ਦੀ ਹਰਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ
ਐੱਸ. ਏ. ਐੱਸ. ਨਗਰ, 26 ਮਈ 2015: (ਪੰਜਾਬ ਸਕਰੀਨ ਬਿਊਰੋ): ਨਸ਼ਿਆਂ ਦਾ ਸ਼ਿਕਾਰ ਬਣਾਏ ਗਾਏ ਪੰਜਾਬ ਵਿੱਚ ਇੱਕ ਵਾਰ ਫਿਰ ਕੁੜੀਆਂ ਨੇ ਆਪਣੇ ਕੈਰੀਅਰ ਅਤੇ ਜ਼ਿੰਦਗੀ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਮੈਟ੍ਰਿਕ ਦੀ ਪ੍ਰੀਖਿਆ ਵਿੱਚ ਆਪਣੀ ਸਰਦਾਰੀ ਕਾਇਮ ਕੀਤੀ ਹੈ। ਪਰਿਵਾਰ ਦੀ ਭਲਾਈ ਅਤੇ ਜ਼ਿੰਦਗੀ ਵਿੱਚ ਸਵੈ ਨਿਰਭਰਤਾ ਬਾਰੇ ਹੋਰ ਸੰਜੀਦਾ ਹੋਈਆਂ ਕੁੜੀਆਂ ਨੇ ਭਵਿੱਖ ਦਾ ਇੱਕ ਹੋਰ ਅਸਮਾਨ ਆਪਣੇ ਨਾਮ ਲਿਖ ਲਿਆ ਹੈ। ਜ਼ਾਹਿਰ ਹੈ ਕੀ ਕੁੜੀਆਂ ਪੜ੍ਹਾਈ ਦੇ ਇਹਨਾਂ ਮੌਕਿਆਂ ਨੂੰ ਇੱਕ ਸੁਨਹਿਰੀ ਮੌਕਾ ਸਮਝ ਕੇ ਵਰਤ ਰਹੀਆਂ ਹਨ ਅਤੇ ਮੁੰਡੇ ਅਜੇ ਵੀ ਪੜ੍ਹਾਈ ਦੇ ਇਸ ਸਮੇਂ ਨੂੰ ਸਿਰਫ ਟਾਈਮ ਪਾਸ ਵਾਲਾ ਮੌਕਾ ਸਮਝ ਕੇ ਮੌਜ ਮਸਤੀ ਕਰ ਰਹੇ ਹਨ।
ਇੰਜੀ: ਗੁਰਿੰਦਰਪਾਲ ਸਿੰਘ ਬਾਠ 
ਡਾ. ਤੇਜਿੰਦਰ ਕੌਰ ਧਾਲੀਵਾਲ 
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10ਵੀਂ ਸ਼੍ਰੇਣੀ ਮਾਰਚ-2015 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬੋਰਡ ਦੀ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਅਤੇ ਬੋਰਡ ਸਕੱਤਰ ਇੰਜੀ: ਗੁਰਿੰਦਰਪਾਲ ਸਿੰਘ ਬਾਠ ਵੱਲੋਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨ ਦਿੱਤਾ ਗਿਆ। ਇਸ ਮੌਕੇ ਬੋਰਡ ਦੇ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਇਸ ਵਾਰ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਵਾਲੇ ਪ੍ਰੀਖਿਆਰਥੀਆਂ ਦੀ ਮੈਰਿਟ ਸੂਚੀ ਵੱਖਰੀ ਅਤੇ ਖਿਡਾਰੀਆਂ ਨੂੰ ਮਿਲੇ ਵਿਸ਼ੇਸ਼ ਅੰਕ ਵਾਲੇ ਪ੍ਰੀਖਿਆਰਥੀਆਂ ਦੀ ਵੱਖਰੀ ਮੈਰਿਟ ਸੂਚੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਤੌਰ 'ਤੇ ਅੱਵਲ ਰਹਿਣ ਵਾਲੇ ਪ੍ਰੀਖਿਆਰਥੀ ਨੂੰ ਹੀ ਅੱਵਲ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ 'ਚ ਇਸ ਵਾਰ ਸਰਵ ਹਿੱਤਕਾਰੀ ਵਿੱਦਿਆ ਮੰਦਿਰ ਤਪਾ (ਬਰਨਾਲਾ) ਦੀ ਨਿਤਾਸ਼ਾ ਅਗਰਵਾਲ ਰੋਲ ਨੰਬਰ 1015500105 ਨੇ ਬਾਜ਼ੀ ਮਾਰਦਿਆਂ 644 ਅੰਕ (99.08 ਫੀਸਦੀ ਅੰਕ) ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਵਾਲ (ਹੁਸ਼ਿਆਰਪੁਰ) ਦੀ ਵਿਦਿਆਰਥਣ ਨੈਨਸੀ ਭਡਿਆਰ ਰੋਲ ਨੰਬਰ 1015600989 ਨੇ 643 ਅੰਕ (98.92 ਫੀਸਦੀ) ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ, ਜਦਕਿ ਤੀਜੇ ਸਥਾਨ 'ਤੇ ਐੱਸ. ਐੱਸ. ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ (ਫਿਰੋਜਪੁਰ) ਦੀ ਵਿਦਿਆਰਥਣ ਹਰਮਨਦੀਪ ਕੌਰ ਰੋਲ ਨੰਬਰ 1015224645 ਨੇ 642 ਅੰਕ (98.77 ਫੀਸਦੀ) ਹਾਸਿਲ ਕਰਕੇ ਤੀਜੇ ਸਥਾਨ ਹਾਸਿਲ ਕੀਤਾ ਹੈ। 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 'ਚ ਕੁੱਲ 3,79,099 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,49,325 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 65.76 ਫੀਸਦੀ ਰਹੀ। ਇਸ ਪ੍ਰੀਖਿਆ 'ਚ 87,578 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ ਅਤੇ 41,986 ਪ੍ਰੀਖਿਆਰਥੀ ਫੇਲ੍ਹ ਹੋਏ ਹਨ। ਇਸ ਵਾਰ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2015 ਵਿਚ ਕੁੱਲ 3,53,327 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,42,406 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.61 ਫੀਸਦੀ ਰਹੀ ਹੈ। ਇਸੇ ਤਰ੍ਹਾਂ 10ਵੀਂ ਸ਼੍ਰੇਣੀ ਦੀ ਓਪਨ ਸਕੂਲ ਪ੍ਰੀਖਿਆ ਮਾਰਚ 2015 ਵਿਚ ਕੁੱਲ 25,772 ਓਪਨ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 6,919 ਪ੍ਰੀਖਿਆਰਥੀਆਂ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 26.85 ਫੀਸਦੀ ਰਹੀ।
ਅੱਜ ਸ਼ਾਮੀ ਸਾਢੇ ਕੁ ਚਾਰ ਵਜੇ ਜਿਊਂ ਹੀ ਰਿਜ਼ਲਟ ਆਉਣ ਬਾਰੇ ਪਤਾ ਲੱਗਿਆ ਤਾਂ ਮੁੰਡੇ ਕੁੜੀਆਂ ਕੰਪਿਊਟਰ ਦੁਆਲੇ ਹੋ ਗਏ।  ਬੋਰਡ ਨੇ ਸਭ ਤੋਂ ਪਹਿਲਾਂ ਮੈਰਿਟ ਵਾਲੀਆਂ ਤਿੰਨ ਟੋਪਰ ਕੁੜੀਆਂ ਦੇ ਨਾਮ ਐਲਾਨੇ।  ਉਸ ਤੋਂ ਬਾਅਦ ਪ੍ਰੋਵੀਯਨਲ ਮੈਰਿਟ ਵਾਲੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਗਿਆ। ਕੁੜੀਆਂ ਦੀ ਪਾਸ ਪ੍ਰਤਿਸ਼ਤ ਇਸ ਵਾਰ 73.08 ਰਹੀ ਜਦਕਿ ਮੁੰਡੇ 60.19 % ਤੇ ਰਹੇ।  ਸ਼ਹਿਰੀ ਵਿਦਿਆਰਥੀਆਂ ਦੀ ਪਾਸ ਪ੍ਰਤਿਸ਼ਤ ਦਰ 66.29 % ਅਤੇ ਦੇਹਾਤੀ ਵਿਦਿਆਰਥੀਆਂ ਦੀ 65.49 % ਰਹੀ। 


No comments: