Tuesday, May 26, 2015

ਪੰਜਾਬੀ ਵਿਰੋਧੀ ਸਕੂਲਾਂ ਵਿਰੁੱਧ ਧਰਨੇ ਦੇਣ ਦਾ ਜੋਸ਼ੀਲਾ ਫੈਸਲਾ

Tue, May 26, 2015 at 3:29 PM
ਦੂਜੀ ਭਾਸ਼ਾ ਕਨਵੈਨਸ਼ਨ ਹੋਵੇਗੀ ਲੁਧਿਆਣਾ ਵਿਚ
ਪੰਜਾਬ ਸਕਰੀਨ ਬਿਊਰੋ 
ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਨੇ ਉਨ੍ਹਾਂ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਵਿਰੁੱਧ ਜੁਲਾਈ ਦੇ ਤੀਜੇ ਹਫ਼ਤੇ ਵਿਚ ਰੋਸ ਧਰਨੇ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਵਿਚ 2008 ਦੇ ਰਾਜ ਭਾਸ਼ਾ (ਸੋਧ) ਕਾਨੂੰਨ ਦੀ ਧਾਰਾ ਦੇ ਅਨੁਸਾਰ ਪਹਿਲੀ ਤੋਂ ਦਸਵੀਂ ਤੱਕ ਅਜੇ ਵੀ ਪੰਜਾਬੀ ਨੂੰ ਇਕ ਵਿਸ਼ੇ ਵਜੋਂ ਲਾਗੂ ਨਹੀਂ ਕੀਤਾ ਗਿਆ।  ਇਨ੍ਹਾਂ ਧਰਨਿਆਂ ਦੀ ਮੁੱਖ ਮੰਗ ਇਹ ਹੋਵੇਗੀ ਕਿ ਪੰਜਾਬ ਦੀ ਧਰਤੀ ’ਤੇ ਖੁਲੇ੍ਹ ਕਿਸੇ ਵੀ ਸਕੂਲ ਵਿਚ ਪੰਜਾਬੀ ਬੋਲਣ ’ਤੇ ਪਾਬੰਦੀ ਨਾ ਲਾਈ ਜਾਵੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ।  ਇਹ ਫੈਸਲਾ ਅੱਜ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦੀ ਡਾ. ਜੋਗਿੰਦਰ ਸਿੰਘ ਪੁਆਰ, ਸਾਬਕਾ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।  ਇਸ ਮੀਟਿੰਗ ਵਿਚ ਡਾ. ਅਨੂਪ ਸਿੰਘ ਕਨਵੀਨਰ ਤੋਂ ਇਲਾਵਾ ਡਾ. ਕਰਮਜੀਤ ਸਿੰਘ, ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਸ੍ਰੀ ਪਵਨ ਹਰਚੰਦਪੁਰੀ, ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਸੰਧੂ ਵਰਿਆਣਵੀ, ਸ਼ਾਇਰ ਭੁਪਿੰਦਰ ਸਿੰਘ, ਸ਼ਾਇਰ ਰਜਿੰਦਰ ਪ੍ਰਦੇਸੀ ਅਤੇ ਬਲਦੇਵ ਸਿੰਘ ਹਾਜ਼ਰ ਸਨ।  ਇਸ ਮੀਟਿੰਗ ਵਿਚ 10 ਮਈ ਜਲੰਧਰ ਭਾਸ਼ਾ ਕਨਵੈਨਸ਼ਨ ਦਾ ਰਿਵੀਊ ਵੀ ਕੀਤਾ ਗਿਆ ਅਤੇ ਇਸ ਕਨਵੈਨਸ਼ਨ ਦੇ ਸਮੁੱਚੇ ਪ੍ਰਭਾਵਾਂ ਤੇ ਤਸੱਲੀ ਪ੍ਰਗਟ ਕੀਤੀ ਗਈ।  ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਸਤ ਜਾਂ ਸਤੰਬਰ ਮਹੀਨੇ ਵਿਚ ਪੰਜਾਬੀ ਭਵਨ ਲੁਧਿਆਣਾ ਵਿਚ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵਲੋਂ ਦੂਜੀ ਭਾਸ਼ਾ ਕਨਵੈਨਸ਼ਨ ਕੀਤੀ ਜਾਵੇਗੀ।

No comments: