Sunday, May 03, 2015

ਸੋਸ਼ਲ ਮੀਡੀਆ 'ਤੇ ਲਗਾਤਾਰ ਜਾਰੀ ਹੈ ਮੋਗਾ ਕਾਂਡ ਵਿਰੁਧ ਰੋਹ ਦੀ ਲਹਿਰ

[5/3/2015, 22:10] Harbhinder Singh: (ਮੋਘਾ ਕਾਂਡ- 
ਵਟਸਐਪ ਦੇ ਗਰੁੱਪ ਸਿੱਖ ਵਰਲਡ ਵਿੱਚ ਪੋਸਟ ਹੋਈ ਨਜ਼ਮ 
ਸਚ ਬੋਲਣ ਦੇ ਮਾਮਲੇ ਵਿੱਚ ਰਵਾਇਤੀ ਮੀਡੀਆ ਨੂੰ ਨਵੀਆਂ ਚੁਨੌਤੀਆਂ ਦੇਂਦਾ ਸੋਸ਼ਲ ਮੀਡੀਆ ਲਗਾਤਾਰ ਹਰਮਨ ਪਿਆਰਾ ਹੋ ਰਿਹਾ ਹੈ। ਇਸ ਨੇ ਨਵੀਆਂ ਕਲਮਾਂ ਅਤੇ ਨਵੇਂ ਅੰਦਾਜ਼ ਪੈਦਾ ਕੀਤੇ ਹਨ। ਵਟਸਐਪ ਨੇ ਇਸ ਵਿੱਚ ਇੱਕ ਨਵੀਂ ਜਾਨ ਪਾਈ ਹੈ। ਮੋਗਾ ਵਿੱਚ ਜਿਸਤਰਾਂ 13 ਸਾਲਾਂ ਦੀ ਇੱਕ  ਕੁੜੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਉਸ ਨੇ ਪੰਜਾਬ ਵਿੱਚ ਆ ਰਹੇ ਨਿਘਾਰਾਂ ਦਾ ਕਰੂਪ ਚੇਹਰਾ ਅੱਖਾਂ ਅੱਗੇ ਲਿਆਂਦਾ ਹੈ। ਇਸ ਘਟਨਾ ਤੋਂ  ਬਾਅਦ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ। ਨਿਰਲੱਜ ਹੋਏ ਲੀਡਰਾਂ ਨੇ ਇਸਨੂੰ ਰੱਬੀ ਭਾਣਾ ਆਖਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਵਟਸਐਪ 'ਤੇ ਸਰਗਰਮ ਇੱਕ ਗਰੁੱਪ ਸਿੱਖ ਵਰਲਡ ਵਿੱਚ ਗਰੁੱਪ ਦੇ ਐਡਮਿਨ ਹਰਭਿੰਦਰ ਸਿੰਘ ਨੇ ਇੱਕ ਨਜ਼ਮ ਪੋਸਟ ਕੀਤੀ ਹੈ। ਲਓ ਤੁਸੀਂ ਵੀ ਪੜ੍ਹੋ। ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। 
ਧੀ ਦੀ ਮਾਂ ਨੂੰ ਆਵਾਜ
1.
ਕੁੱਤਿਆਂ ਦਾ ਵੱਗ,
ਦੂਜੀ ਭੀੜ ਲਾਈਲੱਗ..
ਮੈਂ ਚੁੰਨੀਆਂ ਤੋਂ ਹੁੰਦੀਆਂ ਨੇ ਇੱਥੇ ਲੀਰਾਂ ਦੇਖੀਆਂ..
ਮੈਂ ਮਰਨ ਤੋਂ ਪਹਿਲਾਂ,
ਬੱਸ ਵਿੱਚ ਬੇਵੱਸ,
ਮਰੀਆਂ ਉਹ ਅੱਖੀ ਸੀ ਜਮੀਰਾਂ ਦੇਖੀਆਂ..
2.
ਪਹਿਲਾਂ ਕੁੱਖ ਚੋ ਬਚਾਕੇ,
ਫਿਰ ਜੱਗ ਤੋਂ ਬਚਾਕੇ..
ਮਾਂ ਕਿਥੇ ਕਿਥੇ ਮੈਨੂ ਤੂੰ ਨਾਲ ਰੱਖ ਲੈਦੀ.
ਮੇਰੀ ਚੁੰਨੀ ਤੇ ਤੂੰ ਦਾਗ,
ਮੇਰੇ ਚਿਹਰੇ ਤੇ ਤੇਜਾਬ,
ਮਾਂ ਕਿੱਥੇ ਕਿੱਥੇ ਮੇਰਾ ਤੂੰ ਖਿਆਲ ਰੱਖ ਲੈਦੀ.
ਮੇਰੇ ਫਿਕਰਾਂ ਚ ਮਾਏ,
ਤੇਰੇ ਮੱਥੇ ਉਤੇ ਪਈਆਂ ਮੈਂ ਉਹ ਲਕੀਰਾਂ ਦੇਖੀਆਂ..
ਮੈਂ ਮਰਨ ਤੋਂ....
3.
ਮੇਰੀ ਉਮਰ ਨਿਆਣੀ,
ਤੇ 'ਤੂੰ ਉਮਰੋ ਸਿਆਣੀ..
ਅੰਨੇ ਹਵਸ ਦੇ ਭੁੱਖੇ ਉਹ ਭੈੜਾ ਤੱਕਦੇ ਰਹੇ. 
ਲੋਕਾਂ ਦੀ ਜੁਬਾਨ,
ਕਿਉ ਹੋਈ ਬੇਜੁਬਾਨ..
ਜਦ ਜਾਣ ਜਾਣ ਉਹ ਤਾਅਨੇ ਕੱਸਦੇ ਰਹੇ..
ਇੰਝ ਲੱਗਦਾ ਏ ਸਾਇਦ,
ਉਹਨਾਂ ਆਪਣੇ ਘਰਾਂ ਚ ਨਾ ਜਵਾਨ "ਹੀਰਾਂ" ਦੇਖੀਆਂ..
ਮੈ ਮਰਨ..
4.
ਇੱਕ ਲੀਡਰੀ ਦੀ ਸੈਹ..
ਦੂਜਾ ਗੁੰਡਿਆਂ ਦਾ ਭੈਅ..
ਜਦ ਤੱਕ ਦੋਵੇਂ 'ਕੱਠੇ ਇਹਨਾਂ ਪੱਤ ਲੁੱਟਣੀ..
ਚਲ ਛੱਡ ,
ਲੋਕੀਂ ਰਹਿੰਦੇ ਜਿੱਥੇ ਰਹਿਣ,
ਇੰਝ ਆਖਕੇ ਕਦੇ ਨਾ ਇਹ ਬਾਤ ਮੁੱਕਣੀ.
ਉਹਤੋਂ ਰੱਖਣੀ ਕੀ 'ਮੀਦ
ਜੀਹਨੇ ਨੰਨੀ ਛਾਂ ਦੇ ਨਾਹਰੇ ਦੇਕੇ ਤਸਵੀਰਾਂ ਵੇਚੀਆਂ..
ਮੈਂ ਮਰਨ ਤੋਂ ਪਹਿਲਾਂ,
ਬੱਸ ਵਿੱਚ ਬੇਵੱਸ,
ਮਰੀਆਂ ਉਹ ਅੱਖੀ ਸੀ ਜਮੀਰਾਂ ਦੇਖੀਆਂ..

No comments: