Wednesday, May 20, 2015

ਪੰਜਾਬੀ ਭਵਨ ਲੁਧਿਆਣਾ 'ਚ ਹੋਈ ਪੰਜਾਬੀ ਗਜਲ ਮੰਚ ਪੰਜਾਬ ਦੀ ਇਕੱਤਰਤਾ

Wed, May 20, 2015 at 7:27 PM
ਸਰਦਾਰ ਪੰਛੀ ਤੇ ਰਜਿੰਦਰ ਪਰਦੇਸੀ ਹੁਰਾਂ ਦੀ ਪ੍ਰਧਾਨਗੀ 'ਚ ਮੁਸ਼ਾਇਰਾ
ਲੁਧਿਆਣਾ: 20 ਮਈ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿਸਟਰਡ) ਫਿਲ਼ੌਰ ਦੀ ਇੱਕਤਰਤਾ ਉਸਤਾਦ ਸ਼ਾਇਰ ਜਨਾਬ ਸਰਦਾਰ ਪੰਛੀ ਤੇ ਸ਼੍ਰੀ ਰਜਿੰਦਰ ਪਰਦੇਸੀ ਹੁਰਾਂ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ- ਜਨਾਬ ਸੁਰਿੰਦਰ ਸਿੰਘ ਕੈਨੇਡਾ। ਪ੍ਰੋਗਰਾਮ ਦਾ ਆਰੰਭ ਤਰਲੋਚਨ ਝਾਂਡੇ ਦੀ ਕਵਿਤਾ (ਭਾਰ ਮੁਕਤ) ਨਾਲ ਹੋਇਆ। ਹਰਬੰਸ ਮਾਲਵਾ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਇੰਜੀਨੀਅਰ ਸੁਰਜਨ ਸਿੰਘ ਹੁਣਾਂ ਨੂੰ ਸੱਦਾ ਦਿੱਤਾ। ਜਿਨ੍ਹਾਂ ਆਪਣੀ ਕਵਿਤਾ (ਓਟ ਆਸਰਾ) ਸੁਣਾਈ। ਤਰਸੇਮ ਨੂਰ ਹੁਣਾਂ ਦੀ ਗਜ਼ਲ ਦਾ ਇਹ ਸ਼ਿਅਰ “ਜਿਹੜੇ ਬੱਚੇ ਬਜ਼ੁਰਗਾਂ ਨਾਲ ਬੈਠੇ, ਵਿਰਾਸਤ ਆਪਣੀ ਸੰਭਾਲ ਬੈਠੇ” ਨੂੰ ਵਾਰ-ਵਾਰ ਸੁਣਿਆ ਗਿਆ। ਇਸ ਤੋਂ ਬਾਅਦ ਕੁਲਵਿੰਦਰ ਕਿਰਨ ਦਾ ਸ਼ਿਅਰ “ਕੌਣ ਕਹਿੰਦਾ ਹੈ ਕਿ ਕੁਝ ਨਹੀਂ ਮਿਲਿਆ, ਮੈਨੂੰ ਪਿਆਰ ’ਚੋਂ ਯਾਦਾਂ ਦੀ ਇਕ ਪੋਟਲੀ ਉਹ ਨਾਮ ਮੇਰੇ ਕਰ ਗਿਆ” ਵੀ ਕਾਫੀ ਦਾਦ ਲੈ ਗਿਆ। ਜਾਗੀਰ ਸਿੰਘ ਪ੍ਰੀਤ ਹੁਣਾਂ ਆਪਣੀ ਗ਼ਜ਼ਲ ਰਾਹੀਂ ਕੁੜੀਆਂ ਦਾ ਦਰਦ ਇਉਂ ਪੇਸ਼ ਕੀਤਾ-“ਬਾਬਲ ਜਾਈਆਂ ਤੁਰ ਗਈਆਂ ਜੋ ਸਹੁਰੇ ਘਰ, ਕਦੇ ਕਦਾਈਂ ਸਾਉਣ ਮਹੀਨੇ ਆਉਣਗੀਆਂ” ਕੈਨੇਡਾ ਤੋਂ ਆਏ ਸੁਰਿੰਦਰ ਸਿੰਘ  ਹੋਰਾਂ ਦੀ ਪੁਰਸੋਜ਼ ਆਵਾਜ਼ ਸੀ-“ਕੋਸ਼ਿਸ਼ ਤਾਂ ਕੀਤੀ ਹੈ-ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਹੈ’’ ਨੇ ਕਾਫੀ ਤਾੜੀਆਂ ਬਟੋਰੀਆਂ। ਹਰਬੰਸ ਮਾਲਵਾ ਦੇ ਗੀਤ-ਵਾਅਦੇ ਕਿਉਂ ਕਰਾਂ-ਤੋਂ ਬਾਅਦ ਰਜਿੰਦਰ ਪਰਦੇਸੀ ਦੀ ਗਜ਼ਲ ਸੀ-‘‘ਇਮਾਨਦਾਰਾਂ ਪਾਲੀ ਇਹ ਬੇਇਮਾਨ ਕੈਂਚੀ, ਜੀਵਨ ਤੇ ਮੌਤ ਦੇ ਹੈ ਬਸ ਦਰਮਿਆਨ ਕੈਂਚੀ’’। ਉਸਤਾਦ ਸ਼ਾਇਰ ਸਰਦਾਰ ਪੰਛੀ ਹੁਣਾਂ ਦੀ ਗਜ਼ਲ ਨੇ ਚੰਗਾ ਰੰਗ ਬੰਨ੍ਹਿਆ-‘‘ਬਹੁਤ ਵਾਰ ਦੇਖੀ ਹੈਂ ਮਜ਼ਬੂਰ ਆਖੇਂ,ਕਭੀ ਪਾਸ ਆਖੇਂ ਕਭੀ ਦੂਰ ਆਖੇਂ’’। ਇਕੱਤਰਤਾ ਦੀ ਸ਼ੋਭਾ ਵਧਾਉਣ ਵਾਲਿਆਂ ਵਿੱਚ ਸਰਵ ਸ੍ਰੀ ਬਲਕੌਰ ਸਿੰਘ ਗਿੱਲ, ਯਸ਼ਪ੍ਰੀਤ ਸਿੰਘ, ਸਰਵਜੀਤ ਸਿੰਘ ਵਿਰਦੀ, ਗਾਇਕ ਜਸਬੀਰ ਜੱਸ ਆਦਿ ਹਾਜ਼ਰ ਸਨ। ਮੀਟਿੰਗ ਦੇ ਅੰਤ ਵਿੱਚ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਾਗੀਰ ਸਿੰਘ ਪ੍ਰੀਤ ਨੇ ਆਏ ਸਾਰੇ ਸ਼ਾਇਰਾਂ/ਮਹਿਮਾਨਾਂ ਦਾ ਧੰਨਵਾਦ ਕੀਤਾ । -ਕੁਲਵਿੰਦਰ ਕਿਰਨ 

No comments: