Monday, May 18, 2015

*ਨਸ਼ੇ ਨੂੰ ਠੱਲ੍ਹ ਪਾਉਣ ਲਈ ਸਮਾਜਿਕ ਚੇਤਨਾ ਦੀ ਲੋੜ-ਵਿਨੀਤ ਜੋਸ਼ੀ

ਨਸ਼ੇ ਦੀ ਲਾਹਨਤ ਮਾਮਲੇ ’ਤੇ ਗਹਿਰਾਈ ’ਚ ਵਿਚਾਰ ਕਰਨ ਦੀ ਲੋੜ-ਖੰਨਾ
ਖੰਨਾ:18 ਮਈ 2015:: (PRD//ਪੰਜਾਬ ਸਕਰੀਨ ਬਿਊਰੋ):
ਜੋਸ਼ੀ ਫਾਊਡੇਸ਼ਨ ਵੱਲੋਂ ਨਸ਼ੇ ਦੀ ਲਾਹਨਤ ਵਿਰੁੱਧ ਵਿੱਢੀ ਸੂਬਾ ਪੱਧਰੀ ਚੇਤਨਾ ਮੁਹਿੰਮ ਤਹਿਤ ਅੱਜ ਸਥਾਨਕ ਰੈਸਟੋਰੈਂਟ ਵਿਖੇ ਨਸ਼ਾ ਸਮਾਜ ਲਈ ਚੁਣੌਤੀ ਵਿਸ਼ੇ ’ਤੇ ਇੱਕ ਰਾਊਂਡ ਟੇਬਲ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਇੱਕ ਸੁਰ ਵਿੱਚ ਇਹ ਸੱਦਾ ਦਿੱਤਾ ਕਿ ਨਸ਼ੇ ਦੀ ਸੁਖਾਲੀ ਉਪਲਭਤਾ ਨੂੰ ਠੱਲ੍ਹ ਪਾ ਕੇ ਹੀ ਇਸ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ। ਵੱਖ-ਵੱਖ ਬੁਲਾਰਿਆਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਇਸ ਲਾਹਨਤ ਤੋਂ ਰੋਕਣ ਲਈ ਜਿੱਥੇ ਮਾਪਿਆਂ ਨੂੰ ਸੰਜੀਦਗੀ ਨਾਲ ਕਦਮ ਚੁੱਕਣੇ ਜਰੂਰੀ ਹਨ, ਉੱਥੇ ਹੀ ਅਧਿਆਪਕ ਵਰਗ ਨੂੰ ਵੀ ਵਿਦਿਆਰਥੀਆਂ ਵਿੱਚ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ।
ਅੱਜ ਦੀ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਅਤੇ ਫਾਊਡੇਸ਼ਨ ਦੇ ਮੋਢੀ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਸ਼ੇ ਦੀ ਲਾਹਨਤ ਨੂੰ ਰੋਕਣ ਲਈ ਇਸ ਮਸਲੇ ਨੂੰ ਗਹਿਰਾਈ ਨਾਲ ਦੇਖਿਆ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦਿ ਵਿਅਕਤੀ ਨੂੰ ਦੋਸ਼ੀ ਮੰਨਣ ਦੀ ਥਾਂ ਰੋਗੀ ਵਜੋਂ ਦੇਖਿਆ ਜਾਵੇ ਅਤੇ ਉਸ ਪ੍ਰਤੀ ਨਰਮਾਈ ਵਾਲਾ ਵਰਤਾਓ ਕੀਤਾ ਜਾਵੇ। ਫਾਊਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਨਸ਼ੇ ਸਮੇਤ ਕਿਸੇ ਵੀ ਬੁਰਾਈ ਨੂੰ ਰੋਕਣ ਲਈ ਸਮਾਜਿਕ ਚੇਤਨਾ ਲਹਿਰ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਦੇ ਵੀ ਸਮਾਜਿਕ ਪਰਿਵਰਤਨ ਨਹੀਂ ਲਿਆ ਸਕਦੇ ਇਸ ਲਈ ਸਮਾਜਿਕ ਲਹਿਰ ਬਣਾਏ ਜਾਣ ਦੀ ਲੋੜ ਹੈ।
ਬੁਲਾਰਿਆਂ ਦਾ ਮੰਨਣਾ ਸੀ ਕਿ ਪੁਲਿਸ, ਮੀਡੀਆ ਅਤੇ ਸਮਾਜ ਨਸ਼ੇ ਦੇ ਆਦੀਆਂ ਨੂੰ ਨਕਾਰ ਕੇ ਵਿਗਾੜਣ ਦੇ ਯਤਨ ਕਰਨ ਦੀ ਬਜਾਏ ਅਜਿਹੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਸਹੀ ਰਸਤੇ ’ਤੇ ਲੈ ਕੇ ਆਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬੱਚਿਆਂ ਨੂੰ ਸਕੂਲ ਪੱਧਰ ’ਤੇ ਨੰਬਰਾਂ ਦੀ ਦੌੜ ਵਿੱਚ ਨਾ ਫਸਾ ਕੇ ਮਾਪੇ ਬੱਚੇ ਦੀਆਂ ਰੋਜਾਨਾ ਗਤੀਵਿਧੀਆਂ ’ਤੇ ਸਿੱਧੀ ਨਜ਼ਰ ਰੱਖੇ ਤਾਂ ਬੱਚੇ ਨੂੰ ਅਜਿਹੀ ਕਿਸੇ ਲਾਹਨਤ ਦਾ ਆਦੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੁਲਾਰਿਆਂ ਮੁਤਾਬਿਕ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰ. ਬਿਕਰਮਜੀਤ ਸਿੰਘ ਚੀਮਾ, ਸ੍ਰ. ਰਣਜੀਤ ਸਿੰਘ ਹੀਰਾ ਜਨਰਲ ਸਕੱਤਰ ਭਾਜਪਾ, ਸੇਵਾ ਫਾੳੂਂਡੇਸ਼ਨ ਦੇ ਸ੍ਰੀ ਅਨੁਜ ਛਾਹੜੀਆ ਆਦਿ ਨੇ ਵੀ ਸੰਬੋਧਨ ਕੀਤਾ। 
---ਸੰਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਹਨ ਜੀ---

No comments: