Friday, May 01, 2015

ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦੇ ਨਾਲ ਨਾਲ ਸਭਨਾਂ ਲਈ ਅਰਥਿਕ ਵਿਕਾਸ

ਮਈ ਦਿਵਸ ਤੇ ਕਾਮਿਆਂ ਨੇ ਧਰਮ ਨਿਰਪੱਖਤਾ ਦੀ ਰਾਖੀ ਕਰਨ ਦਾ ਪ੍ਰਣ ਵੀ ਦੁਹਰਾਇਆ
ਏਟਕ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਕੀਤੀਆਂ ਦਿਲ 'ਚ ਉਤਰਦੀਆਂ ਗੱਲਾਂ 
ਲੁਧਿਆਣਾ: 1 ਮਈ 2015; (ਪੰਜਾਬ ਸਕਰੀਨ ਟੀਮ):
ਕਾਮੇ ਨਾ ਕੇਵਲ ਆਪਣੇ ਹੱਕਾਂ ਦੇ ਲਈ ਸੰਘਰਸ਼ ਜਾਰੀ ਰੱਖਣਗੇ ਬਲਕਿ ਇਸਦੇ ਨਾਲ ਦੇਸ਼ ਦੇ ਵਿਕਾਸ ਨੂੰ ਸਭਨਾ ਦੇ ਲਈ ਯਕੀਨੀ ਬਨਾਉਣ ਅਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਅਤੇ ਲੋਕਤੰਤਰ ਦੀ ਰਾਖੀ ਦੇ ਲਈ ਲਾਮਬੰਦੀ ਕਰਦੇ ਰਹਿਣਗੇ, ਕਿੳਂਕਿ ਭਾਜਪਾ ਸਰਕਾਰ ਨੇ ਤਾਂ ਮੁਲਕ ਨੂੰ ਵਿਦੇਸ਼ੀ ਅਤੇ ਦੇਸੀ ਵੱਡੇ ਪੂੰਜੀਪਤੀ ਘਰਾਣਿਆਂ ਦੇ ਕੋਲ ਗਹਿਣੇ ਰੱਖ ਦਿੱਤਾ ਹੈ ਅਤੇ ਫ਼ਿਰਕੂ ਲੀਹਾਂ ਤੇ ਲੋਕਾਂ ਨੂੰ ਵੰਡਣ ਦੀਆਂ ਕੁਚਾਲਾਂ ਕਰ ਰਹੀ ਹੈ। ਇਹ ਗੱਲ ਮਈ ਦਿਵਸ ਦੇ ਮੌਕੇ ਅੱਜ ਇੱਥੇ ਬੱਸ ਅੱਡੇ ਤੇ ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਪਟਾਕਾ ਗ੍ਰਾਊਂਡ, ਦਾਣਾ ਮੰਡੀ ਵਿਖੇ ਹੌਜ਼ਰੀ ਵਰਕਰਜ਼ ਯੂਨੀਅਨ ਵਲੋਂ ਜੱਥੇਬੰਦ ਜਨਤਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ (ਏਟਕ) ਦੀ ਕੌਮੀ ਸਕੱਤਰ ਕਾ ਅਮਰਜੀਤ ਕੌਰ ਨੇ ਕਹੀ। 
ਉਹਨਾਂ ਨੇ ਯਾਦ ਕਰਾਇਆ ਕੇ ਦੇਸ਼ ਦੇ ਅਜ਼ਾਦੀ ਦੇ ਸੰਗਰਾਮ ਵਿੱਚ ਮਜ਼ਦੂਰਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਅਤੇ ਬਾਅਦ ਵਿੱਚ ਦੇਸ਼ ਦੇ ਨਿਰਮਾਣ ਵਿੱਚ ਭਰਪੂਰ ਯੋਗਦਾਨ ਪਾਇਆ। ਇਸਦੇ ਨਾਲ ਹੀ ਉਹਨਾ ਨੇ ਆਪਣੇ ਜਾਇਜ਼ ਹੱਕਾਂ ਜਿਵੇਂ ਕਿ ੮ ਘੰਟੇ ਦਾ ਕੰਮ, ਨੌਕਰੀ ਦੀ ਸੁਰੱਖਿਆ, ਪ੍ਰਾਵੀਡੈਂਟ ਫ਼ੰਡ, ਮੈਡੀਕਲ ਸਹੂਲਤਾਂ, ਘੱਟੋ ਘੱਟ ਵੇਤਨ, ਯੂਨੀਅਨ ਬਨਾਉਣ ਦਾ ਅਧਿਕਾਰ, ਮਹਿੰਗਾਈ ਦੇ ਨਾਲ ਉਜਰਤ ਵਿੱਚ ਵਾਧਾ ਆਦਿ ਦੇ ਲਈ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਨਾਲ ਹੀ ਸਮਾਜ ਦੇ ਲੋਕਾਂ ਦੇ ਸਮੁੱਚੇ ਵਿਕਾਸ ਨੂੰ ਵਿਸ਼ੇਸ਼ ਕਰ ਮਜ਼ਦੂਰਾਂ ਤੇ ਮੱਧਮ ਵਰਗ ਦੇ ਲਈ ਦੇਸ਼ ਦੀ ਧਰੋਹਰ ਜਿਵੇਂ ਕਿ ਰੇਲਵੇ, ਬੈਂਕਾਂ, ਕੋਇਲਾ ਤੇ ਲੋਹੇ ਦੀਆਂ ਖਾਨਾ, ਬੀਮਾ  ਖੇਤਰ, ਟਰਾਂਸਪੋਰਟ, ਟੈਲੀਕਾਮ ਖੇਤਰ ਆਦਿ ਦੇ ਰਾਸ਼ਟਰੀਕਰਨ ਦੇ ਲਈ ਸਿਰਤੋੜ ਜੱਦੋ ਜਹਿਦ ਕੀਤੀ। ਪਰ ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਅਦ ਇੱਕ ਇੱਕ ਕਰ ਕੇ ਇਹ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕੇ ਅਸਲ ਵਿੱਚ ਉੱਚ ਧਨੀ ਵਰਗ ਦੇ ਹੱਕ ਵਿੱਚ ਹਨ, ਇਸਦੀ ਜੀੳਂਦੀ ਜਾਗਦੀ ਮਿਸਾਲ ਹਨ। 
ਸਰਕਾਰੀ ਖੇਤਰ ਨੂੰ ਬੜੇ ਗਿਣੇ ਮਿੱਥੇ ਢੰਗ ਦੇ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਵੀ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ (ਠੇਕੇ ਤੇ ਦੇ ਕੇ)  ਮਜ਼ਦੂਰਾਂ ਨੂੰ  ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ੳੁੱਥੇ ਉਹਨਾ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਨਿਰਯਾਤ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ੳਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। 
ਪੰਜਾਬ ਦੇ ਏਟਕ ਦੇ ਪ੍ਰਧਾਨ ਕਾ ਬੰਤ ਸਿੰਘ ਬਰਾੜ ਨੇ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ।ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਹੱਕ ਦਿਵਾੳਣ ਦੇ ਲਈ ਲੇਬਰ ਮਹਿਕਮੇ ਨੂੰ ਸਹੀ ਢੰਗ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਨਵੀਂ ਪੈਨਸ਼ਨ ਨੀਤੀ ਖਤਮ ਕਰ ਕੇ ਪੁਰਾਣੀ ਲਾਗੂ ਕਰਨੀ ਚਾਹੀਦੀ ਹੈ। 

ਬੱਸ ਅੱਡਾ ਤੇ ਰੈਲੀ ਨੂੰ ਏਟਕ ਦੇ ਸ਼ਹਿਰੀ ਸਕੱਤਰ ਕਾ ਓ ਪੀ ਮਹਿਤਾ, ਕਾ ਡੀ ਪੀ ਮੌੜ, ਕਾ ਰਮੇਸ਼ ਰਤਨ - ਸ਼ਹਿਰੀ ਸਕੱਤਰ ਭਾ ਕ ਪਾ, ਬਿਜਲੀ ਬੋਰਡ ਆਗੂ ਕਾ ਗੁਰਨਾਮ ਗਿੱਲ, ਕਾ ਪਰਦੀਪ ਸਿੰਘ, ਕਾ ਮਨਜੀਤ ਸਿੰਘ ਗਿੱਲ-ਰੋਡਵੇਜ਼ ਤੋਂ, ਕਾ ਵਿਜੈ ਕੁਮਾਰ-ਸਫ਼ਾਈ ਲੇਬਰ ਯੂਨੀਅਨ ਨਗਰ ਨਿਗਮ, ਪੰਜਾਬ ਬੈਂਕ ਇੰਮਪਲਾਈਜ਼ ਫ਼ੈਡਰੇਸ਼ਨ ਦੇ ਸਕੱਤਰ ਕਾ ਨਰੇਸ਼ ਗੌੜ, ਕਾ ਚਰਨ ਸਰਾਭਾ, ਕਾ ਰਮਨਦੀਪ ਕੌਰ- ਈ ਐਸ ਆਈ, ਕਾ ਗੁਰਨਾਮ ਸਿੰਘ ਸਿਧੂ, ਪੀ ਏ ਯੂ ਵਲੋਂ ਬਲਦੇਵ ਸਿੰਘ ਵਾਲੀਆ, ਮਿਸਤ੍ਰੀ ਮਜ਼ਦੂਰ ਯੂਨੀਅਨ ਵਲੋਂ ਕਾ ਕਾਮੇਸ਼ਵਰ, ਕਾ ਟੁਨ ਟੁਨ ਯਾਦਵ, ਕਾ ਲੱਡੂ ਸ਼ਾਹ, ਕਾ ਗੁਰਮੇਲ ਸਿੰਘ ਮੈਡਲੇ ਪੀ ਅਸ ਐਸ ਐਫ਼, ਕਾ ਅਮਰਜੀਤ ਸਿੰਘ ਦਰਜਾ ਚਾਰ ਮੁਲਾਜ਼ਮਾਂ ਵਲੋਂ, 

ਹੋਜ਼ਰੀ ਵਰਕਰਜ਼ ਯੂਨੀਅਨ ਵਲੋਂ ਕੀਤੀ ਰੈਲੀ ਜਿਸ ਵਿੱਚ ਸੈਂਕੜੇ ਕਾਮੇ ਸ਼ਾਮਿਲ ਹੋਏ,  ਨੂੰ ਕਾ ਫ਼ਿਰੋਜ਼ ਮਾਸਟਰ, ਕਾ ਉ ਪੀ ਮਹਿਤਾ, ਕਾ ਡੀ ਪੀ ਮੌੜ, ਕਾ ਰਮੇਸ਼ ਰਤਨ, ਡਾ ਅਰੁਣ ਮਿੱਤਰਾ, ਕਾ ਨਰੇਸ਼ ਗੌੜ, ਕਾ ਐਮ ਐਸ ਭਾਟੀਆ, ਕਾ ਰਾਮਾਧਾਰ ਸਿੰਘ, ਕਾ ਲਾਲ ਚੰਦ, ਕਾ ਮਨਜੀਤ ਸਿੰਘ ਬੂਟਾ, ਕਾ ਕੇਵਲ ਸਿੰਘ ਬਨਵੈਤ, ਕਾ ਨਗੀਨਾ ਰਾਮ, ਕਾ ਲਲਿਤ ਕੁਮਾਰ, ਕਾ ਰਾਮਰੀਤ ਯਾਦਵ, ਕਾ ਰਾਮ ਪ੍ਰਤਾਪ, ਕਾ ਸ਼ਫ਼ੀਕ, ਕਾ ਮੁਹੰਮਦ ਸੱਦਾਬ, ਕਾ ਵੇਦ ਪ੍ਰਕਾਸ਼ ਲਾਲੂ, ਮਾਸਟਰ ਸੰਜੈ ਥੁਮਾਰ, ਕਾ ਅਮਰਨਾਥ, ਕਾ ਅਜੈ ਕੁਮਾਰ, ਕਾ ਚਾਂਦ ਮੁਹੰਮਦ ਆਦਿ ਨੇ ਸੰਬੋਧਨ ਕੀਤਾ। ਕਾ ਫ਼ਿਰੋਜ਼ ਮਾਸਟਰ ਨੇ ਕਿਹਾ ਕਿ ਜਲਦੀ ਹੀ ਇਸ ਖੇਤਰ ਵਿੱਚ ਏਟਕ ਦਾ ਦਫ਼ਤਰ ਖੋਲਿਆ ਜਾਏਗਾ ਤਾਂ ਜੋ ਕਾਮਿਆਂ ਦੇ ਮਸਲਿਆਂ ਨੂੰ ਹਲ ਕੀਤਾ ਜਾ ਸਕੇ। ਉਹਨਾ ਮੰਗ ਕੀਤੀ ਕਿ ਹੋਜ਼ਰੀ ਕਾਮਿਆਂ ਦੀ ਉਜਰਤ ਅਤੇ ਪੀਸ ਰੇਟਾਂ ਨੂੰ ਕੀਮਤਾਂ ਦੇ ਨਾਲ ਜੋੜਿਆ ਜਾਏ;  ਨਾਲ ਹੀ ਸਾਰੇ ਕਾਮਿਆਂ ਦੇ ਲਈ ਮੈਡੀਕਲ ਸਹੂਲਤਾਂ ਈ ਐਸ ਆਈ ਦੇ ਤਹਿਤ ਦਿੱਤੀਆਂ ਜਾਣ ਤੇ ਪੈਨਸ਼ਨ ਤੇ ਪ੍ਰਾਵੀਡੈਂਟ ਫ਼ੰਡ ਦੀ ਸਹੂਲਤ ਦਿੱਤੀ ਜਾਏ।  

ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਲੁਧਿਆਣਾ ਦੇ ਕਲਾਕਾਰਾਂ ਵਲੋਂ ਮਜ਼ਦੂਰਾਂ ਦੀ ਹਾਲਤ ਦਰਸਾਉਂਦਾ ਕਾ ਪ੍ਰਦੀਪ ਸ਼ਰਮਾ ਦੁਆਰਾ ਨਿਰਦੇਸ਼ਿਤ ਅਤੇ ਕਾ ਰਣਧੀਰ ਸਿੰਘ ਧੀਰਾ ਦੁਆਰਾ ਜੱਥੇਬੰਦ ਨਾਟਕ ਅਤੇ ਕੋਰੀਓਗਰਫ਼ੀ ਹਮਾਰੇ ਹੱਕ ਪੇਸ਼ ਕੀਤਾ ਗਿਆ।

No comments: