Saturday, April 11, 2015

Ludhiana: ਟੀਮ ਇਨਸਾਫ਼ ਦੇ ਸੱਤਿਆਗ੍ਰਹਿ ਨਾਲ ਮਾਹੌਲ ਵਿੱਚ ਨਵੀਂ ਸਿਆਸੀ ਗਰਮੀ

ਟੀਮ ਇਨਸਾਫ਼ ਨੇ ਕੀਤਾ 500 ਤੋਂ ਵਧ ਸਮਰਥਕਾਂ ਦੀ ਗ੍ਰਿਫਤਾਰੀ ਦਾ ਦਾਅਵਾ
ਲੁਧਿਆਣਾ: 11 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ): 
ਮਾਫੀਆ ਅਤੇ ਹੋਰ ਕਈ ਤਰਾਂ ਦੇ ਮਾਫੀਆ ਗਿਰੋਹਾਂ ਖਿਲਾਫ਼ ਟੀਮ ਇਨਸਾਫ਼ ਦਾ ਬਹੁ ਚਰਚਿਤ ਅੰਦੋਲਨ ਅੱਜ ਰਸਮੀ ਸ਼ੁਰੁਆਤ ਤੋਂ ਪਹਿਲਾਂ ਹੀ ਸਫਲ ਹੋ ਗਿਆ। ਬੈਂਸ ਭਰਾਵਾਂ ਵੱਲੋਂ ਸੰਚਾਲਿਤ ਟੀਮ ਇਨਸਾਫ਼ ਸੰਗਠਨ ਦੇ ਕਾਰਕੁਨਾਂ ਦੀ ਵੱਡੇ ਪਧਰ 'ਤੇ ਫੜੋਫੜੀ ਨੇ ਟੀਮ ਇਨਸਾਫ਼ ਦੀ ਲੋਕਪ੍ਰਿਅਤਾ ਦੇ ਗ੍ਰਾਫ਼ ਨੂੰ ਅਸਮਾਨ 'ਤੇ ਪਹੁੰਚਾ ਦਿੱਤਾ। ਸੱਤਿਆਗ੍ਰਹਿ ਨੂੰ ਆਪਣੀ ਸ਼ਕਤੀ ਬਣਾ ਕੇ ਸ਼ੁਰੂ ਹੋਏ ਇਸ ਅੰਦੋਲਨ ਨੂੰ ਨਾਕਾਮ ਕਰਨ ਲਈ ਅੱਜ ਪੁਲਿਸ ਨੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਟੀਮ ਇਨਸਾਫ਼ ਵੱਲੋਂ ਇਹ ਗਿਣਤੀ 500 ਤੋਂ ਵਧ ਦੱਸੀ ਗਈ ਹੈ। ਸਾਨੂੰ ਪ੍ਰਾਪਤ ਹੋਈ ਕੁਝ ਕੁ ਨਾਵਾਂ ਦੀ ਸੂਚੀ ਮੁਤਾਬਿਕ ਹੇਠ ਲਿਖੇ ਪ੍ਰਮੁਖ ਆਗੂ ਵੀ ਫੜੇ ਗਏ। ਰੇਤਾ ਮੁਫਤ ਵੰਡਣ ਦੇ ਐਲਾਨ ਵਾਲੇ ਇਸ ਅੰਦੋਲਨ ਦੀ ਸਿਖਰ ਲਈ ਟੀਮ ਇਨਸਾਫ਼ ਵੱਲੋਂ 20 ਅਪ੍ਰੈਲ ਦਾ ਦਿਨ ਐਲਾਨਿਆ ਗਿਆ ਸੀ। ਬੈਂਸ ਭਰਾਵਾਂ ਵੱਲੋਂ ਕਿਹਾ ਗਿਆ ਕਿ ਸੱਤਿਆਗ੍ਰਹੀ ਗੱਜਣਗੇ--ਮਾਫੀਏ ਵਾਲੇ ਭੱਜਣਗੇ। ਪੰਜਾਬ ਦੇ ਸਿਆਸੀ ਹਲਕੇ ਉਮੀਦ ਕਰਦੇ ਸਨ ਕਿ ਸਰਕਾਰ 20 ਅਪ੍ਰੈਲ ਤੋਂ ਪਹਿਲਾਂ ਹੀ ਰੇਤੇ ਨੂੰ ਖੁਦ ਮੁਫਤ ਵੰਡਣ ਦਾ ਐਲਾਨ ਕਰ ਦੇਵੇਗੀ ਪਰ ਪੰਜਾਬ ਸਰਕਾਰ ਨੇ ਟਕਰਾਓ ਵਾਲਾ ਰਾਹ ਚੁਣਿਆ। ਸ਼ਾਇਦ ਸਰਕਾਰ ਸੋਚਦੀ ਹੋਵੇ ਕਿ ਅਜਿਹਾ ਕਰਕੇ ਉਹ 20 ਅਪ੍ਰੈਲ ਵਾਲੇ ਦਿਨ ਹੋਣ ਵਾਲੇ ਅੰਦੋਲਨ ਨੂੰ ਠੁੱਸ ਕਰ ਦੇਵੇਗੀ ਪਰ ਹਿਰਾਸਤ ਵਿਚ ਲਏ ਜਾਣ ਵੇਲੇ ਟੀਮ ਇਨਸਾਫ਼ ਮੈਂਬਰਾਂ ਦੇ ਹਸੂ ਹਸੂ ਕਰਦੇ ਚੇਹਰੇ ਆਖ ਰਹੇ ਸਨ ਕਿ ਉਹਨਾਂ ਕੋਲ 20 ਅਪ੍ਰੈਲ ਨੂੰ ਕੁਝ ਕਰਕੇ ਦਿਖਾਉਣ ਵਾਲੀ ਰਣਨੀਤੀ ਅਜੇ ਸੁਰੱਖਿਅਤ ਹੈ। 
ਵਿਧਾਇਕ ਸਿਮਰਜੀਤ ਸਿੰਘ ਬੈਂਸ
ਵਿਧਾਇਕ ਬਲਵਿੰਦਰ ਸਿੰਘ ਬੈਂਸ
ਕਰਮਜੀਤ ਸਿੰਘ ਬੈਂਸ
ਪਰਮਜੀਤ ਸਿੰਘ ਬੈਂਸ
ਅਜੇਪਰੀਤ ਸਿੰਘ ਬੈਂਸ
ਜਗਜੋਤ ਸਿੰਘ ਬੈਂਸ
ਹਰਪਰੀਤ ਸਿੰਘ ਬੈਂਸ
ਕੌਸਲਰ ਗੁਰਪਰੀਤ ਖੁਰਾਣਾ
ਕੌਸਲਰ ਦਲਜੀਤ ਸਿੰਘ ਗਰੇਵਾਲ
ਕੌਸਲਰ ਰਣਜੀਤ ਸਿੰਘ ਉਭੀ
ਕੌਸਲਰ ਰਣਜੀਤ ਸਿੰਘ ਘਟੌੜੇ
ਕੌਸਲਰ ਰਣਧੀਰ ਸਿੰਘ ਸੀਬੀਆ
ਕੌਸਲਰ ਗੁਰਪਰੀਤ ਸਿੰਘ ਗੋਰਾ
ਕੌਸਲਰ ਅਰਜੁਣ ਸਿੰਘ ਚੀਮਾ
ਸਾਬਕਾ ਕੌਸਲਰ ਸ਼ੇਰ ਸਿੰਘ ਗਰਚਾ
ਸਮੇਤ ਬਹੁਤ ਸਾਰੇ ਹੋਰ ਸਮਰਥਕ ਵੀ ਹਿਰਾਸਤ ਵਿੱਚ ਲਏ ਗਏ ਲੀਡਰਾਂ ਅਤੇ ਵਰਕਰਾਂ ਵਿੱਚ ਸ਼ਾਮਿਲ ਹਨ। ਇਹਨਾਂ ਵਰਕਰਾਂ ਨੇ ਜਿਸ ਅੰਦਾਜ਼ ਨਾਲ ਅਤੇ ਉਮਾਹ ਦਿਖਾਇਆ ਉਹ ਅੰਦਾਜ਼ ਪੰਜਾਬ ਦੇ ਪੁਰਾਣੇ ਮੋਰਚਿਆਂ ਦੀ ਯਾਦ ਤਾਜ਼ਾ ਕਰਾਉਂਦਾ ਹੈ। ਵਟਸਅਪ 'ਤੇ ਹਿਰਾਸਤ ਵਾਲੀਆਂ ਇਹਨਾਂ ਤਸਵੀਰਾਂ ਦੀ ਹਨੇਰੀ ਆਈ ਹੋਈ ਸੀ। ਮੀਡੀਆ ਦੇ ਨਾਲ ਨਾਲ ਟੀਮ ਇਨਸਾਫ਼ ਦੇ ਸਮਰਥਕਾਂ ਅਤੇ ਮੈਂਬਰਾਂ ਨੇ ਵੀ ਇਹ ਤਸਵੀਰਾਂ ਖਿਚ ਕੇ ਵਟਸਅਪ 'ਤੇ ਪਾਈਆਂ। ਲੋਕ ਟਰੇਨਾਂ ਅਤੇ ਬਸਾਂ ਵਿੱਚ ਇਹਨਾਂ ਗ੍ਰਿਫਤਾਰੀਆਂ ਇੱਕ ਦੂਜੇ ਕੋਲੋਂ ਪੁਸ਼ਟੀ ਕਰਦੇ ਸੁਣੇ ਗਏ। ਸ਼ਨੀਵਾਰ 11 ਅਪ੍ਰੈਲ ਦੇ ਐਕਸ਼ਨ ਨਾਲ ਟੀਮ ਇਨਸਾਫ਼  ਭਰਾ ਲੋਕਾਂ ਦੇ ਦਿਲਾਂ ਵਿਚਕ ਆਪਣੀ ਥਾਂ ਹੋਰ ਵਧਾਉਣ ਵਿੱਚ ਪੂਰੀ ਤਰਾਂ ਕਾਮਯਾਬ ਰਹੇ।

No comments: