Thursday, April 09, 2015

ਹਰਦਿਆਲ ਕੇਸ਼ੀ ਦੀਆਂ ਯਾਦਾਂ ਤਾਜ਼ਾ ਕਰਾਉਂਦਾ ਹਰਮੀਤ ਵਿਦਿਆਰਥੀ

ਓਸ ਮਹਿਫ਼ਿਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ, ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ। 
ਫਿਰੋਜ਼ਪੁਰ ਕਾਫੀ ਸਮੇਂ ਤੋਂ ਗੇੜਾ ਨਹੀਂ ਲੱਗ ਸਕਿਆ। ਸ਼ਹੀਦੀ ਦਿਨ 23 ਮਾਰਚ ਵਾਲੇ ਦਿਨ ਵੀ ਨਹੀਂ।  ਇਹਨਾਂ ਛੋਟੀਆ  ਛੋਟੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ਕਾਰਣ ਕਈ ਵਾਰ ਖੁਦ 'ਤੇ ਸ਼ਰਮ ਆਉਂਦੀ ਹੈ ਪਰ ਜ਼ਿੰਦਗੀ ਦੇ ਉਲਝੇਵੇਂ ਬੜਾ ਕੁਝ ਏਧਰ -ਓਧਰ  ਕਰ ਦੇਂਦੇ ਨੇ। ਹਰ ਵਾਰ ਨਵਾਂ ਦਰਦ ਪੁਰਾਣੇ ਦਰਦ ਨੂੰ ਭੁਲਾਉਂਦਾ ਨਹੀਂ ਤਾਂ ਘਟਾ ਜਰੁਰ ਦੇਂਦਾ ਹੈ। ਇਸ ਉਦਾਸ ਹਕੀਕਤ ਦੇ ਬਾਵਜੂਦ  ਇੱਕ ਤਸੱਲੀ ਵਾਲੀ ਗੱਲ ਹੈ ਕਿ ਕਾਰੋਬਾਰੀ ਰੁਝੇਵਿਆਂ  ਵਿੱਚ ਗੁਆਚੀ ਭੀੜ ਦੇ ਅਜਗਰੀ ਮੂੰਹ ਤੋਂ ਅਜੇ ਵੀ ਕੁਝ ਲੋਕ ਹਨ ਜੋ ਅਤੀਤ ਦੇ ਚਿਰਾਗਾਂ ਨੂੰ ਰੌਸ਼ਨ ਰੱਖਣ ਦੀ ਕੋਸ਼ਿਸ਼ ਜਾਰੀ ਰੱਖ ਰਹੇ ਹਨ। ਅਜਿਹਾ ਹੀ ਇੱਕ ਨਾਮ ਹੈ ਹਰਮੀਤ ਵਿਦਿਆਰਥੀ ਦਾ ਜਿਸ ਕੋਲ ਮੁਹਾਰਤ ਹੈ ਉਹਨਾਂ ਪਲਾਂ ਨੂੰ ਵੀ ਵਾਪਿਸ ਬੁਲਾਉਣ ਦੀ ਜਿਹੜੇ ਮੁੜ ਕਦੇ ਨਹੀਂ ਆਏ।
ਫੇਸਬੁਕ 'ਤੇ ਉਸਦੀ ਨਵੀਂ ਪੋਸਟ ਨੇ ਅਤੀਤ ਨੂੰ ਕਿਸੇ ਫਿਲਮ ਵਾਂਗ ਸਾਹਮਣੇ ਲੈ ਆਂਦਾ ਹੈ। ਉਸਨੇ ਇੱਕ ਪੁਰਾਣੇ ਮਿੱਤਰ ਹਰਦਿਆਲ ਕੇਸ਼ੀ ਦੀਆਂ ਸਤਰਾਂ ਪੋਸਟ ਕੀਤੀਆਂ ਹਨ--ਕੇਸ਼ੀ ਦੀ ਤਸਵੀਰ ਦੇ ਨਾਲ
ਖ਼ੁਦ ਨੂੰ ਖ਼ੁਦ ਨਾਲ ਹੀ ਜ਼ਰਬ ਦੇਂਦੇ ਰਹੇ,
ਖ਼ੁਦ ਨੂੰ ਖ਼ੁਦ ਨਾਲ ਤਕਸੀਮ ਕਰਦੇ ਰਹੇ ,
ਸਾਡਾ ਹਾਸਲ ਤੇਰੀ ਇੰਤਜ਼ਾਰੀ ਰਿਹਾ ,
ਸਾਡਾ ਅੱਜ ਵੀ ਗਿਆ ਕੱਲ੍ਰ ਹੀ ਵਾਂਗਰਾਂ ।

ਜਿਹੜੀ ਮਹਿਫ਼ਿਲ 'ਚ ਹਵਾ ਸੀ ਲੁੱਟੀ ਗਈ,
ਜਿਹੜੀ ਮਹਿਫ਼ਿਲ ;ਚ ਸ਼ੈਤਾਨ ਹਾਵੀ ਰਿਹਾ,

ਓਸ ਮਹਿਫ਼ਿਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ ,
ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ ।
                                                                                                      ---ਹਰਦਿਆਲ ਕੇਸ਼ੀ (ਮਰਹੂਮ)

ਹਰਦਿਆਲ ਕੇਸ਼ੀ ਆਪਣੇ ਆਪ ਵਿੱਚ ਜਿਊਂਦੀ ਜਾਗਦੀ ਕਵਿਤਾ ਦਾ ਇੱਕ ਯੁਗ ਸੀ। ਮਿੱਤਰ ਵਿਦਿਆਰਥੀ ਦਿਨ ਇਸ ਪੋਸਟ ਨਾਲ ਕਈ ਚੇਹਰੇ, ਕਈ ਨਾਮ, ਕਈ ਮੀਟਿੰਗਾਂ, ਕਈ ਆਯੋਜਨ ਜ਼ਹਿਨ ਵਿੱਚ ਤਾਜ਼ਾ ਹੋ ਗਏ  ਹਨ। ਕਦੇ ਕਿਸੇ ਵੱਖਰੀ ਪੋਸਟ ਵਿੱਚ ਇਹਨਾਂ ਦਾ ਜ਼ਿਕਰ ਵੀ ਜਰੁਰ ਕੀਤਾ ਜਾਵੇਗਾ। ਜੇ ਤੁਹਾਡੇ ਕੋਲ ਫਿਰੋਜ਼ਪੁਰ ਵਿੱਚ ਹੋਏ ਸਮਾਗਮਾਂ, ਫਿਰੋਜ਼ਪੁਰ ਨਾਲ ਜੁੜੀਆਂ ਸ਼ਖਸੀਅਤਾਂ ਦੀਆਂ ਤਸਵੀਰਾਂ ਹੋਣ ਤਾਂ ਜਰੁਰ ਭੇਜੋ। ਵਿਚਾਰਾਂ ਦੀਆਂ ਮੋਮਬੱਤੀਆਂ ਜਗਾਉਣ ਦਾ ਜਿਹੜਾ ਸਿਹਤਮੰਦ ਸਿਲਸਿਲਾ ਸ਼ੁਰੂ ਕੀਤਾ ਹੈ ਮਿੱਤਰ ਹਰਮੀਤ ਵਿਦਿਆਰਥੀ ਨੇ ਉਸ ਵਿੱਚ ਸ਼ਾਮਿਲ ਹੋਣਾ ਸਾਡੇ ਸਾਰਿਆਂ ਲਈ  ਜ਼ਰੂਰੀ  ਹੈ। --ਰੈਕਟਰ ਕਥੂਰੀਆ

No comments: