Friday, April 24, 2015

ਸ਼ਰਾਬ ਮੈਰਿਜ ਪੈਲਸਾਂ ਲਈ ਸਸਤੀ ਪਰ ਆਮ ਲੋਕਾਂ ਲਈ ਪਰਚੂਨ ਵਿੱਚ ਮਹਿੰਗੀ

ਸ਼ਰਾਬ ਦੇ ਠੇਕੇਦਾਰ ਚਰਨਜੀਤ ਸਿੰਘ ਬਜਾਜ ਨੇ ਦੁਹਰਾਏ ਗੰਭੀਰ ਦੋਸ਼
ਲੁਧਿਆਣਾ: 24 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਪੂੰਜੀਵਾਦੀ ਸਿਸਟਮ ਦੀਆਂ ਮੁਸੀਬਤਾਂ ਵੀ ਅਜੀਬ ਹੁੰਦੀਆਂ ਹਨ। ਇਸ ਸਿਸਟਮ ਵਿੱਚ ਆਮ ਗਰੀਬ ਤਾਂ ਦੁਖੀ ਹੁੰਦਾ ਹੀ ਹੈ ਦੂਜੇ ਪਾਸੇ ਮਧ ਵਰਗ ਅਤੇ ਅਮੀਰ ਵਰਗ ਵੀ ਕਿਸੇ ਲਾਹੇ ਵਿੱਚ ਨਹੀਂ ਹੁੰਦੇ। ਹੁਣ ਜਦੋਂ ਕਿ ਲੋਕ ਰੋਜ਼ੀ ਰੋਟੀ ਲਈ ਦਿਨ ਰਾਤ ਇੱਕ ਕਰਦੇ ਹਨ, ਨੌਜਵਾਨ ਡਿਗਰੀਆਂ ਦੀਆਂ ਬੋਰੀਆਂ ਭਰ ਕੇ ਨੌਕਰੀਆਂ ਲਈ ਖੁਦਕੁਸ਼ੀਆਂ ਤੇ ਮਜਬੂਰ ਹੋ ਰਹੇ ਹਨ ਅਤੇ ਕਿਸਾਨ ਵੀ ਆਤਮਹੱਤਿਆ ਨੂੰ ਤਰਜੀਹ ਦੇ ਰਹੇ ਹਨ ਉਦੋਂ ਅਜਿਹੇ ਨਾਜ਼ੁਕ ਹਾਲਾਤ ਵਿੱਚ ਸਰਕਾਰ ਅਤੇ ਸਿਸਟਮ ਕਿਸੇ ਹੋਰ ਜਰੂਰੀ ਕੰਮ ਵਿੱਚ  ਮਗਨ ਹੈ। ਅੱਜਕਲ੍ਹ ਝਗੜਾ ਸ਼ਰਾਬ ਵੇਚਣ ਦਾ ਹੈ। ਸ਼ਰਾਬ ਨੂੰ ਮਹਿੰਗੇ ਭਾਅ ਵੇਚਣਾ ਸ਼ਾਇਦ ਅੱਜਕਲ੍ਹ ਇੱਕ ਜਰੂਰੀ ਨਿਸ਼ਾਨਾ ਬਣ ਗਿਆ ਹੈ! ਸ਼ਰਾਬ ਦੇ ਠੇਕੇਦਾਰ ਚਰਨਜੀਤ ਸਿੰਘ ਬਜਾਜ ਨੇ ਦੋਸ਼ ਦੁਹਰਾਇਆ ਹੈ ਕਿ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸਨੂੰ ਸਿੰਡੀਕੇਟ ਵਿਚ ਸ਼ਾਮਿਲ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਬਿਨ੍ਹਾਂ ਵਜ੍ਹਾ ਠੇਕਿਆਂ ਉਪਰ ਛਾਪੇਮਾਰੀ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਗੱਲ ਉਹਨਾਂ ਕੁਝ ਦਿਨ ਪਹਿਲਾਂ ਵੀ ਪਾਰਕ ਪਲਾਜ਼ਾ ਵਿੱਚ ਕੀਤੀ ਗਈ ਆਪਣੀ ਪ੍ਰੈਸ ਕਾਨਫਰੰਸ ਵਿੱਚ ਆਖੀ ਸੀ। ਉਹਨਾਂ ਉਦੋਂ ਸਪਸ਼ਟ ਆਖਿਆ ਸੀ ਕਿ ਅਸੀਂ ਹਰ ਹਾਲਤ ਵਿੱਚ ਸਿੰਡੀਕੇਟ ਨਾਲੋਂ ਸਸਤੀ ਸ਼ਰਾਬ ਵੇਚਾਂਗੇ। ਉਦੋਂ ਵੀ ਉਹਨਾਂ ਮੀਡੀਆ ਸਾਹਮਣੇ ਆਪਣਾ ਦੁੱਖ ਰੱਖਦਿਆਂ ਸੱਦਾ ਦਿੱਤਾ ਸੀ ਕੀ ਮੀਡੀਆ ਉਹਨਾਂ ਤੇ ਯਕੀਨ ਕਰਨ ਦੀ ਬਜਾਏ ਖੁਦ ਸਾਰੇ ਮਾਮਲੇ ਦੀ ਤਹਿਕੀਕਾਤ ਕਰੇ। ਕਈ ਦਿਨ ਲੰਘ ਗਏ ਪਰ ਉਹਨਾਂ ਉੱਪਰ ਦਬਾਅ ਨਹੀਂ ਘਟਿਆ। ਉਹਨਾਂ ਅੱਜ ਸ਼ਾਮ ਫ਼ੇਦਰ ਦੋਸ਼ ਲਾਇਆ ਕੀ ਉਹਨਾਂ ਉੱਪਰ ਦਬਾਅ ਲਗਾਤਾਰ ਵਧਾਇਆ ਜਾ ਰਿਹਾ ਹੈ। 
ਦੇਰ ਸ਼ਾਮ ਕਾਹਲੀ ਕਾਹਲੀ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸ. ਬਜਾਜ ਨੇ ਦੋਸ਼ ਲਗਾਇਆ ਕਿ ਅੱਜ ਬਾਅਦ ਦੁਪਹਿਰ 4 ਵਜੇ ਦੇ ਕਰੀਬ ਵਿਭਾਗ ਦੇ ਤਿੰਨ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰਾਂ ਨੇ ਵਿਭਾਗੀ ਅਧਿਕਾਰੀਆਂ ਅਤੇ ਪੁਲਿਸ ਫੋਰਸ ਸਮੇਤ ਫਿਰੋਜਪੁਰ ਰੋਡ ਸਥਿਤ ਸ਼ਰਾਬ ਦੇ ਠੇਕੇ ਉਪਰ ਧਾਵਾ ਬੋਲਕੇ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।  ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਬਿਨ੍ਹਾਂ ਕਿਸੇ ਕਾਗਜ ਪੱਤਰ ਦੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ। ਮੁਲਾਜ਼ਮਾਂ ਨੇ ਜਦੋਂ ਇਸਦੀ ਸੂਚਨਾ ਠੇਕੇ ਦੇ ਮਾਲਕ ਲਿਵਤਾਰ ਚਾਵਲਾ ਨੂੰ ਦਿੱਤੀ ਤੇ ਉਨ੍ਹਾਂ ਮੌਕੇ 'ਤੇ ਪੁੱਜਕੇ ਅਧਿਕਾਰੀਆਂ ਤੋਂ ਛਾਪੇਮਾਰੀ ਦੀ ਵਜ੍ਹਾ ਪੁੱਛੀ ਪਰ ਉਨ੍ਹਾਂ ਕੋਈ ਸਪੱਸ਼ਟ ਜਵਾਬ ਦੇਣ ਦੀ ਥਾਂ ਇਸਨੂੰ ਮਹਿਜ਼ ਆਮ ਪੜਤਾਲ ਕਿਹਾ।  ਇੰਨੇ ਨੂੰ ਸ. ਚਾਵਲਾ ਨੇ ਪੱਤਰਕਾਰਾਂ ਨੂੰ ਮੌਕੇ 'ਤੇ ਬੁਲਾਇਆ ਤਾਂ ਅਧਿਕਾਰੀ ਗੱਡੀਆਂ ਵਿਚ ਬੈਠਕੇ ਵਾਪਸ ਚਲੇ ਗਏ।
ਸ. ਬਜਾਜ ਨੇ ਕਿਹਾ ਕਿ ਉਨ੍ਹਾਂ ਉਪਰ 1 ਅਪ੍ਰੈਲ ਤੋਂ ਹੀ ਸਿੰਡੀਕੇਟ ਵਿਚ ਰਲਣ ਲਈ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ।  ਸ. ਬਜਾਜ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਤੇ ਦਰਖਾਸਤ ਜਮ੍ਹਾਂ ਹੋਣ ਦੇ ਬਾਵਜੂਦ ਐਲ ਵਨ ਦਾ ਲਾਇਸੰਸ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਕੋਲ ਆਪਣੇ 41 ਠੇਕਿਆਂ ਉਪਰ ਵੇਚਣ ਲਈ ਸ਼ਰਾਬ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕਾਰਵਾਈ ਇਥੋਂ ਤੱਕ ਵੱਧ ਗਈ ਹੈ ਕਿ ਉਹ ਕਿਸੇ ਹੋਰ ਐਲ ਵਨ ਕੋਲੋਂ ਵੀ ਮਾਲ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਡੇ ਵੱਡੇ ਸ਼ਰਾਬ ਦੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਮੈਨੂੰ ਸ਼ਰਾਬ ਕਾਰੋਬਾਰ ਵਿਚੋਂ ਕੱਢਣਾ ਚਾਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਭਾਗੀ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਵਕੀਲ ਰਾਹੀਂ ਸਰਕਾਰ ਨੂੰ ਇਕ ਕਾਨੂੰਨੀ ਨੋਟਿਸ ਦਿੱਤਾ ਹੋਇਆ ਹੈ ਜਿਸ ਤੋਂ ਚਿੜ੍ਹ ਕੇ ਵਿਭਾਗੀ ਅਧਿਕਾਰੀ ਉਨ੍ਹਾਂ ਨੂੰ ਬਾਰ ਬਾਰ ਬਿਨਾ ਵਜ੍ਹਾ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਮੁਤਾਬਿਕ ਇਸ ਵਰ੍ਹੇ ਲੋਕਾਂ ਨੂੰ ਸਸਤੀ ਸ਼ਰਾਬ ਦੇਣ ਲਈ ਹੀ ਮਹਿਕਮੇ ਦੇ ਮੈਰਿਜ ਪੈਲੇਸਾਂ ਲਈ ਵਿਕਣ ਵਾਲੀ ਸ਼ਰਾਬ ਦੀ ਕੀਮਤ ਪਿਛਲੇ ਵਰ੍ਹੇ ਨਾਲੋਂ ਘਟਾਈ ਹੈ ਪਰ ਪਰਚੂਨ ਵਿਚ ਵਿਕਣ ਵਾਲੀ ਸ਼ਰਾਬ ਦੀ ਕੀਮਤ ਵਿਚ ਕੋਈ ਕਮੀ ਨਹੀਂ ਕੀਤੀ ਗਈ।  ਸ. ਬਜਾਜ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਲੋਕ ਮੇਰਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਇਸ ਸਬੰਧੀ ਜਦੋਂ ਵਿਭਾਗ ਦੇ ਇਕ ਉਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਚਰਨਜੀਤ ਸਿੰਘ ਬਜਾਜ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। 
ਪਰ ਇਹ ਮਸਲਾ ਲੋਕਾਂ ਸਾਹਮਣੇ ਭਾਵੇਂ ਹੁਣੇ ਹੀ ਖੁੱਲ੍ਹਿਆ ਹੋਵੇ ਲੇਕਿਨ ਇਹ ਗੱਲ ਸਾਰੇ ਜਾਂਦੇ ਹਨ ਕਿ ਕਈ ਥਾਵਾਂ ਤੋ ਸ਼ਰਾਬ ਸਸਤੀ ਮਿਲਦੀ ਹੈ ਅਤੇ ਕਈ ਥਾਵਾਂ ਤੋਂ ਮਹਿੰਗੀ। ਜੇ ਸਰਕਾਰ ਇੱਕ ਹੈ ਅਤੇ ਨੀਤੀ ਵੀ ਇੱਕ ਹੈ ਤਾਂ ਸ਼ਰਾਬ ਦੇ ਰੇਟ ਵੱਖੋ ਵੱਖ ਕਿਓਂ? ਮੈਰਿਜ ਪੈਲਸਾਂ ਲਈ ਸ਼ਰਾਬ ਸਸਤੀ ਅਤੇ ਆਮ ਬੰਦੇ ਲਈ ਮਹਿੰਗੀ ਕਿਓਂ? ਜੇ ਸ਼ਰਾਬ ਪੀਣ ਵਾਲੇ ਗਰੀਬ ਬੰਦੇ ਨੂੰ ਸਸਤੀ ਸ਼ਰਾਬ ਨਹੀਂ ਮਿਲੇਗੀ ਤਾਂ ਕੀ ਉਹ ਸ਼ਰਾਬ ਪੀਣੀ ਛੱਡ ਦਏਗਾ? ਹਰਗਿਜ਼ ਨਹੀਂ।  ਉਹ ਭਾਲੇਗਾ ਘਰ ਦੀ ਕਢੀ ਸਸਤੀ ਸ਼ਰਾਬ--ਭਾਵੇਂ ਉਹ ਜਾਨਲੇਵਾ ਹੀ ਹੋਵੇ ਤੇ ਜਾਂ ਫਿਰ ਲਏਗਾ  ਗੋਲੀਆਂ ਕੈਪਸੂਲਾਂ ਦਾ ਸਹਾਰਾ? ਆਖਿਰ ਸਿੰਡੀਕੇਟ ਨੂੰ ਹਥਿਆਰ ਬਣਾ ਕੇ ਸਰਕਾਰ ਹਾਸਿਲ ਕੀ ਕਰਨਾ ਚਾਹੁੰਦੀ ਹੈ?
ਮਾਮਲਾ ਕੁਝ ਵੀ ਹੋਵੇ, ਹਕੀਕਤ ਕੁਝ ਵੀ ਹੋਵੇ ਪਰ ਸ਼ਰਾਬ ਨੀਤੀ ਉੱਤੇ ਸ਼ੰਕੇ ਜਰੁਰ ਖੜੇ ਹੁੰਦੇ ਹਨ। ਸਰਕਾਰ ਸ਼ਰਾਬ ਹਟਾਉਣਾ  ਚਾਹੁੰਦੀ ਹੈ ਜਾਂ ਇਸਨੂੰ ਵੀ ਸਿਰਫ ਅਮੀਰਾਂ ਲਈ ਰਾਖਵੀਂ ਬਣਾਉਣੀ ਚਾਹੁੰਦੀ ਹੈ? ਕੀ ਇਸ ਨਾਲ ਭੱਠੀ ਵਾਲੀ ਨਜਾਇਜ਼ ਸ਼ਰਾਬ ਦਾ ਕਾਰੋਬਾਰ ਫਿਰ ਜੋਰ ਨਹੀਂ ਫੜੇਗਾ?

No comments: