Thursday, April 30, 2015

ਲੁਧਿਆਣੇ ਦੇ ਪੁਡਾ ਮੈਦਾਨ ਵਿੱਚ ਮਜ਼ਦੂਰ ਦਿਵਸ ਕਾਨਫਰੰਸ ਭਲਕੇ

Thu, Apr 30, 2015 at 3:46 PM
ਕਿਰਤੀ ਵਰਗ ਨੇ ਦਿਨ ਰਾਤ ਇੱਕ ਕਰਕੇ ਕੀਤੀਆਂ ਤਿਆਰੀਆਂ
ਲੁਧਿਆਣਾ: 30 ਅਪ੍ਰੈਲ 2015: (ਲਖਵਿੰਦਰ//ਪੰਜਾਬ ਸਕਰੀਨ):
ਸੰਸਾਰ ਭਰ ਦੇ ਮਜ਼ਦੂਰਾਂ ਦੇ ਸਾਂਝੇ ਮਹਾਨ ਤਿਉਹਾਰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪਹਿਲੀ ਮਈ ਨੂੰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲੁਧਿਆਣੇ ਦੇ ਚੰਡੀਗਡ਼ ਰੋਡ ‘ਤੇ ਸਥਿਤ ਪੁਡਾ ਮੈਦਾਨ ਵਿੱਚ ਮਜ਼ਦੂਰ ਦਿਵਸ ਕਾਨਫਰੰਸ ਕੀਤੀ ਜਾ ਰਹੀ ਹੈ। ਮਜ਼ਦੂਰ ਜਮਾਤ ਦੇ ਹੱਕਾਂ ਲਈ ਆਪਣੀ ਜਾਨ ਕੁਰਬਾਨ ਕਰ ਜਾਣ ਵਾਲੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਇਸ ਮੌਕੇ ਮਜ਼ਦੂਰਾਂ ਦੇ ਵੱਡੇ ਇਕੱਠ ਵੱਲੋਂ ਇਨਕਲਾਬੀ ਸ਼ਰਧਾਂਜਲੀ ਦਿੱਤੀ ਜਾਵੇਗੀ। ਕਾਨਫਰੰਸ ਵਿੱਚ ਮਜ਼ਦੂਰ ਜਮਾਤ ਦੇ ਇਨਕਲਾਬੀ ਇਤਿਹਾਸ, ਵਰਤਮਾਨ ਹਾਲਤਾਂ ਅਤੇ ਮਈ ਦਿਵਸ ਦੀ ਵਿਰਾਸਤ ਦੀ ਮੌਜੂਦਾ ਸਮੇਂ ਵਿੱਚ ਮਜ਼ਦੂਰ ਜਮਾਤ ਲਈ ਵੱਡਮੁੱਲੀ ਮਹੱਤਤਾ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਇਨਕਲਾਬੀ ਗੀਤ, ਨਾਟਕ, ਕਵਿਤਾਵਾਂ ਦੀ ਪੇਸ਼ਕਾਰੀ ਹੋਵੇਗੀ। ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਕਾਨਫਰੰਸ ਲਈ ਮਜ਼ਦੂਰ ਜੱਥੇਬੰਦੀਆਂ ਵੱਲੋਂ ਪਿਛਲੇ ਦਸ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਮਜ਼ਦੂਰ ਇਲਾਕਿਆਂ ਵਿੱਚ ਮੀਟਿੰਗਾਂ, ਨੁੱਕਡ਼ ਸਭਾਵਾਂ, ਪਰਚੇ-ਪੋਸਟਰ ਰਾਹੀਂ, ਮਈ ਦਿਵਸ ਬਾਰੇ ਬਣੀ ਲਘੂ ਦਸਤਾਵੇਜੀ ਫਿਲਸ ‘ਲੜਾਈ ਜਾਰੀ ਹੈ – ਮਈ ਦਿਵਸ ਦੀ ਕਹਾਣੀ’ ਦੇ ਪ੍ਰਦਰਸ਼ਨ, ਆਦਿ ਰਾਹੀਂ ਮਈ ਦਿਵਸ ਦਾ ਸੁਨੇਹਾ ਮਜ਼ਦੂਰਾਂ ਅਤੇ ਹੋਰ ਆਮ ਲੋਕਾਂ ਤੱਕ ਪਹੁੰਚਾਇਆ ਗਿਆ ਹੈ।
ਜਦੋਂ ਸੰਸਾਰ ਵਿੱਚ ਕਿਤੇ ਵੀ ਮਜ਼ਦੂਰਾਂ ਦੇ ਕੰਮ ਦੇ ਘੰਟਿਆਂ ਸਬੰਧੀ ਕੋਈ ਕਨੂੰਨ ਨਹੀਂ ਸੀ ਉਸ ਸਮੇਂ ਅਮਰੀਕਾ ਦੇ ਜੁਝਾਰੂ ਮਜ਼ਦੂਰਾਂ ਨੇ ‘ਅੱਠ ਘੰਟੇ ਕੰਮ, ਅੱਠ ਘੰਟੇ ਅਰਾਮ, ਅੱਠ ਘੰਟੇ ਮਨੋਰੰਜਨ’ ਦੇ ਨਾਅਰੇ ਹੇਠ ਸਖਤ ਘੋਲ ਲੜਿਆ। ਅਮਰੀਕਾ ਹਾਕਮਾਂ ਨੇ ਭਾਵੇਂ ਮਜ਼ਦੂਰ ਘੋਲ਼ ਨੂੰ ਜ਼ਬਰ ਰਾਹੀਂ ਕੁਚਲ ਦਿੱਤਾ ਸੀ ਪਰ ਮਜ਼ਦੂਰਾਂ ਦੀ ਅਵਾਜ਼ ਦਬਾਈ ਨਹੀਂ ਜਾ ਸਕੀ। ਅਮਰੀਕਾ ਅਤੇ ਸੰਸਾਰ ਦੇ ਹੋਰਨਾਂ ਹਿਸਿਆਂ ਵਿੱਚ ਅੱਠ ਘੰਟੇ ਕੰਮ ਦਿਹਾdੜੀ ਦਾ ਕਨੂੰਨ ਬਣਾਉਣ ਦੀ ਮੰਗ ਹੇਠ ਮਜ਼ਦੂਰਾਂ ਨੇ ਘੋਲ਼ ਲੜੇ ਅਤੇ ਜਿੱਤ ਹਾਸਿਲ ਕੀਤੀ। ਮਜ਼ਦੂਰਾਂ ਦਾ ਘੋਲ਼ ਅਸਲ ਵਿੱਚ ਮਨੁੱਖ ਵਾਂਗ ਜਿੰਦਗੀ ਜਿਉਣ ਦਾ ਆਪਣਾ ਹੱਕ ਹਾਸਲ ਕਰਨ ਦਾ ਘੋਲ਼ ਸੀ। ਮਜ਼ਦੂਰਾਂ ਨੇ ਹੋਰ ਵੀ ਕਿਰਤ ਹੱਕਾਂ, ਸਿਆਸੀ ਹੱਕਾਂ ਲਈ ਜੁਝਾਰੂ ਘੋਲ਼ ਲੜੇ। ਕਈ ਦੇਸ਼ਾਂ ਵਿੱਚ ਮਜ਼ਦੂਰਾਂ ਦੇ ਰਾਜ ਸਥਾਪਿਤ ਹੋਏ। ਪਰ ਬਾਅਦ ਵਿੱਚ ਮਜ਼ਦੂਰਾਂ ਦਾ ਏਕਾ ਖਿੰਡ ਜਾਣ ਕਾਰਨ ਮਜ਼ਦੂਰਾਂ ਤੋਂ ਇੱਕ-ਇੱਕ ਕਰਕੇ ਇਹ ਹੱਕ ਵਾਪਿਸ ਲਏ ਜਾਂਦੇ ਰਹੇ ਹਨ।           
ਅੱਜ ਭਾਰਤ ਵਿੱਚ ਮਜ਼ਦੂਰਾਂ ਨੂੰ ਬਹੁਤ ਬੁਰੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰਾਂ ਦੀਆਂ ਨਿਜੀਕਰਨ, ਉਦਾਰੀਕਰਨ,ਸੰਸਾਰੀਕਰਨ ਦੀਆਂ ਨੀਤੀਆਂ ਨੇ ਮਜ਼ਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ਦੀ ਜਿੰਦਗੀ ਬਹੁਤ ਬਦਹਾਲ ਕਰ ਦਿੱਤੀ ਹੈ। ਕੇਂਦਰ ਦੀ ਮੋਦੀ ਸਰਕਾਰ ਕਾਂਗਰਸ ਸਰਕਾਰਾਂ ਤੋਂ ਵੀ ਅੱਗੇ ਵਧ ਕੇ ਤੇਜੀ ਅਤੇ ਸਖਤੀ ਨਾਲ਼ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਕਿਰਤ ਕਨੂੰਨਾਂ ਵਿੱਚ ਵੱਡੀਆਂ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਹਨੇਰੇ ਸਮੇਂ ਵਿੱਚ ਮਈ ਦਿਵਸ ਦਾ ਇਨਕਲਾਬੀ ਵਿਰਸਾ ਮਜ਼ਦੂਰਾਂ ਨੂੰ ਇਕਮੁੱਠ ਹੋ ਕੇ ਜੁਝਾਰੂ ਘੋਲ਼ ਲਡ਼ਨ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਰਾਹ ਵਿਖਾ ਰਿਹਾ ਹੈ।
ਮਜ਼ਦੂਰ ਜੱਥੇਬੰਦੀਆਂ ਨੇ ਸਾਰੇ ਮਜ਼ਦੂਰਾਂ ਤੇ ਹੋਰ ਮਜ਼ਦੂਰ ਹਿਤੈਸ਼ੀ ਲੋਕਾਂ ਨੂੰ ਮਜ਼ਦੂਰ ਦਿਵਸ ਕਾਨਫਰੰਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

No comments: