Wednesday, April 15, 2015

30 ਅਪ੍ਰੈਲ ਨੂੰ ਹੈ ਸ੍ਰ. ਨਲਵਾ ਦਾ 178ਵਾਂ ਸ਼ਹੀਦੀ ਦਿਹਾੜਾ

Wed, Apr 15, 2015 at 11:20 AM   
ਵਿਸ਼ਵ ਦੇ ਪ੍ਰਮੁਖ ਮਹਾਨ ਜਰਨੈਲ ਨਲਵਾ ਦਾ ਸ਼ਹੀਦੀ ਦਿਹਾੜਾ ਸੂਬਾ ਪੱਧਰ `ਤੇ ਮਨਾਇਆ ਜਾਵੇ-ਕੋਛੜ
ਇਤਿਹਾਸਕਾਰ ਕੋਛੜ ਨੇ 2009 'ਕੀਤਾ ਸੀ ਇਹ ਦਿਹਾੜਾ ਮਨਾਉਣ ਦਾ ਆਰੰਭ
                                                                                                                 Courtesy Image
ਅੰਮ੍ਰਿਤਸਰ: 15 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਭਾਵੇ ਕਿ ਆਸਟ੍ਰੇਲੀਆ ਦੀ  ਪ੍ਰਸਿੱਧ ਮੈਗਜ਼ੀਨ ਬਿਲਨਿਅਰ ਦੁਆਰਾ ਵਿਸ਼ਵ ਇਤਿਹਾਸ ਦੇ ਅਜੇ ਤੱਕ ਦੇ ਪ੍ਰਮੁੱਖ 10 ਜੇਤੂਆਂ; ਸ੍ਰ. ਹਰੀ ਸਿੰਘ ਨਲਵਾ, ਚੰਗੇਜ਼ ਖ਼ਾਂ, ਸਿਕੰਦਰ, ਆਟੀਲਾ ਹੂਣ, ਜੂਲੀਅਸ ਸੀਜ਼ਰ, ਸਾਈਰਸ, ਫਰਾਂਸਿਸਕੋ ਪਿਜ਼ੈਰੋ, ਨਪੋਲੀਅਨ ਬੋਨਾਪਾਰਟ, ਹਾਨੀਬਲ ਬਰਕਾ ਅਤੇ ਤੈਮੂਰ ਲੰਗ ਵਿਚੋਂ ਸ੍ਰ. ਨਲਵਾ ਨੂੰ ਪਹਿਲੇ ਸਥਾਨ `ਤੇ ਰੱਖ ਕੇ ਉਨ੍ਹਾਂ ਦੇ ਪ੍ਰਤੀ ਵਿਸ਼ੇਸ਼ ਸਨਮਾਨ ਪ੍ਰਗਟ ਕੀਤਾ ਹੈ, ਪਰੰਤੂ ਸ੍ਰ. ਨਲਵਾ ਦੀ ਸ਼ਹਾਦਤ ਦੇ 177 ਵਰੇ੍ਹ ਬਾਅਦ ਵੀ ਸੂਬਾ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਹੋਰ ਸਿਰਕੱਢ ਸਿੱਖ ਸੰਸਥਾ ਦੁਆਰਾ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਨਹੀਂ ਕੀਤੀ ਗਈ। ਇਸ ਸੰਬੰਧੀ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਬੁੱਧਵਾਰ ਦੁਪਹਿਰ ਪੈ੍ਰਸ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਉਹਨਾਂ ਮੁੱਖ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਰਜਿਸਟਰਡ ਪੱਤਰ ਲਿਖ ਕੇ ਸ੍ਰ. ਨਲਵਾ ਦਾ ਸ਼ਹਾਦਤ ਦਿਹਾੜਾ ਹਰ ਵਰੇ੍ਹ ਵੱਡੇ ਪੱਧਰ `ਤੇ ਮਨਾਉਣ ਲਈ ਘੋਸ਼ਣਾ ਕਰਨ ਦੀ ਮੰਗ ਕੀਤੀ ਸੀ।ਇਸ ਦੇ ਇਲਾਵਾ ਮੁੱਖ ਮੰਤਰੀ ਪਾਸੋਂ ਇਹ ਵੀ ਮੰਗ ਕੀਤੀ ਗਈ ਸੀ ਕਿ ਕਸ਼ਮੀਰ ਰੋਡ ਦਾ ਨਾਂ ਕਸ਼ਮੀਰ `ਤੇ ਫ਼ਤਹਿ ਪ੍ਰਾਪਤ ਕਰਨ ਵਾਲੇ ਮਹਾਨ ਜਰਨੈਲ ਸ੍ਰ. ਹਰੀ ਸਿੰਘ ਨਲਵਾ ਦੇ ਨਾਂਅ `ਤੇ ਰੱਖਿਆ ਜਾਵੇ ਅਤੇ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿਚ ਉਹਨਾਂ ਦੇ ਨਾਂ `ਤੇ ਬਾਗ਼ ਅਤੇ ਮਿਊਜ਼ੀਅਮ ਉਸਾਰੇ ਜਾਣ, ਪਰੰਤੂ ਇਸ ਸੰਬੰਧੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ
30 ਅਪ੍ਰੈਲ 1837 ਨੂੰ ਜਮਰੋਧ ਕਿਲ੍ਹੇ ਵਿਚ ਹੋਈ ਸ੍ਰ. ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਬਾਅਦ ਸੰਨ 2009 ਵਿਚ ਨਿੱਜੀ ਤੌਰ `ਤੇ ਪਹਿਲੀ ਵਾਰ ਸ੍ਰ. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਉਣ ਦੀ ਸ਼ੁਰੂਆਤ ਕਰਨ ਵਾਲੇ ਸ਼੍ਰੀ ਕੋਛੜ ਨੇ ਦੱਸਿਆ ਕਿ ਸਿੱਖ ਰਾਜ ਦੀ ਨੀਂਹ ਅਤੇ ਸਿੱਖ ਰਾਜ ਦੇ ਮਜ਼ਬੂਤ ਥੰਮ ਜਿਹੇ ਨਾਂਵਾਂ ਨਾਲ  ਪ੍ਰਸਿੱਧ ਸ੍ਰ. ਹਰੀ ਸਿੰਘ ਨਲਵਾ ਅਜਿਹੇ ਬਹਾਦਰ ਜਰਨੈਲ ਸਨ, ਜਿਨ੍ਹਾਂ ਨੇ ਆਪਣੀ ਥੋੜੀ ਜਿਹੀ ਫੌਜ ਦੇ ਨਾਲ ਅਫ਼ਗਾਨੀ ਪਠਾਣਾਂ ਦੇ ਦਿਲਾਂ ਵਿਚ ਸਿੱਖ ਹਕੂਮਤ ਦੇ ਪ੍ਰਤੀ ਅਜਿਹਾ ਖ਼ੌਫ਼ ਪੈਦਾ ਕਰ ਦਿੱਤਾ ਕਿ ਅਫ਼ਗਾਨ ਔਰਤਾਂ ਆਪਣੇ ਸ਼ਰਾਰਤੀ ਬੱਚਿਆਂ ਨੂੰ ਸ੍ਰ. ਨਲਵਾ ਦਾ ਨਾਂ ਲੈ ਕੇ ਡਰਾਉਂਦੀਆਂ ਸਨ।ਜਦੋਂਕਿ ਅੱਜ ਪੂਰੇ ਸੰਸਾਰ ਦੀਆਂ ਸਰਕਾਰਾਂ ਮਿਲ ਕੇ ਵੀ ਤਾਲਿਬਾਣ `ਤੇ ਕਾਬੂ ਪਾਉਣ ਤੋਂ ਅਸਮਰਥ ਵਿਖਾਈ ਦੇ ਰਹੀਆਂ ਹਨ। ਇਤਿਹਾਸਕਾਰ ਸ਼੍ਰੀ ਕੋਛੜ ਨੇ ਦੱਸਿਆ ਕਿ ਸ੍ਰ. ਨਲਵਾ ਦੀ ਸ਼ਹਾਦਤ ਦਾ ਸਮਾਚਾਰ ਸੁਣਕੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੀ ਨਲਵਾ ਦੀ ਸ਼ਹਾਦਤ ਦੇ ਨਾਲ ਸਿੱਖ ਰਾਜ ਦੇ ਮਜ਼ਬੂਤ ਕਿਲ੍ਹੇ ਦਾ ਬੁਰਜ ਢਹਿ ਗਿਆ ਹੈ।ਸ਼੍ਰੀ ਕੋਛੜ ਦੇ ਅਨੁਸਾਰ ਵਾਕਿਆ ਹੀ ਸਿੱਖ ਰਾਜ ਦੀ ਇਸ ਮਜ਼ਬੂਤ ਨੀਂਹ ਦੇ ਆਪਣੇ ਸਥਾਨ ਤੋਂ ਹਟਦਿਆਂ ਹੀ ਖ਼ਾਲਸਾ ਰਾਜ ਦੇ ਮਹਿਲ ਮੁਨਾਰੇ ਤਹਿਸ-ਨਹਿਸ ਹੋ ਗਏ।
ਸ੍ਰ. ਨਲਵਾ ਦੀ ਸ਼ਹਾਦਤ ਦੇ ਬਾਅਦ ਅਜੇ ਤਕ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਨਾ ਮਨਾਏ ਜਾਣ ਨੂੰ ਮੰਦਭਾਗਾ ਦੱਸਦਿਆਂ ਸ਼੍ਰੀ ਕੋਛੜ ਨੇ ਕਿਹਾ ਕਿ 13 ਸਾਲ ਪਹਿਲਾਂ ਜਦੋਂ ਉਹਨਾਂ ਨੇ ਸ੍ਰ. ਨਲਵਾ `ਤੇ ‘ਖ਼ਾਲਸਾ ਰਾਜ ਦੀ ਨੀਂਹ-ਹਰੀ ਸਿੰਘ ਨਲਵਾ` ਪੁਸਤਕ ਲਿਖਣੀ ਸ਼ੁਰੂ ਕੀਤੀ ਤਾਂ ਉਦੋਂ ਤੋਂ ਹੀ ਕੋਸ਼ਿਸ਼ ਕਰ ਕਰ ਰਹੇ ਸਨ ਕਿ ਸ੍ਰ. ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ, ਜਿਸ ਵਿਚ ਉਹਨਾਂ ਨੂੰ ਛੇ ਵਰ੍ਹੇ ਪਹਿਲਾਂ ਸਫ਼ਲਤਾ ਮਿਲੀ।

No comments: