Sunday, April 19, 2015

ਇਸ਼ਮੀਤ ਅਕੈਡਮੀ ਵੱਲੋਂ ਨਵਾਂ ਉਪਰਾਲਾ-ਸਿੰਗਿੰਗ ਚੈਂਪੀਅਨ-2015

ਮੇਅਰ ਵੱਲੋਂ ਰੋਜ਼ ਗਾਰਡਨ ਤੱਕ ਹਰ ਐਤਵਾਰ ਫ੍ਰੀ ਬਸ ਚਲਾਉਣ ਦਾ ਐਲਾਨ
ਲੁਧਿਆਣਾ: 18 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਵਾਇਸ ਆਫ਼ ਇੰਡੀਆ ਇਸ਼ਮੀਤ ਸਿੰਘ ਦੀ ਯਾਦ ਵਿੱਚ ਬਣੀ ਇਸ਼ਮੀਤ ਅਕੈਡਮੀ ਨੇ ਅੱਜ ਫਿਰ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ਼ਮੀਤ ਦੇ ਸਾਡੇ ਸਾਰਿਆਂ ਦਰਮਿਆਨ ਹੋਣ ਦਾ ਤੀਬਰ ਅਹਿਸਾਸ ਅੱਜ  ਫੇਰ ਹੋਇਆ ਗੁਰੂਨਾਨਕ ਭਵਨ ਵਿਖੇ ਹੋਏ ਇੱਕ ਵਿਸ਼ੇਸ਼ ਯਾਦਗਾਰੀ ਆਯੋਜਨ ਮੌਕੇ। "ਸਿੰਗਿੰਗ ਚੈਂਪੀਅਨ-2015" ਦੇ ਇਸ ਯਾਦਗਾਰੀ ਆਯੋਜਨ ਵਿੱਚ ਬਹੁਤ ਸਾਰੀਆਂ ਪ੍ਰਮੁਖ ਸ਼ਖਸੀਅਤਾਂ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ  ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੇ ਸੰਗੀਤ ਦੇ ਜਾਦੂ ਨਾਲ ਸਮਾਜ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਕਈ ਅਹਿਮ ਐਲਾਨ ਵੀ ਕੀਤੇ ਗਏ। ਇਹਨਾਂ ਐਲਾਨਾਂ ਵਿੱਚ ਰੋਜ਼ ਗਾਰਡਨ ਵਿਖੇ ਸੰਗੀਤ ਨਾਈਟ ਦੀ ਮੁੜ ਸ਼ੁਰੁਆਤ ਦਾ ਅਹਿਮ ਐਲਾਨ ਵੀ ਸ਼ਾਮਲ ਹੈ ਅਤੇ ਹਰ ਵਾਰ ਇਸ ਸੰਗੀਤ ਨਾਈਟ ਲਈ  ਰੋਜ਼ ਗਾਰਡਨ ਤੱਕ ਫਰੀ ਸਿਟੀ ਬਸ ਚਲਾਉਣ ਦਾ ਐਲਾਨ ਵੀ। ਇਹ ਐਲਾਨ ਮੇਅਰ ਹਰਚਰਨਜੀਤ ਸਿੰਘ ਗੋਲ੍ਹਵੜੀਆ ਨੇ ਆਪਣੇ ਜਜ਼ਬਾਤੀ ਭਾਸ਼ਣ ਦੌਰਾਨ ਕੀਤਾ। ਉਹਨਾਂ ਸਪਸ਼ਟ ਕੀਤਾ ਕਿ ਇਸ ਬਾਰੇ ਅਕੈਡਮੀ ਦੇ ਮੁਖੀ ਡਾਕਟਰ ਚਰਨ ਕਮਲ ਸਿੰਘ ਨੂੰ ਪਹਿਲਾਂ ਹੀ ਸੂਚਿਤ ਕੀਤਾ  ਚੁੱਕਿਆ ਹੈ। 
ਡਿਪਟੀ  ਕਮਿਸ਼ਨਰ  ਰੱਜਤ ਅੱਗਰਵਾਲ ਨੇ ਕਲਾਕਾਰਾਂ ਦੇ ਦਿਲਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੀ ਗੱਲ ਕਰਦਿਆਂ ਇਸ਼ਮੀਤ ਅਕੈਡਮੀ ਵਰਗੀਆਂ ਸੰਸਥਾਵਾਂ ਦੇ ਉਸਾਰੂ ਰੋਲ ਦੀ ਚਰਚਾ ਵੀ ਕੀਤੀ ਅਤੇ ਯਾਦ ਕਰਾਇਆ ਕਿ ਅਜਿਹੇ ਮੰਚ ਹੀ ਕਲਾਕਾਰਾਂ ਨੂੰ ਉੱਚੀਆਂ ਉਡਾਨਾਂ  ਪ੍ਰਦਾਨ ਕਰਦੇ ਹਨ।
ਅਕੈਡਮੀ ਨੇ ਇਸ ਆਯੋਜਨ ਦੌਰਾਨ ਸਾਬਿਤ ਕੀਤਾ ਕਿ ਅਸੀਂ ਸਿਰਫ ਗੀਤ ਸੰਗੀਤ ਹੀ ਨਹੀਂ ਡਾੰਸ ਵੀ ਸਿਖਾਉਂਦੇ ਹਾਂ। ਇਸ ਦੀ ਪੁਸ਼ਟੀ ਉਸ ਪਰਫਾਰਮੈਂਸ ਨਾਲ ਕੀਤੀ ਗਈ ਜਿਸ ਦੀ ਮੁੱਖ ਕਲਾਕਾਰਾ ਨੇ ਸਾਰੀ ਆਡੀਐਂਸ ਨੂੰ ਅਚੰਭੇ ਵਿੱਚ ਪਾ ਦਿੱਤਾ।  ਕਰੀਬ ਵੀਹਾਂ ਬਾਈਆਂ ਸਾਲਾਂ ਦੀ ਇਸ ਕਲਾਕਾਰਾ ਬਾਰੇ ਜਦੋਂ ਸਟੇਜ  ਤੋਂ ਦੱਸਿਆ ਗਿਆ ਕਿ ਉਸਦੇ ਘਰ ਉਸਦੀ ਇੱਕ ਔਲਾਦ 22 ਸਾਲਾਂ ਅਤੇ ਦੂਸਰੀ 19 ਸਾਲਾਂ ਦੀ ਹੈ ਤਾਂ ਸਾਰੇ ਹੈਰਾਨ ਰਹਿ ਗਏ।
ਮੰਚ ਸਕੱਤਰ ਹਰ ਆਈਟਮ ਦੇ ਨਾਲ ਨਾਲ ਜਾਣਕਾਰੀ ਵਿੱਚ ਵਾਧਾ ਵੀ ਕਰ ਰਹੀ ਸੀ ਅਤੇ ਆਪਣੇ ਸੰਗੀਤਮਈ  ਕਾਵਿਕ ਅੰਦਾਜ਼ ਨਾਲ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੂੰ ਲਿੰਕ ਵੀ ਕਰ ਰਹੀ ਸੀ। ਇਸ ਮੁਕਾਬਲੇ ਵਿੱਚ ਭਾਗ ਲੈ ਰਹੀ ਤਨਿਸ਼ਕ ਨੇ ਜਦੋਂ ਗਾਇਆ। ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ--ਇੱਕ ਦਿਨ ਛੱਡ ਜਾਣਾ ਏ ਜਹਾਂ ਸੱਜਣਾ......ਇਸ ਗੀਤ ਨੇ ਸਾਰੇ ਹਾਲ ਨੂੰ ਮੰਤਰ ਮੁਘਧ ਕਰ ਦਿੱਤਾ।
ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਸਾਰੇ ਦਾ ਸਾਰਾ ਹਾਲ ਕਈ ਕਈ ਵਾਰ ਝੂਮਿਆ ਪਰ ਪੋਰੀ ਤਰਾਂ ਸਭਿਅਕ ਰਹਿੰਦਿਆਂ। ਹਰ ਇੱਕ ਆਈਟਮ  ਸਲੀਕੇ ਨਾਲ ਪੇਸ਼ ਕੀਤੀ ਗਈ। ਮੇਅਰ ਹਰਚਰਨਜੀਤ ਸਿੰਘ ਗੋਲ੍ਹਵੜੀਆਦੀ ਇਹ ਗੱਲ ਹਾਲ ਦੀ ਹਰ ਸੀਟ 'ਤੇ ਸਚ ਪ੍ਰਤੀਤ ਹੋ ਰਹੀ ਸੀ ਕਿ ਇਸ਼ਮੀਤ ਕਿਧਰੇ ਨਹੀਂ ਗਿਆ--ਉਹ ਇਥੇ ਹੀ ਹੈ--ਸਾਡੇ ਦਰਮਿਆਨ ਹੀ ਕਿਤੇ  ਤੁਰਿਆ ਫਿਰਦੈ। ਇਸ਼ਮੀਤ ਦੀ ਮੌਜੂਦਗੀ ਦਾ ਅਹਿਸਾਸ ਕਰਾਉਣ ਵਾਲੇ ਇਸ ਆਯੋਜਨ ਮੌਕੇ ਮੇਅਰ ਸਾਹਿਬ ਨੇ ਇਸ਼ਮੀਤ ਦੇ ਪਿਤਾ ਗੁਰਪਿੰਦਰ ਸਿੰਘ ਅਤੇ ਚਾਚਾ ਡਾਕਟਰ ਚਰਨ ਕਮਲ ਸਿੰਘ ਨੂੰ ਇਸ ਗੱਲ ਲਈ ਬਾਕਾਇਦਾ ਵਧਾਈ ਦਿੱਤੀ ਕਿ ਉਹਨਾਂ ਨੇ ਇਸ਼ਮੀਤ ਦੇ ਸੁਆਸਾਂ ਨੂੰ ਇਸ ਕਲਾਤਮਕ ਅੰਦਾਜ਼ ਨਾਲ ਅਜੇ ਵੀ ਚਲਦਿਆਂ ਰੱਖਿਆ ਹੈ। 

No comments: