Thursday, March 26, 2015

GADVASU ਵਿਖੇ ਪਸ਼ੂ ਪਾਲਣ ਨੁਕਤਿਆਂ ਨੂੰ ਵਿਚਾਰਨ ਲਈ ਹੋਈ ਵਿਚਾਰ-ਗੋਸ਼ਠੀ

Thu, Mar 26, 2015 at 4:40 PM
ਗੋਸ਼ਠੀ ਵਿਚ ਸ਼ਾਮਿਲ ਹੋਏ 150 ਦੇ ਕਰੀਬ ਪ੍ਰਤੀਭਾਗੀ
ਲੁਧਿਆਣਾ:26-ਮਾਰਚ-2015: (ਪੰਜਾਬ ਸਕਰੀਨ ਬਿਊਰੋ):
ਇੰਡੀਅਨ ਵੈਟਨਰੀ ਰਿਸਰਚ ਇੰਸਟੀਚਿਊਟ, ਇੱਜ਼ਤ ਨਗਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਖੇਤਰੀ ਪ੍ਰਾਜੈਕਟ ਨਿਰਦੇਸ਼ਾਲੇ ਵੱਲੋਂ ਸਮੂਹਕ ਸਹਿਯੋਗ ਨਾਲ ਇਕ ਵਿਚਾਰ-ਗੋਸ਼ਠੀ ਕਰਵਾਈ ਗਈ। ਇਸ ਗੋਸ਼ਠੀ ਵਿਚ ਇਨਾਂ ਸੰਸਥਾਵਾਂ ਦੇ ਵਿਗਿਆਨਕ, ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਡੇਅਰੀ ਵਿਕਾਸ ਅਧਿਕਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਸ਼ਾ ਮਾਹਿਰ ਸ਼ਾਮਿਲ ਹੋਏ। ਵੈਟਨਰੀ ਯੂਨੀਵਰਸਿਟੀ ਦੇ ਕੈਂਪਸ ਵਿਖੇ ਹੋਈ ਇਸ ਗੋਸ਼ਠੀ ਵਿਚ 150 ਦੇ ਕਰੀਬ ਪ੍ਰਤੀਭਾਗੀ ਸ਼ਾਮਿਲ ਹੋਏ। ਵੈਟਨਰੀ ਸਾਇੰਸ ਕਾਲਜ ਦੇ ਡੀਨ ਡਾ ਹਰਪਾਲ ਸਿੰਘ ਸੰਧੂ ਮੁੱਖ ਮਹਿਮਾਨ ਸਨ। ਉਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗੋਸ਼ਠੀਆਂ ਰਾਹੀਂ ਖੋਜਕਾਰੀਆਂ ਨੂੰ ਅਤੇ ਖੇਤਰ ਵਿਚ ਕੰਮ ਕਰਦੇ ਮਾਹਿਰਾਂ ਨੂੰ ਚੁਨੌਤੀਆਂ ਦੇ ਮੁਕਾਬਲੇ ਲਈ ਨੀਤੀ ਤਿਆਰ ਕਰਨ ਵਾਸਤੇ ਸਾਂਝਾ ਮੰਚ ਮਿਲਦਾ ਹੈ। ਖੇਤਰੀ ਪ੍ਰਾਜੈਕਟ ਨਿਰਦੇਸ਼ਾਲੇ ਦੇ ਨਿਰਦੇਸ਼ਕ, ਡਾ. ਰਾਜਬੀਰ ਸਿੰਘ ਪਤਵੰਤੇ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਨਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਲੋਅ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਾਲੇ ਅਦਾਰੇ ਹਨ। ਜਿਨਾਂ ਰਾਹੀਂ ਨਵੀਆਂ ਤਕਨੀਕਾਂ ਅਤੇ ਜਾਣਕਾਰੀ ਨੂੰ ਕਿਸਾਨ ਹਿੱਤਾਂ ਲਈ ਉਨਾਂ ਤੱਕ ਪੁਚਾਇਆ ਜਾਂਦਾ ਹੈ। ਡਾ. ਹਰੀਸ਼ ਕੁਮਾਰ ਵਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਗੋਸ਼ਠੀ ਦੇ ਉਦੇਸ਼ਾਂ ਸਬੰਧੀ ਚਾਨਣਾ ਪਾਇਆ। ਇੱਜ਼ਤ ਨਗਰ ਤੋਂ ਆਏ ਵਿਗਿਆਨੀਆਂ ਨੇ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਰੂਪਸੀ ਤਿਵਾੜੀ ਨੇ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਵਧਾਉਣ ਸਬੰਧੀ ਤਕਨੀਕਾਂ ਤੇ ਚਾਨਣਾ ਪਾਇਆ ਅਤੇ ਡਾ. ਰੀਨਾ ਮੁਖਰਜੀ ਨੇ ਪਸ਼ੂਆਂ ਵਿਚ ਇਕ ਦੂਸਰੇ ਤੋਂ ਤਬਦੀਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਗੱਲ ਕੀਤੀ। ਡਾ. ਜਾਧਵ ਨੇ ਪਸ਼ੂਆਂ ਦੀ ਖੁਰਾਕ ਸਬੰਧੀ ਨੁਕਤੇ ਸਾਂਝੇ ਕੀਤੇ ਅਤੇ ਡਾ. ਐਸ ਕੇ ਸ੍ਰੀਵਾਸਤਵ, ਡਾ. ਹੀਰਾਰਾਮ ਅਤੇ ਡਾ. ਹਕ ਨੇ ਕ੍ਰਮਵਾਰ ਪ੍ਰਜਨਣ, ਪਰਜੀਵੀ ਬਿਮਾਰੀਆਂ ਅਤੇ ਆਪਰੇਸ਼ਨਾਂ ਰਾਹੀਂ ਪਸ਼ੂਆਂ ਦੇ ਇਲਾਜ ਬਾਰੇ ਚਾਨਣਾ ਪਾਇਆ। ਗੋਸ਼ਠੀ ਦੇ ਅੰਤ ਵਿਚ ਇਕ ਵਿਚਾਰ ਵਟਾਂਦਰਾ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਕਈ ਵਿਸ਼ਿਆਂ ਉਤੇ ਜਿਵੇਂ ਪਸ਼ੂਆਂ ਦੀ ਸਿਹਤ ਸੰਭਾਲ, ਉਤਪਾਦਨ, ਖੁਰਾਕ, ਪ੍ਰਬੰਧ, ਬਿਮਾਰੀਆਂ ਅਤੇ ਇਲਾਜ ਸਬੰਧੀ ਖੁੱਲ ਕੇ ਚਰਚਾ ਹੋਈ। ਖੇਤਰੀ ਖੋਜ ਨਿਰਦੇਸ਼ਾਲੇ ਦੇ ਡਾ. ਕੇਸ਼ਵ ਨੇ ਸਾਰੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਡਾ. ਜਸਵਿੰਦਰ ਸਿੰਘ, ਜ਼ਿਲਾ ਪਸਾਰ ਮਾਹਿਰ ਨੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦ ਦੇ ਸ਼ਬਦ ਕਹੇ। ਗੋਸ਼ਠੀ ਵਿਚ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ ਅਤੇ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਰਹੀ।

No comments: