Friday, March 06, 2015

ਅਤੀਤ ਅੱਜ ਵੀ ਬੋਲਦਾ ਹੈ ਜੰਮੂ ਦੇ ਮੁਬਾਰਕ ਮੰਡੀ ਮਹਿਲ ਵਿੱਚ--ਡਾ.ਤੇਜਿੰਦਰ ਅਦਾ

ਸ਼ਾਹੀ ਬੁਲੰਦੀ ਅਤੇ ਸ਼ਾਨੋ ਸ਼ੌਕਤ ਦਾ ਗਵਾਹ ਮੁਬਾਰਕ ਮੰਡੀ  ਮਹਿਲ  
ਲੁਧਿਆਣਾ: 6 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਕਿਸੇ ਵੇਲੇ ਡਾਕਟਰ ਜਗਤਾਰ ਨੇ ਲਿਖਿਆ ਸੀ--
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ  
ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ। 
ਮੁਬਾਰਕ ਮੰਡੀ ਮਹਿਲ ਜੰਮੂ ਦੇ ਦਰੋ-ਦੀਵਾਰ ਕੋਲੋਂ ਅਤੀਤ ਬਾਰੇ ਜਾਣਕਾਰੀ ਲੈਂਦਿਆਂ ਡਾਕਟਰ ਤੇਜਿੰਦਰ ਅਦਾ ਦੇ ਤਿੰਨ ਅੰਦਾਜ਼ 
ਡਾਕਟਰ ਜਗਤਾਰ ਦਾ ਇਹ ਸ਼ਿਅਰ ਪੜ੍ਹ ਕੇ ਹਮੇਸ਼ਾਂ ਇਹੀ ਮਹਿਸੂਸ ਹੋਇਆ ਕਿ ਰਿਸ਼ਤਿਆਂ ਦੀ ਭੀੜ ਚੋਂ ਨਾ ਕਦੇ ਫੁਰਸਤ ਮਿਲਦੀ ਹੈ ਅਤੇ ਨਾ ਹੀ ਸਕੂਨ। ਫਿਰ ਵੀ ਅਸੀਂ ਜਿੰਦਗੀ ਭਰ ਘਿਰੇ ਰਹਿੰਦੇ ਹਾਂ ਉਹਨਾਂ ਰਿਸ਼ਤੇਦਾਰਾਂ ਦੀ ਭੀੜ ਵਿੱਚ ਜਿਹੜੇ ਖੁਸ਼ੀ ਗਮੀ ਵੇਲੇ ਹੀ ਮਿਲਦੇ ਹਨ। ਅੱਗੇ ਪਿਛੇ ਕਦੇ ਵੀ ਨਹੀਂ। ਜਿਹਨਾਂ ਨਾਲ ਰਸਮੀ ਗੱਲਾਂ ਹੁੰਦੀਆਂ ਹਨ ਪਰ ਦਿਲ ਦੀ ਗੱਲ ਕਦੇ ਵੀ ਨਹੀਂ। ਮੈਨੂੰ ਹਮੇਸ਼ਾਂ ਇਹ ਗੱਲ ਇੱਕ ਸਦੀਵੀ ਸਚ ਜਾਪੀ ਪਰ ਉਰਦੂ, ਹਿੰਦੀ ਅਤੇ ਪੰਜਾਬੀ ਦੀ ਸ਼ਾਇਰਾ ਡਾਕਟਰ ਤੇਜਿੰਦਰ ਅਦਾ ਨੇ  ਰਿਸ਼ਤਿਆਂ ਬਾਰੇ ਦੋਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ। ਫਿਰ ਯਾਦ ਆਇਆ ਇੱਕ ਮਿੱਤਰ ਵੱਲੋਂ  ਭੇਜਿਆ ਤਸਵੀਰੀ ਸੁਨੇਹਾ-ਜਿਸ ਵਿੱਚ ਲਿਖਿਆ ਸੀ ਨਿਭਾਉਣ ਵਾਲੇ ਤਾਂ ਆਖਿਰੀ ਸਾਹਾਂ ਤੀਕ ਨਿਭਾਉਂਦੇ ਹਨ ਪਰ ਛੱਡਣ ਵਾਲਿਆਂ ਨੂੰ ਤਾਂ ਸਿਰਫ ਇੱਕ ਬਹਾਨਾ ਚਾਹੀਦਾ ਹੈ। ਮੈਨੂੰ ਓਹ ਸਾਰੇ ਰਿਸ਼ਤੇ ਯਾਦ ਆਏ ਜਿਹੜੇ ਕਿਸੇ ਨ ਕਿਸੇ ਛੋਟੀ ਜਿਹੀ ਗੱਲ ਤੇ ਹਮੇਸ਼ਾਂ ਲਈ ਟੁੱਟ ਗਏ ਸਨ। ਆਪਣੇ ਆਪ ਬਾਰੇ ਅਤੇ ਛੁੱਟ ਗਏ ਰਿਸ਼ਤਿਆਂ ਬਾਰੇ ਸੋਚਦਿਆਂ ਤੇਜਿੰਦਰ ਅਦਾ ਦੇ ਵਾਟਸਅਪ ਸੁਨੇਹੇ ਇੱਕ ਰੌਸ਼ਨ ਮਸ਼ਾਲ ਬਣ ਕੇ ਸਾਹਮਣੇ ਆਏ। ਤੇਜਿੰਦਰ ਅਦਾ ਪਿਛਲੇ ਦਿਨੀ ਜੰਮੂ ਵਿੱਚ ਸੀ। ਜੰਮੂ ਵਿੱਚ ਘੁੰਮਦਿਆਂ ਉਸਨੇ ਉਹ ਥਾਵਾਂ ਵੀ ਲਭ ਲਈਆਂ ਜਿਸ ਨਾਲ ਉਸਦੇ ਨਹੀਂ ਬਲਕਿ ਪੁਰਖਿਆਂ ਦੇ ਸੰਬੰਧ ਸਨ। ਪੁਰਖੇ ਹੁਣ ਇਸ ਜਹਾਨ ਵਿੱਚ ਨਹੀਂ ਪਰ ਤੇਜਿੰਦਰ ਅਦਾ ਨੇ ਫਿਰ ਵੀ ਉਹਨਾਂ ਨਾਲ ਮੁਲਾਕਾਤ ਕਰ ਲਈ। ਉਹਨਾਂ ਦੇ ਅਤੀਤ ਨੂੰ ਦੀਵਾਰਾਂ ਨਾਲ ਗਲੇ ਮਿਲ ਕੇ ਅੱਜ ਦੇ ਸਮੇਂ ਵਿੱਚ ਵੀ ਅਨੁਭਵ ਕੀਤਾ। ਉਹ ਗੀਤ ਇੱਕ ਵਾਰ ਫੇਰ ਸਾਕਾਰ ਹੋ ਗਿਆ----ਦੀਵਾਰੋਂ ਸੇ ਬਾਤੇੰ ਕਰਨਾ ਅਛਾ ਲਗਤਾ ਹੈ-----
ਅਸਲ ਵਿੱਚ ਇਸ ਮਹਿਲ ਦੀ ਵੀ ਇੱਕ ਲੰਮੀ ਕਹਾਣੀ ਹੈ।  ਇਸਨੇ ਕਈ ਉਤਰਾ ਚੜ੍ਹਾਅ ਦੇਖੇ ਹਨ। ਇਸਦੇ ਉੱਚੇ ਉੱਚੇ ਵਿਸ਼ਾਲ ਦਰਵਾਜ਼ੇ ਦੱਸਦੇ ਹਨ ਕਿ ਇਹਨਾਂ ਨੇ ਬੜੀ ਬੁਲੰਦੀ ਵਾਲੇ ਵੇਲੇ ਵੀ ਦੇਖੇ ਹਨ। ਮੁਬਾਰਕ ਮੰਡੀ  ਮਹਿਲ ਦੀ ਅਹਿਮੀਅਤ ਕਲ੍ਹ ਵੀ ਸੀ ਅਤੇ ਅੱਜ ਵੀ ਹੈ। ਸ਼ਾਹੀ ਰਿਹਾਇਸ਼ ਦੇ ਅੰਦਾਜ਼ ਅਤੇ ਸ਼ਾਹੀ ਸ਼ਾਨੋ ਸ਼ੌਕਤ ਵਾਲੇ ਸਮੇਂ ਇਹਨਾਂ ਦਰਵਾਜ਼ਿਆਂ  ਅਤੇ ਦੀਵਾਰਾਂ ਨੇ ਬੜੇ ਨੇੜਿਓਂ ਹੋ ਕੇ ਦੇਖੇ ਹਨ। ਜੰਮੂ ਦੇ ਐਨ ਕੇਂਦਰ ਵਿੱਚ ਬਣੇ ਹੋਏ ਮੁਬਾਰਕ ਮੰਡੀ  ਮਹਿਲ ਤੋਂ ਤਵੀ ਦਰਿਆ ਦਾ ਨਜ਼ਾਰਾ ਬੜਾ ਹੀ ਖੂਬਸੂਰਤ ਨਜਰ ਆਉਂਦਾ ਹੈ। ਇਸ ਮਹਿਲ ਦਾ ਸਭ ਤੋਂ ਪੁਰਾਣਾ ਹਿੱਸਾ ਸੰਨ 1824 ਦਾ ਬਣਿਆ ਹੋਇਆ ਹੈ। ਸਮੇਂ ਨੇ ਜਿਸ ਜਿਸ ਨੂੰ ਵੀ ਇਸ ਰਾਜਭਾਗ ਦਾ ਵਾਰਿਸ ਬਣਾਇਆ ਉਸਨੇ ਇਸ ਦੀ ਖੂਬਸੂਰਤੀ ਅਤੇ ਸ਼ਾਨੋ ਸ਼ੌਕਤ ਵਿੱਚ ਹੋਰ ਵਾਧੇ ਕੀਤੇ। ਡੇੜ ਕੁ ਸੋ ਸਾਲਾਂ ਵਿੱਚ ਇਸਦੇ ਆਕਾਰ ਵਿੱਚ ਕਾਫੀ ਵਾਧਾ ਹੋ ਗਿਆ। ਇਸ ਵਿੱਚ ਛੋਟੀਆਂ ਵੱਡੀਆਂ ਕਈ ਇਮਾਰਤਾਂ ਰਲਦੀਆਂ ਗਈਆਂ। ਇਸਦੀ ਬਣਤਰ  ਮੁਗਲਈ ਸ਼ੈਲੀ ਨਜ਼ਰ  ਆਉਂਦੀ ਹੈ ਉੱਥੇ ਰਾਜਸਥਾਨੀ  ਅਤੇ ਰਾਜਸਥਾਨੀ ਝਲਕ ਵੀ ਮਿਲਦੀ ਹੈ। ਇਸ ਕੰਪਲੈਕਸ ਵਿੱਚ ਕਈ ਇਮਾਰਤਾਂ ਹਨ। ਇਹਨਾਂ ਵਿੱਚ ਦਰਬਾਰ ਹਾਲ, ਪਿੰਕ ਪੈਲੇਸ, ਰੋਇਲ ਕੋਰਟਸ, ਗੋਲ ਘਰ, ਤੋਸ਼ਾਖਾਨਾ, ਰਾਣੀ  ਮਹਿਲ, ਸ਼ੀਸ਼ ਮਹਿਲ ਅਤੇ ਹਵਾ ਮਹਿਲ ਬਹੁਤ ਹੀ ਪ੍ਰਸਿਧ ਅਤੇ ਦੇਖਣਯੋਗ ਹਨ।  ਬਹੁਤ ਸਾਰੇ ਵੱਡੇ ਵੱਡੇ ਹਾਲ ਅਤੇ ਗੈਲਰੀਆਂ ਵੀ ਹਨ। ਸਰਕਾਰੀ ਦਫਤਰਾਂ ਅਤੇ ਅਦਾਲਤਾਂ ਦੇ ਨਾਲ ਨਾਲ ਡੋਗਰਾ ਆਰਟ ਮਿਊਜ਼ਿਅਮ ਵੀ ਦੇਖਣ ਵਾਲਾ ਹੈ।
ਇਸ ਯਾਦਗਾਰੀ ਮਹਿਲ ਦੇ ਬਹੁਤ ਸਾਰੇ ਹਿੱਸੇ ਹੁਣ ਖੰਡਰ ਵਿੱਚ ਵੀ ਤਬਦੀਲ ਹੋ ਰਹੇ ਹਨ। ਜਿੰਨੀ ਕੁ ਸਾਂਭ ਸੰਭਾਲ ਜ਼ਰੂਰੀ ਹੁੰਦੀ ਹੈ ਉਹ ਹੁੰਦੀ ਨਹੀਂ ਪਰ ਸਮੇਂ ਦੇ ਨਾਲ ਨਾਲ ਮੌਸਮਾਂ ਦੀ ਮਾਰ ਜਰੂਰ ਪੈਂਦੀ ਰਹੀ।  ਇਸ ਇਤਿਹਾਸਿਕ ਕੰਪਲੈਕਸ ਵਿੱਚ 36 ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਜਿਹਨਾਂ ਨੇ ਇਸਦੇ ਕਾਫੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਇਆ। ਇਸਤੋਂ ਇਲਾਵਾ 1980 ਵਿਆਂ ਵਿੱਚ ਅਤੇ ਫਿਰ 2005 ਵਿੱਚ ਆਏ ਭੂਚਾਲ ਨੇ ਵੀ ਇਸਨੂੰ ਬਹੁਤ ਨੁਕਸਾਨ ਪਹੁੰਚਾਇਆ। ਡੋਗਰਾ ਆਰਟ ਮਿਊਜ਼ਿਅਮ ਪਿੰਕ ਪੈਲੇਸ ਵਿੱਚ ਬਣਿਆ ਹੋਇਆ ਹੈ। ਕਲਾ ਦੇ ਇਸ ਬੇਹੱਦ ਅਮੀਰ ਕੇਂਦਰ ਵਿੱਚ ਜੰਮੂ, ਅਤੇ ਕਾਂਗੜਾ ਦੇ ਨਾਲ ਨਾਲ ਬਸ਼ੋਹਲੀ ਆਰਟ ਸਕੂਲਾਂ ਦੀਆਂ ਕਲਾ ਕ੍ਰਿਤੀਆਂ ਵੀ ਮੌਜੂਦ ਹਨ। ਇਸ ਥਾਂ ਦਾ ਨਾਮ ਪਿੰਕ ਪੈਲੇਸ ਇਸ ਲਈ ਪਿਆ ਕਿਓਂਕਿ ਇਸ ਵਿੱਚ ਗੁਲਾਬੀ ਪਲਾਸਟਰ ਵਾਲੀਆਂ ਕੰਧਾਂ ਇਸਨੂੰ ਬਹੁਤ ਹੀ ਰੁਮਾਂਟਿਕ ਦਿੱਖ ਪ੍ਰਦਾਨ ਕਰਦੀਆਂ ਹਨ। ਇਸ ਵਿਚਕ ਪਿਆ ਸ਼ਾਹ ਜਹਾਂ ਦਾ ਸੋਨੇ ਦੀ ਪੇਂਟਿੰਗ ਵਾਲਾ ਧਨੁਸ਼ ਅਤੇ ਬਾਣ ਵੀ ਮੌਜੂਦ ਹੈ। ਇਹ ਸਾਰਾ ਕੁਝ ਯਾਦ ਦੁਆਉਂਦਾ ਹੈ ਕਿ  ਸਦੀਆਂ ਪਹਿਲਾਂ ਵੀ ਮਨੁੱਖ ਇੱਕਲਿਆਂ ਕਲਾ ਦੇ ਸਹਾਰੇ ਸ਼ਾਂਤੀ ਨਾਲ ਨਹੀਂ ਸੀ ਜੀ ਸਕਦਾ ਉਸਨੂੰ ਯੁਧ ਵੀ ਕਰਨੇ ਪੈਂਦੇ ਸਨ ਅਤੇ ਅੱਜ ਵੀ ਆਏ ਦਿਨ ਹੁੰਦੇ ਬੰਬ ਧਮਾਕੇ ਅਤੇ ਥਾਂ ਥਾਂ ਚਲਦੀਆਂ  ਗੋਲੀਆਂ ਇਹੀ ਦੱਸਦਿਆਂ ਹਨ ਕਿ ਇਨਸਾਨ ਨੇ ਅਜੇ ਵੀ ਸ਼ਾਂਤੀ ਨਾਲ ਜਿਊਣ ਦਾ ਉਹ ਅੰਦਾਜ਼ ਨਹੀਂ ਸਿੱਖਿਆ ਜਿਸ ਵਿੱਚ ਜ਼ਿੰਦਗੀ ਅਤੇ ਕਲਾ ਦੇ ਵਿਕਾਸ ਬਾਰੇ ਹੀ ਸੋਚਿਆ ਜਾ ਸਕੇ। 
ਗੋਲ ਘਰ ਇੱਕ ਤਰਾਂ ਨਾਲ ਹੁਣ ਖੰਡਰ ਹੀ ਬਣ ਚੁੱਕਿਆ ਹੈ। ਸੰਨ 1980 ਵਿੱਚ ਆਏ ਭੂਚਾਲ ਨੇ ਇਸਨੂੰ ਬਹੁਤ ਨੁਕਸਾਨ ਪਹੁੰਚਾਇਆ। ਮੌਸਮੀ ਮਾਰ ਨੇ ਵੀ ਇਸ ਨੂੰ ਤਬਾਹ ਕੀਤਾ।  ਨਾ ਇਸਦੀਆਂ ਛੱਤਾਂ ਰਹੀਆਂ ਅਤੇ ਨਾ ਹੀ ਫਰਸ਼। ਫਿਰ ਵੀ ਖੰਡਰ ਬਤਾ ਰਹੇ ਹੈਂ ਇਮਾਰਤ ਅਜ਼ੀਮ ਥੀ। 
ਸ਼ੀਸ਼ ਮਹਿਲ ਪੂਰੀ ਤਰਾਂ ਸ਼ੀਸ਼ੇ ਦਾ ਬਣਿਆ ਹੋਇਆ ਹੈ। ਅਜਿਹੇ ਸ਼ੀਸ਼ ਮਹਿਲਾ ਬਣਾਉਣ ਦਾ ਸਿਲਸਿਲਾ ਸ਼ਾਇਦ ਖੁਦ ਆਪਣੀ ਖੂਬਸੂਰਤੀ ਨੂੰ ਹਰ ਕੋਨੇ ਤੋਂ ਪੂਰੀ ਤਰਾਂ ਦੇਖਣ ਦੀ ਚਾਹਤ ਨੇ ਸ਼ੁਰੂ ਕੀਤਾ ਹੋਵੇ। ਇਸਨੂੰ ਦੇਖਣ ਦੀ ਚਾਹਤ ਆਮ ਲੋਕਾਂ ਵਿੱਚ ਵੀ ਬਹੁਤ ਪ੍ਰਬਲ ਹੁੰਦੀ ਹੈ। 
ਇਸ ਮੁਬਾਰਕ ਮੰਡੀ ਪੈਲੇਸ ਨੂੰ ਹੁਣ ਰਾਜ ਸਰਕਾਰ ਨੇ ਹੈਰੀਟੇਜ ਐਲਾਨ ਕਰ ਦਿੱਤਾ ਹੈ। ਛੇਤੀ ਹੀ ਇਸ ਨੂੰ ਰੋਪ ਵੇ ਰਾਹੀਂ ਇੱਕ ਹੋਰ ਹੈਰੀਟੇਜ ਬਾਹੂ ਫੋਰਟ ਨਾਲ ਜੋੜਿਆ ਜਾਣਾ ਹੈ।



1 comment:

Minku Sarbjit said...

Very Nice Articles n the ultimate Pics by Dr. Tajinder ADA... She capture so realistic moments..