Monday, March 16, 2015

ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਪਹਿਰੇਦਾਰੀ ਦੀ ਤਿੱਖੀ ਲੋੜ

Sun, Mar 15, 2015 at 4:19 PM 
ਡਾ. ਜੈ ਰੂਪ ਸਿੰਘ ਨੇ ਦਿੱਤਾ ਇਸ ਮਕਸਦ ਲਈ ਸਾਂਝੇ ਯਤਨਾਂ ਦਾ ਸੱਦਾ
ਗੁਲਜ਼ਾਰ ਸਿੰਘ ਸੰਧੂ, ਸ਼ਿਵ ਨਾਥ ਅਤੇ ਗੁਰਸੇਵਕ ਸਿੰਘ ਪ੍ਰੀਤ ਦਾ ਸਨਮਾਨ 
ਲੁਧਿਆਣਾ : 15 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹਰ ਸਾਲ ਦਿੱਤੇ ਜਾਂਦੇ ਸਨਮਾਨਾਂ ਦੀ ਲੜੀ ਤਹਿਤ ਇਸ ਵਾਰ ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਸ. ਗੁਲਜ਼ਾਰ ਸਿੰਘ ਸੰਧੂ ਨੂੰ, ਮਾਤਾ ਜਸਵੰਤ ਕੌਰ ਸਰਵੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਸ੍ਰੀ ਸ਼ਿਵ ਨਾਥ ਨੂੰ ਅਤੇ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ ਸ. ਗੁਰਸੇਵਕ ਸਿੰਘ ਪ੍ਰੀਤ ਨੂੰ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਟਾ ਕੀਤਾ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਉਪ-ਕੁਲਪਤੀ ਡਾ. ਜੈ ਰੂਪ ਸਿੰਘ ਨੇ ਕਿਹਾ ਕਿ ਮਾਂ ਬੋਲੀ ਦੀ ਪ੍ਰਫੁੱਲਤਾ ਵਾਸਤੇ ਸਾਂਝੇ ਯਤਨਾਂ ਅਤੇ ਪਹਿਰੇਦਾਰੀ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਮੇਰੇ ਨਿੱਜੀ ਅਨੁਭਵ ਦੀ ਗੱਲ ਹੈ ਕਿ ਮਾਂ ਬੋਲੀ ਦੀ ਪ੍ਰਫੁੱਲਤਾ ਵਾਸਤੇ ਸਰਕਾਰੀ ਤੇ ਗ਼ੈਰ ਸਰਕਾਰੀ ਯਤਨਾਂ ਦੀ ਲੋੜ ਹੁੰਦੀ ਹੈ।
 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਨੇ ਸਨਮਾਨਤ ਸ਼ਖ਼ਸੀਅਤਾਂ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਡਾ. ਰਘਬੀਰ ਸਿੰਘ ਸਿਰਜਨਾ, ਸ. ਰੂਪ ਸਿੰਘ ਰੂਪਾ, ਗੁਲਜ਼ਾਰ ਸਿੰਘ ਸੰਧੂ,  ਜਨਰਲ ਸਕੱਤਰ ਡਾ. ਅਨੂਪ ਸਿੰਘ ਅਤੇ ਡਾ. ਜੈ ਰੂਪ ਸਿੰਘ ਰੂਪਾ ਸਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ।
ਸਨਮਾਨਤ ਸ਼ਖਸ਼ੀਅਤਾਂ ਵਿਚ ਸ੍ਰੀ ਗੁਲਜ਼ਾਰ ਸਿੰਘ ਸੰਧੂ, ਸ੍ਰੀ ਸ਼ਿਵ ਨਾਥ ਜੀ ਅਤੇ ਸ. ਗੁਰਸੇਵਕ ਸਿੰਘ ਪੀਤ ਸ਼ਾਮਲ ਸਨ। ਸਨਮਾਨਤ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ ਹੋਰਾਂ ਇਹ ਕਹਿੰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਇਹ ਇਨਾਮ ਕਾ. ਜਗਜੀਤ ਸਿੰਘ ਆਨੰਦ ਹੋਰਾਂ ਦੇ ਨਾਮ ’ਤੇ ਹੈ ਜਿਨ੍ਹਾਂ ਦੀ ਸ਼ਖ਼ਸੀਅਤ ਅਤੇ ਲਿਆਕਤ ਵਾਲੀ ਲੇਖਣੀ ਤੋਂ ਮੈਂ ਹਮੇਸ਼ਾ ਪ੍ਰਭਾਵਿਤ ਰਿਹਾ ਹਾਂ। ਇਸੇ ਤਰ੍ਹਾਂ ਸ਼ਿਵ ਨਾਥ ਜੀ ਨੇ ਆਪਣੀ ਲਿਖਤ ਵਿਚ ਪ੍ਰਿੰ. ਸੁਜਾਨ ਸਿੰਘ ਹੋਰਾਂ ਦੇ ਸਾਥ ਨੂੰ ਜਜਬਾਤੀ ਰੂਪ ਵਿਚ ਯਾਦ ਕੀਤਾ। ਇਸ ਮੌਕੇ ਪ੍ਰਿੰ. ਸੁਜਾਨ ਸਿੰਘ ਦੀ ਬੇਟੀ ਬੀਬੀ ਸੁਰਿੰਦਰ ਕੌਰ ਵੀ ਸ਼ਾਮਲ ਸਨ। ਸ. ਗੁਲਜ਼ਾਰ ਸਿੰਘ ਸੰਧੂ ਬਾਰੇ ਸ਼ੋਭਾ ਪੱਤਰ ਵਜੋਂ ਸਰਦਾਰ ਪੰਛੀ ਨੇ ‘ਕਸ਼ੀਦਾ’ ਪੜ੍ਹਿਆ, ਸ੍ਰੀ ਸ਼ਿਵ ਨਾਥ ਬਾਰੇੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾਇਰੇਕਟਰ ਰੈਫ਼ਰੈਂਸ ਲਾਇਬ੍ਰੇਰੀ ਨੇ ਸ਼ੋਭਾ ਪੱਤਰ ਪੜ੍ਹਿਆ ਅਤੇ ਸ. ਗੁਰਸੇਵਕ ਸਿੰਘ ਪ੍ਰੀਤ ਬਾਰੇ ਸ੍ਰੀ ਖੁਸ਼ਵੰਤ ਬਰਗਾੜੀ ਨੇ ਸ਼ੋਭਾ ਪੱਤਰ ਪੜ੍ਹਿਆ।
ਇਸ ਮੌਕੇ ’ਤੇ ਉੱਘੇ ਗ਼ਜ਼ਲਗੋ ਸਰਦਾਰ ਪੰਛੀ ਜੀ ਦੀ ਜੀਵਨੀ ’ਤੇ ਅਧਾਰਿਤ ਇਕ ਡਾਕੂਮੈਂਟਰੀ ਰੀਲੀਜ਼ ਕੀਤੀ ਗਈ। ਇਸ ਸਮੇਂ ਅਕਾਡਮੀ ਵੱਲੋਂ ਸਰਦਾਰ ਪੰਛੀ ਅਤੇ ਡਾਕੂਮੈਂਟਰੀ ਫ਼ਿਲਮ ਬਣਾਉਣ ਵਾਲੇ ਸ੍ਰੀ ਜੋਗਿੰਦਰ ਸਿੰਘ ਕਲਸੀ ਹੋਰਾਂ ਨੂੰ ਦੋਸ਼ਾਲੇ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਉੱਘੇ ਲੇਖਕ ਇਕਬਾਲ ਮਾਹਲ ਵੀ ਸ਼ਾਮਲ ਸਨ।
 ਪ੍ਰੋ. ਕੁਲਵੰਤ ਜਗਰਾਉ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਵਿਦਵਤਾ ਭਰਪੂਰ ਪਰਚਾ ਪੇਸ਼ ਕੀਤਾ। ਇਸੇ ਸਮੇਂ ਸ. ਰੂਪ ਸਿੰਘ ਰੂਪਾ ਜੀ ਨੂੰ ਸ. ਜਗਮੇਲ ਸਿੰਘ ਜਠੌਲ ਵੱਲੋਂ ਤਿਆਰ ਕੀਤਾ ਅਭਿਨੰਦਨ ਗ੍ਰੰਥ ‘ ਸੁਲੱਗ ਧਰਤੀ ਪੁੱਤਰ’ ਭੇਟਾ ਕੀਤਾ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਮਲਾ ਨਹਿਰੂ ਕਾਲਜ ਫਗਵਾੜਾ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਟਰਾਫ਼ੀ ਭੇਟਾ ਕੀਤੀ ਗਈ।
 ਅੱਜ ਦੇ ਇਸ ਸਮਾਗਮ ਵਿਚ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਜੀ ਨੇ ਪਧਾਰਨਾ ਸੀ ਪਰ ਉਨ੍ਹਾਂ ਦੇ ਵੱਡੇ ਭਰਾਤਾ ਜੀ ਦੇ ਬੇਵਕਤ ਮੌਤ ਹੋਣ ਕਰਕੇ ਉਹ ਨਹੀਂ ਪਹੁੰਚ ਸਕੇ। ਇਸੇ ਤਰ੍ਹਾਂ ਸਨਮਾਨਤ ਸ਼ਖ਼ਸੀਅਤ ਸ. ਗੁਰਸੇਵਕ ਸਿੰਘ ਪ੍ਰੀਤ ਦੇ ਭਰਾਤਾ ਦੀ ਬੇਵਕਤ ਮੌਤ ਹੋ ਜਾਣ ਕਾਰਨ ਨਹੀਂ ਪਹੁੰਚ ਸਕੇ। ਸਮੁੱਚੇ ਇਕੱਠ ਨੇ ਦੋ ਮਿੰਟ ਮੌਨ ਰੱਖਕੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਕ੍ਰਮਵਾਰ ਸ. ਰੂਪ ਸਿੰਘ ਰੂਪਾ, ਪ੍ਰੋ. ਪ੍ਰੀਤਮ ਸਿੰਘ ਅਤੇ ਪ੍ਰੋ. ਕੁਲਵੰਤ ਜਗਰਾਉ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਹਨ ਅਤੇ ਬਾਕਾਇਦਾ ਸੰਵਿਧਾਨਿਕ ਵਿਧੀ ਅਪਣਾ ਕੇ ਇਨਾਮਾਂ ਦੀ ਚੋਣ ਕੀਤੀ ਜਾਂਦੀ ਹੈ।  ਉਨ੍ਹਾਂ ਨੇ ਉਪਰੋਕਤ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ। ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਹੋਰਾਂ ਦਸਿਆ ਕਿ ਸ. ਰੂਪ ੋਿਸੰਘ ਰੂਪਾ ਹੋਰਾਂ ਨੇ ਪਹਿਲੀ ਢਾਈ ਲੱਖ ਦੀ ਰਾਸ਼ੀ ਵਿਚ ਵਾਧਾ ਕਰਨ ਲਈ ਸਵਾ ਲੱਖ ਰੁਪਏ ਹੋਰ ਦਿੱਤੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਕੁਲਵੰਤ ਜਗਰਾਉ ਦਾ ਬੇਟਾ ਸ. ਨਵਜੋਤ ਸਿੰਘ ਅਤੇ ਸਮੂਹ ਪਰਿਵਾਰ, ਮਿੱਤਰ ਸੈਨ ਮੀਤ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਖੁਸ਼ਵੰਤ ਬਰਗਾੜੀ, ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਨਿਮਾਣਾ, ਵਰਗਿਸ ਸਲਾਮਤ, ਸ੍ਰੀ ਸੁਰਜੀਤ ਸਿੰਘ, ਕਰਮਜੀਤ ਸਿੰਘ ਔਜਲਾ, ਜਗੀਰ ਸਿੰਘ ਪ੍ਰੀਤ, ਇੰਦਰਜੀਤਪਾਲ ਕੌਰ, ਡਾ. ਫਕੀਰ ਚੰਦ ਸ਼ੁਕਲਾ, ਸ. ਸਰੂਪ ਸਿੰਘ ਅਲੱਗ, ਸਤਨਾਮ ਸਿੰਘ ਕੋਮਲ, ਡਾ. ਅਮਰਜੀਤ ਸਿੰਘ ਹੇਅਰ, ਕੇ. ਸਾਧੂ ਸਿੰਘ, ਭਗਵਾਨ ਢਿੱਲੋਂ, ਰਵੀ ਦੀਪ, ਪਰਮਜੀਤ ਕੌਰ ਮਹਿਕ, ਬਰਿਸ਼ ਭਾਨ ਘਲੋਟੀ, ਇੰਜ. ਸੁਰਜਨ ਸਿੰਘ, ਪ੍ਰੇਮ ਭੂਸ਼ਨ ਗੋਇਲ, ਜੈ ਕਿਸ਼ਨ ਸਿੰਘ ਬੀਰ, ਬੀਰ ਬਾਲਾ ਸੱਦੀ, ਪੰਮੀ ਹਬੀਬ, ਭਗਵੰਤ ਕੌਰ, ਮਨਿੰਦਰਪਾਲ ਸਿੰਘ, ਕਮਲਾ ਨਹਿਰੂ ਕਾਲਜ ਫਗਵਾੜਾ ਦੇ ਵਿਦਿਆਰਥੀ ਅਤੇ ਅਧਿਆਪਕਾਂ ਸਮੇਤ ਕਾਫ਼ੀ ਗਿਣਤੀ ਵਿਚ ਸਥਾਨਕ ਲੇਖਕ ਹਾਜ਼ਰ ਸਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰੈੱਸ ਸਕੱਤਰ

No comments: