Monday, March 23, 2015

"ਆਪ" ਨੇ ਵੀ ਦਿੱਤਾ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਸੱਦਾ

ਸ਼ਹੀਦਾਂ ਨੂੰ ਸਿਰਫ ਇੱਕੋ ਦਿਨ  ਨਹੀਂ ਬਲਕਿ ਹਮੇਸ਼ਾਂ ਯਾਦ ਰੱਖਣ ਲਈ ਵੀ ਕਿਹਾ 
ਲੁਧਿਆਣਾ: 23 ਮਾਰਚ 2015: (ਪੰਜਾਬ ਸਕਰੀਨ ਬਿਊਰੋ): 
ਆਮ ਆਦਮੀ ਪਾਰਟੀ (ਆਪ) ਦੇ ਕਾਰਕੁੰਨ ਵੀ ਅੱਜ ਜਗਰਾਓਂ ਪੁਲ 'ਤੇ ਸਥਿਤ ਸ਼ਹੀਦਾਂ ਦੀ ਯਾਦਗਾਰ ਵਿਖੇ ਉਚੇਚੇ ਤੌਰ ਤੇ ਆਪਣੇ ਵਿਲੱਖਣ ਅੰਦਾਜ਼ ਵਿੱਚ ਪਹੁੰਚੇ।  ਕੇਸਰੀ ਪੱਗਾਂ ਨਾਲ ਸਜੇ ਹੋਏ ਇਹਨਾਂ ਕਾਰਕੁਨਾਂ ਨੇ ਸ਼ਹੀਦਾਂ ਦੀ ਹਮਾਇਤ ਦੇ ਨਾਲ ਨਾਲ ਡ੍ਰਗ ਮਾਫੀਆ ਮੁਰਦਾਬਾਦ ਦੇ ਨਾਅਰੇ ਵੀ ਲਗਾਏ।  ਆਪ ਵਰਕਰਾਂ ਦੀ ਇਸ ਨਾਅਰੇਬਾਜ਼ੀ  ਵੇਲੇ ਇਸ ਸ਼ਹੀਦੀ ਯਾਦਗਾਰ ਵਿਖੇ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਨਾਲ ਜੁੜੇ ਵਰਕਰ ਵੀ  ਮੌਜੂਦ ਸਨ। 
ਆਮ ਆਦਮੀ ਪਾਰਟੀ ਲੁਧਿਆਣਾ ਦੇ ਯੂਥ ਵਿੰਗ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਵੱਖਰਾ ਢੰਗ ਅਪਣਾਇਆ, ਜਿੱਥੇ ਬਾਕੀ ਰਾਜਨੀਤਿਕ ਆਗੂ ਇੰਨ੍ਹਾਂ ਸ਼ਹੀਦਾਂ ਦੇ ਗਲਾਂ ਵਿੱਚ ਹਾਰ ਪੁਆ ਕੇ ਅਤੇ ਫੋਟੋਆਂ ਖਿਚਵਾ ਕੇ ਹੀ ਆਪਣਾ ਫਰਜ਼ ਸਮਝਦੇ ਹਨ, ਉਥੇ ਆਪ ਯੂਥ ਵਿੰਗ ਦੇ ਨੌਜਵਾਨਾਂ ਨੇ ਲੋਕਾਂ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਦੇ ਨਾਲ-ਨਾਲ, ਉਨ੍ਹਾਂ ਦੀ ਸ਼ਹਾਦਤ ਦੇ ਕਾਰਨਾਂ ਤੋਂ ਵੀ ਜਾਗਰੂਕ ਕਰਨਾ ਆਪਣਾ ਮਕਸਦ ਬਣਾਇਆ।
ਯੂਥ ਵਿੰਗ ਦੇ ਮੈਂਬਰਾਂ ਨੇ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਜਿੰਨ੍ਹਾਂ ਅੱਤਿਆਚਾਰੀਆਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸ਼ਹੀਦ ਹੋਏ, ਆਪਣਾ ਬਲੀਦਾਨ ਦਿੱਤਾ ਕਿ ਇਹ ਉਹ ਦੇਸ਼ ਹੈ? ਜਿੱਥੇ ਆਮ ਲੋਕਾਂ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਕਿਵੇਂ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨ ਅਤੇ ਕਿਵੇਂ ਉਹਨਾਂ ਨੂੰ ਪੜ੍ਹਾਈ ਕਰਵਾਉਣ ਤੇ ਵਧੀਆ ਨੌਕਰੀ ਤਾਂ ਰਿਸ਼ਵਤ ਤੋਂ ਬਿਨ੍ਹਾਂ ਮਿਲਦੀ ਹੀ ਨਹੀਂ। ਜਿੱਥੇ ਦੇਸ਼ ਦਾ ਨੌਜਵਾਨ ਦੇਸ਼ ਦੀ ਤਾਕਤ ਹੁੰਦਾ ਸੀ, ਅੱਜ ਉਹ ਆਪ ਨਸ਼ਿਆਂ ਨੇ ਖਾਧਾ ਪਿਆ ਹੈ ਅਤੇ ਆਪਣੇ ਸਰੀਰ ਦਾ ਭਾਰ ਵੀ ਮਸਾਂ ਹੀ ਚੁੱਕਦਾ ਹੈ।
ਆਮ ਆਦਮੀ ਪਾਰਟੀ ਲੁਧਿਆਣਾ ਦੇ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੰਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ, ਨਾ ਕਿ ਖਾਨਾ ਪੂਰਤੀ ਲਈ ਕਿਸੇ ਵਿਸ਼ੇਸ਼ ਦਿਨ ਦਾ ਇੰਤਜਾਰ ਕਰੀਏ। ਉਨ੍ਹਾਂ ਨੇ ਯੂਥ ਵਿੰਗ ਦੇ ਸਾਰੇ ਮੈਂਬਰਾਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਸਾਨੂੰ ਅਜਿਹੇ ਵਲੰਟੀਅਰਾਂ ਤੇ ਮਾਣ ਹੈ, ਜੋ ਦੇਸ਼ ਲਈ ਅੱਜ ਵੀ ਕੁਝ ਕਰਨ ਦੀ ਇੱਛਾ ਰੱਖਦੇ ਹਨ। ਆਮ ਆਦਮੀ ਪਾਰਟੀ ਦਾ ਇਹੀ ਮਕਸਦ ਹੈ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਪੂਰਨ ਰੂਪ ਵਿੱਚ ਆਜ਼ਾਦੀ ਦਿਵਾਉਣਾ ਹੈ ਅਤੇ ਇੱਕ ਨਵੇਂ ਪੰਜਾਬ ਦੀ ਨੀਂਹ ਰੱਖਣਾ ਹੈ।

No comments: