Thursday, March 19, 2015

ਡੀ.ਏ.ਵੀ. ਕਾਲਜ ’ਚ ਦੇਸ਼ ਭਗਤਾਂ ਬਾਰੇ ਇਤਿਹਾਸਕ ਨੁਮਾਇਸ਼


Thu, Mar 19, 2015 at 4:35 PM
ਵਿਦਿਆਰਥੀਆਂ ਨੂੰ ਲੱਗਿਆ ਦੇਸ਼-ਭਗਤੀ ਦਾ ਜਾਗ 
ਜਲੰਧਰ:19 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਹੋਰ ਦੇਸ਼ ਭਗਤ ਸ਼ਕਤੀਆਂ ਵੱਲੋਂ ਦੇਸ਼ ਭਗਤੀ ਦੇ ਜਜ਼ਬੇ ਨੂੰ ਉਭਾਰਨ ਦਾ ਕੰਮ ਜਾਰੀ ਹੈ। ਇਸ ਜ਼ੋਰਦਾਰ ਮੁਹਿੰਮ ਦੇ ਸਿੱਟੇ ਵੱਜੋਂ ਥਾਂ ਥਾਂ ਇਕੱਤਰਤਾਵਾਂ ਹੋ ਰਹੀਆਂ ਹਨ ਅਤੇ ਪਿੰਡ ਪਿੰਡ ਮੇਲੇ ਵੀ ਲੱਗ ਰਹੇ ਹਨ।  ਏਸੇ  ਸਿਲਸਿਲੇ ਵਿੱਚ ਜਲੰਧਰ ਵਿੱਚ ਵੀ ਇੱਕ ਵਿਸ਼ੇਸ਼ ਆਯੋਜਨ ਹੋਇਆ।
 ਡੀ.ਏ.ਵੀ. ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ’ਚ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ’ਚ ਡਾ. ਰਘਬੀਰ ਕੌਰ, ਅਮੋਲਕ ਸਿੰਘ, ਗੁਰਮੀਤ ਅਤੇ ਸੀਤਾ ਰਾਮ ਬਾਂਸਲ, ਬਲਵਿੰਦਰ ਕੌਰ ਬਾਂਸਲ ਨੇ ਦੇਸ਼ ਭਗਤ ਗ਼ਦਰੀ ਸੰਗਰਾਮੀਆਂ ਅਤੇ ਹੋਰ ਭੁੱਲੀਆਂ ਵਿਸਰੀਆਂ ਇਨਕਲਾਬੀ ਲਹਿਰਾਂ ਦੀਆਂ ਇਤਿਹਾਸਕ ਦਸਤਾਵੇਜ਼ਾਂ, 1857 ’ਚ ਅਜਨਾਲਾ ਦੇ ਖੂਹ ਦੇ ਅਮਰ ਸ਼ਹੀਦਾਂ ਦੀਆਂ ਅਸਥੀਆਂ ਅਤੇ ਵਿਰਾਸਤੀ ਤਸਵੀਰਾਂ ਦੀ ਨੁਮਾਇਸ਼ ਲਗਾਈ।  ਨੁਮਾਇਸ਼ ਦਾ ਵਿਸ਼ੇਸ਼ ਉੱਦਮ ਯਾਦਗਾਰ ਹਾਲ ਦੀ ਲਾਇਬਰੇਰੀਅਨ ਬਲਵਿੰਦਰ ਕੌਰ ਬਾਂਸਲ ਅਤੇ ਉਹਨਾਂ ਦੇ ਜੀਵਨ ਸਾਥੀ ਸੀਤਾ ਰਾਮ ਬਾਂਸਲ ਨੇ ਕੀਤਾ।
ਇਤਿਹਾਸਕ ਨੁਮਾਇਸ਼ ਦਾ ਉਦਘਾਟਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਸ੍ਰੀ ਬੂਟਾ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਏ.ਐਲ.ਸਾਂਘਲ ਨੇ ਕੀਤਾ।
ਕਾਲਜ ਫੈਸਟੀਵਲ ਦੌਰਾਨ ਵਿਲੱਖਣ ਖਿੱਚ ਦਾ ਕੇਂਦਰ ਬਣੀ ਇਹ ਨੁਮਾਇਸ਼ ਲਗਾਉਣ ਦਾ ਸਿਹਰਾ ਕਾਲਜ ਵਿਦਿਆਰਥੀਆਂ ਦੀ ਅਗਵਾਨੂੰ ਟੋਲੀ ਵਿਸ਼ਾਲਦੀਪ, ਉਦੈ ਬਾਨੂੰ ਖਜ਼ੂਰੀਆ, ਸਿਮਰ ਸਿੰਘ ਗਰੇਵਾਲ, ਇੰਦਰਪਾਲ ਸਿੰਘ, ਨਵੀਨ, ਗੁਰਪ੍ਰੀਤ ਅਤੇ ਉਹਨਾਂ ਦੇ ਕਿੰਨੇ ਹੀ ਸਾਥੀਆਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੂੰ ਅਜੋਕੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਦੇ ਲੜ ਲਾਉਣ ਲਈ ਅਥਾਹ ਮਿਹਨਤ ਕੀਤੀ।
ਇਸ ਮੌਕੇ ਡੀਨ, ਪਿ੍ਰੰਸੀਪਲ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਸਮਾਜ ਦਾ ਨਵ-ਨਿਰਮਾਣ ਕਰਨ ਵਾਲੇ ਸੂਝਵਾਨ, ਸਮਰਪਤ, ਨਿਹਚਾਵਾਨ ਅਤੇ ਹਰ ਕੁਰਬਾਨੀ ਲਈ ਤਿਆਰ ਰਹਿਣ ਵਾਲੇ ਵਿਗਿਆਨਕ ਇੰਜੀਨੀਅਰਾਂ ਦੀ ਹੈ।  ਉਹਨਾਂ ਨੇ ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤਾਂ ਦੀ ਇਤਿਹਾਸਕ ਨੁਮਾਇਸ਼ ਲਾਉਣ ’ਤੇ ਮੁਬਾਰਕਵਾਦ ਦਿੱਤੀ।
ਕਾਲਜ ਦੇ ਮੁਖੀਆਂ ਵੱਲੋਂ ਡਾ. ਰਘਬੀਰ ਕੌਰ, ਅਮੋਲਕ ਸਿੰਘ ਅਤੇ ਗੁਰਮੀਤ ਨੂੰ ਫੁੱਲਾਂ ਦੀ ਮਹਿਕ ਨਾਲ ਸਨਮਾਨਤ ਕੀਤਾ। ਸਿਰਫ ਉਮੀਦ ਹੀ ਨਹੀਂ ਪੱਕਾ ਯਕੀਨ ਕਰਨਾ ਚਾਹੀਦਾ ਹੈ ਕਿ ਗਦਰੀ ਬਾਬੇ ਅਤੇ ਦੇਸ਼ ਭਗਤ ਸੂਰਮੇ ਆਪਣੇ ਜਜ਼ਬੇ ਨਾਲ ਲੋਕਾਂ ਨੂੰ ਦੇਸ਼ ਭਗਤੀ ਵਾਲੇ ਪਾਸੇ ਸਰਗਰਮ ਕਰਨਗੇ।

No comments: