Wednesday, March 18, 2015

ਲੋਕਾਂ ਦੇ ਦਿਲਾਂ ਅਤੇ ਸੋਸ਼ਲ ਮੀਡੀਆ ਤੇ ਛਾਏ ਚਿਹਰੇ

ਇਸ ਵਾਰ ਚਰਚਾ ਮਨੁੱਖਤਾ ਦੇ ਭਲੇ ਲਈ ਸਮਰਪਿਤ ਜਿਓਤਸਨਾ ਦੀ
ਲੁਧਿਆਣਾ: 17 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜਕਲ੍ਹ ਜਦੋਂ  ਲੋਕ ਆਪਣੇ ਸਵਾਰਥ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੋਚਦੇ ਬੜੀ ਚਿੰਤਾ ਹੁੰਦੀ ਹੈ ਕਿ  ਦੁਨੀਆ  ਕਿਧਰ ਨੂੰ ਜਾ ਰਹੀ ਹੈ। "ਬਾਪ ਬੜਾ ਨ ਭਈਆ ਸਬਸੇ ਬੜਾ ਰੁਪਈਆ" ਦੀ ਸੋਚ ਵਾਲੇ ਇਸ ਵਰਤਾਰੇ ਵਿੱਚ ਹੁਣ ਓਹ ਲੋਕ ਵੀ ਸ਼ਾਮਲ ਹੁੰਦੇ ਜਾ  ਰਹੇ ਹਨ ਜਿਹਨਾਂ ਨੇ ਧੋਖਿਆਂ ਅਤੇ ਬੇਵਫਾਈਆਂ ਦੇ ਦਰਦ ਹੱਡੀਂ ਹੰਡਾਏ ਹਨ। ਕੁਝ ਭੈੜੇ ਵਿਅਕਤੀਆਂ ਦੀਆਂ ਜ਼ਿਆਦਤੀਆਂ ਦਾ ਬਦਲਾ ਓਹ ਉਹਨਾਂ ਕੋਲੋਂ ਲੈਣ ਦੀ ਬਜਾਏ ਕੁਝ ਭਲੇ ਅਤੇ ਨਿਰਦੋਸ਼ ਲੋਕਾਂ ਕੋਲੋਂ ਲੈਣ ਤੁਰ ਪੈਂਦੇ ਹਨ। ਦੁਸ਼ਮਣਾਂ ਸਾਹਮਣੇ ਵੱਸ ਨਾ ਚੱਲਦਾ ਦੇਖ ਓਹ ਦੋਸਤਾਂ ਨੂੰ ਆਪਣੀਆਂ ਚਲਾਕੀਆਂ ਦਿਖਾਉਣ ਤੁਰ ਪੈਂਦੇ ਹਨ। ਬਣੀਆ  ਸੋਚ ਦੇ ਧਾਰਣੀ  ਹੋ ਚੁੱਕੇ ਇਹਨਾਂ ਲੋਕਾਂ ਦੀ ਸਾਰੀ ਉਮਰ ਨਫੇ ਨੁਕਸਾਨ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਗੁਜ਼ਰ ਜਾਂਦੀ ਹੈ ਅਤੇ ਇਹ ਲੋਕ ਸਰੀਰ ਵਜੋਂ ਵਿਚਰਦੇ ਹੋਏ ਸਰੀਰ ਵੱਜੋਂ ਹੀ ਖਤਮ ਹੋ ਜਾਂਦੇ ਹਨ। ਆਤਮਾ-ਪ੍ਰਮਾਤਮਾ ਜਾਂ ਜਾਗਦੀ ਜ਼ਮੀਰ  ਵਾਲੀਆਂ ਗੱਲਾਂ ਇਹਨਾਂ ਲੋਕਾਂ ਲਈ ਸਿਰਫ ਕਿਤਾਬੀ ਗਲਾਂ ਹੁੰਦੀਆਂ ਹਨ। ਇਸੇ ਦੌਰਾਨ ਵਾਟਸਅਪ ਤੇ ਕੁਝ ਤਸਵੀਰਾਂ ਮਿਲੀਆਂ ਜਿਹਨਾਂ ਵਿੱਚ ਚੰਗੇ ਕਰਮਾਂ ਦੀਆਂ ਗੱਲਾਂ ਸਨ ਜ਼ਿੰਦਗੀ ਤੋਂ ਬਾਅਦ ਵੀ ਜਿਊਂਦੇ ਰਹਿਣ ਦੇ ਨੁਸਖੇ ਸਨ ਪਰ ਸਚਮੁਚ ਦੀ ਜ਼ਿੰਦਗੀ  ਵਿੱਚ ਕੋਈ ਚੇਹਰਾ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਇਹਨਾਂ ਭਾਵਨਾਵਾਂ ਪ੍ਰਤੀ ਸਮਰਪਿਤ ਹੋਵੇ। ਜਿਓਤਸਨਾ ਅਤੇ ਉਸਦੀ ਟੀਮ ਬਾਰੇ ਪਤਾ ਲੱਗਣ ਤੇ  ਫੇਰ ਵਿਸ਼ਵਾਸ ਹੋਣ ਲੱਗ ਪਿਆ ਕਿ ਅਜਿਹੇ ਲੋਕ ਅੱਜ ਦੇ ਸਵਾਰਥ ਪੂਰਣ ਯੁਗ ਵਿੱਚ ਵੀ ਮੌਜੂਦ ਹਨ।
ਬਿਰਧ ਆਸ਼ਰਮ  ਵਿੱਚ ਜਿਓਤਸਨਾ ਅਤੇ ਉਸਦੀ ਟੀਮ
ਬੜੀ ਛੋਟੀ ਜਿਹੀ ਉਮਰ ਵਿੱਚ ਹੀ ਕਈ ਮਾਣ ਸਨਮਾਣ ਲੈਣ ਵਾਲੀ ਜਿਓਤਸਨਾ ਦੇਸ਼ ਵਿਦੇਸ਼ ਵਿੱਚ ਘੁੰਮ ਕੇ ਵੀ ਆਪਣੇ ਦੇਸ਼ ਨੂੰ ਨਹੀਂ ਭੁੱਲੀ। ਵਿਦੇਸ਼ੀ ਸਵਰਗਾਂ ਦੇ ਨਜ਼ਾਰੇ ਦੇਖ ਕੇ ਵੀ ਉਹ ਆਪਣੇ ਦੇਸ਼ ਪ੍ਰਤੀ ਸੁਚੇਤ ਰਹਿੰਦੀ ਹੈ। ਦੇਸ਼ ਪਰਤ ਕੇ ਉਹ ਆਪਣੇ ਦੇਸ਼ ਨੂੰ ਵੀ ਸਵਰਗ ਬਣਾਉਣ ਲਈ  ਉੱਦਮ ਕਰਦੀ ਹੈ। ਕਦੇ ਥੈਲਾਸੀਮਿਕ ਬੱਚਿਆਂ ਲਈ  ਬਲੱਡ ਕੈਪ, ਕਦੇ ਕੁੜੀਆਂ ਲਈ  ਫ੍ਰੀ ਸੈਲਫ ਡਿਫੈਂਸ ਦੀ ਟ੍ਰੇਨਿੰਗ ਅਤੇ ਕਦੇ ਨਸ਼ਿਆਂ ਦੇ ਖਿਲਾਫ਼ ਕਿਸੇ ਸਰਗਰਮ ਅੰਦੋਲਨ ਵਿੱਚ।
ਇਸ ਵਾਰ ਉਹ ਪੁੱਜੀ ਹੰਬੜਾ ਰੋਡ ਤੇ ਸਥਿਤ ਪਿੰਡਾਂ ਵਿੱਚ। ਮਕਸਦ ਸੀ ਏਡਸ  ਦੇ ਖਿਲਾਫ਼ ਜਾਗਰੂਕਤਾ ਲਿਆਉਣਾ। ਉਸਦੇ ਨਾਲ ਸਨ ਦੀਕਸ਼ਾ, ਭਾਵਿਆ ਅਤੇ ਹੋਰ ਸਹੇਲੀਆਂ।  ਪਿੰਡ ਦੀ ਸਰਪੰਚ ਪਰਮਜੀਤ ਕੌਰ ਕੋਲੋਂ ਬਾਕਾਇਦਾ ਇਜ਼ਾਜ਼ਤ ਅਤੇ ਆਸ਼ੀਰਵਾਦ ਲੈ ਕੇ ਜਿਓਤਸਨਾ ਦੀ ਟੀਮ ਨੇ ਪਿੰਡਾਂ ਦੀਆਂ ਗਲੀਆਂ ਵਿੱਚ ਰਾਊਂਡ ਲਾਇਆ ਅਤੇ ਲੋਕਾਂ ਨੂੰ ਪੰਜਾਬੀ ਵਿੱਚ ਛਪੇ ਪਰਚੇ ਵੀ ਵੰਡੇ। ਉਮੀਦ ਹੈ ਇਸ ਕੁੜੀ ਦੀਆਂ ਕੋਸ਼ਿਸ਼ਾਂ ਸਮਾਜ ਨੂੰ ਬਣਾਉਣ ਲਈ  ਛੇਤੀ ਹੀ ਆਪਣੇ ਕਾਫ਼ਿਲੇ ਨੂੰ ਹੋਰ ਵੱਡਾ ਕਰ ਲੈਣਗੀਆਂ।

No comments: