Sunday, March 15, 2015

ਜੋਸ਼ੋ ਖਰੋਸ਼ ਨਾਲ ਮਨਾਈ ਗਈ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਬਰਸੀ

ਬੁੱਤ ਤੋੜਣ ਵਾਲਿਆਂ ਨੂੰ ਬੁਲਾਰਿਆਂ ਵੱਲੋਂ ਸਖਤ ਚੇਤਾਵਨੀ 
ਬੇਅਦਬੀ ਕਰਨ ਵਾਲਿਆਂ ਵਿਰੁਧ ਦੇਸ਼ ਧ੍ਰੋਹ ਦੀ ਧਾਰਾ ਲਾਗੂ ਕਰਾਉਣ ਦੀ ਮੰਗ ਦਾ ਮਤਾ ਵੀ ਪਾਸ 
ਲੁਧਿਆਣਾ: 15 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਲੋਕ ਦੋਖੀ ਅਨਸਰਾਂ ਦੀਆਂ ਸਾਜ਼ਿਸ਼ਾਂ ਨੂੰ ਬੁਰੀ ਤਰਾਂ ਨਾਕਾਮ ਕਰਦਿਆਂ ਅੱਜ ਗਦਰੀ ਬਾਬਿਆਂ ਦੇ  ਪੈਰੋਕਾਰਾਂ ਨੇ ਬੜੇ ਹੀ ਜੋਸ਼ੋ ਖਰੋਸ਼ ਨਾਲ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਬਰਸੀ ਮਨਾਈ। ਇਸ ਮੌਕੇ ਖੇਡੇ ਗਏ  ਨਾਟਕ, ਪੇਸ਼ ਕੀਤੀ ਗਏ  ਗੀਤ ਸੰਗੀਤ ਅਤੇ ਭਾਸ਼ਣਾਂ ਰਾਹੀਂ ਸਪਸ਼ਟ ਚੇਤਾਵਨੀ ਦਿੱਤੀ ਗਈ ਕਿ ਜੇ ਕਾਨੂੰਨ ਨੇ ਬੁੱਤ ਤੋੜਨ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਤਾਂ ਦੇਸ਼ ਭਗਤਾਂ ਦੇ ਵਾਰਸ ਖੁਦ ਵੀ ਉਹਨਾਂ ਨੂੰ ਸਜ਼ਾ ਦੇਣਾ ਜਾਣਦੇ ਹਨ। ਚੇਤੇ ਰਹੇ ਕਿ ਬਾਬਾ ਜੀ ਦੇ ਬੁੱਤ ਉੱਪਰ ਤਿੰਨ ਚਾਰ ਵਾਰ ਹਮਲੇ ਹੋ ਚੁੱਕੇ ਹਨ ਪਰ  ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਬਣੀ ਕਮੇਟੀ ਦੇ ਮੁਤਾਬਿਕ ਪੁਲਿਸ ਨੇ ਇਸ ਮਾਮਲੇ ਵਿੱਚ ਸਤਬੀਰ ਗੈਂਗ ਦੇ ਮੈਂਬਰ ਕਈ ਦਿਨ ਪਹਿਲਾਂ ਹੀ ਕਾਬੂ ਕੀਤੇ ਹਨ ਪਰ ਇਸ ਬਾਰੇ ਅਜੇ ਤੱਕ ਅਧਿਕਾਰਕ ਸੂਚਨਾ ਨਹੀਂ ਕਿ ਸਤਬੀਰ ਗਿਰੋਹ ਦੇ ਇਹਨਾਂ ਮੈਂਬਰਾਂ ਨੇ ਇਹ ਬੁੱਤ ਕਿਓਂ ਤੋੜਿਆ? ਬਰਸੀ ਮੌਕੇ ਇਕੱਤਰ ਸਮਾਗਮ ਵਿੱਚ ਮਤਾ ਪਾਸ ਕਰਕੇ ਉਹਨਾਂ ਖਿਲਾਫ਼ ਦੇਸ਼ ਧ੍ਰੋਹ ਦੀ ਧਾਰਾ ਲਾਗੂ ਕਰਨ ਅਤੇ ਉਹਨਾਂ ਦੀ ਪਿਠ ਥਾਪੜਨ  ਵਾਲੇ ਸਾਜ਼ਿਸ਼ੀਆਂ ਨੂੰ ਵੀ ਬੇਨਕਾਬ ਕਰਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਸਮਾਗਮ ਵਿੱਚ ਭਾਗ ਲੈਣ ਲਈ ਲੋਕ ਵੱਖ ਵੱਖ ਇਲਾਕਿਆਂ ਵਿੱਚੋਂ ਕਾਫ਼ਿਲੇ ਬਣਾ ਕੇ ਆਏ। ਲੁਧਿਆਣਾ ਤੋਂ ਕਾਮਰੇਡ ਗੁਰਨਾਮ   ਸਿਧੂ ਅਤੇ ਕਾਮਰੇਡ ਰਮੇਸ਼ ਰਤਨ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਿਲਾ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਲਲਤੋਂ ਖੁਰਦ ਪਹੁੰਚਿਆ। 
ਲੋਕਾਂ ਨੇ ਬੜੀ ਸ਼ਰਧਾ ਨਾਲ ਬਾਬਾ ਜੀ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ ਅਤੇ ਜੋਸ਼ੀਲੀ ਨਾਅਰੇਬਾਜ਼ੀ ਨਾਲ ਦੱਸਿਆ ਕਿ ਉਹ ਬੁੱਤ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ  ਦੁਆਏ ਬਿਨਾ ਚੈਨ ਨਾਲ ਨਹੀਂ ਬੈਠਣਗੇ। ਦਿੱਲੀ ਤੋਂ ਆਈ ਇਨਕ਼ਲਾਬੀ ਸ਼ਾਇਰਾ  ਰੁਪਿੰਦਰ ਕੌਰ ਨੇ ਵੀ ਆਪਣੀ ਇੱਕ ਛੋਟੀ ਜਿਹੀ ਕਵਿਤਾ ਰਾਹੀਂ ਸਮੁੱਚੀ ਇਸਤਰੀ ਜਾਤੀ ਅਤੇ ਖਾਸ ਕਰਕੇ ਅੱਜ ਦੀਆਂ ਮੁਟਿਆਰਾਂ ਨੂੰ ਹਲੂਣਾ ਦੇਂਦਿਆਂ ਕਿਹਾ ਕਿ ਓਹ ਸਵੈ ਨਿਰਭਰ ਬਣਨ ਅਤੇ ਏਨਾ ਮਜਬੂਤ ਹੋ ਕੇ ਵਿਚਰਣ ਕਿ ਉਹਨਾਂ ਵੱਲ ਅੱਖ ਚੁੱਕਣ ਵਾਲਾ ਹਰ ਹਨੇਰਾ ਵੀ ਦਹਿਲ ਜਾਵੇ।
ਇਸ ਮੌਕੇ ਤੇ ਇੰਕ਼ਲਾਬੀ ਕੇਂਦਰ ਪੰਜਾਬ ਦੇ ਬੁਲਾਰੇ ਹਰਦੇਵ ਮੁੱਲਾਂਪੁਰੀ ਨੇ ਬੜੇ ਸਖਤ ਪਰ ਜਜ਼ਬਾਤੀ ਬੋਲਾਂ ਵਿੱਚ ਜਿੱਥੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਅੱਜ ਦੇ ਹਾਲਾਤ ਅਤੇ  ਕਾਨੂੰਨ ਦੀ ਹਾਲਤ ਬਾਰੇ ਵੀ ਡੂੰਘੀ ਚਿਤਾ ਪ੍ਰਗਟ ਕੀਤੀ। ਉਹਨਾਂ ਦੱਸਿਆ ਕਿ ਅੱਜ ਆਮ ਜਨਤਾ ਖਾਸ ਕਰਕੇ ਕੁੜੀਆਂ ਨਾਲ ਕੀ ਕੀ ਵਾਪਰ ਰਿਹਾ ਹੈ। ਹਰਦੇਵ ਮੁੱਲਾਂਪੁਰੀ ਨੇ ਬੜੇ ਹੀ ਥੋਹੜੇ ਸ਼ਬਦਾਂ ਵਿੱਚ ਅੱਜ ਦੇ ਭਿਆਨਕ ਹਾਲਾਤ ਦੀ ਤਸਵੀਰ ਖਿੱਚੀ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਉਚੇਚੇ ਤੌਰ ਤੇ ਪੁੱਜੇ ਕਾਮਰੇਡ ਅਮੋਲਕ ਸਿੰਘ ਨੇ  ਪਛਾਣੇ ਹਰਮਨ  ਵਿੱਚ ਅੱਜ ਦੇ ਹਾਲਾਤ ਦੀ ਚਰਚਾ ਕਰਦਿਆਂ ਬੜੇ ਹੀ ਸਿਧੇ ਸਾਧੇ ਸ਼ਬਦਾਂ ਵਿੱਚ ਅਨਸਰਾਂ ਦੀਆਂ ਸਾਜ਼ਿਸ਼ਾਂ ਅਤੇ ਖਤਰਨਾਕ ਚਾਲਾਂ ਨੂੰ ਬੇਨਕਾਬ ਕੀਤਾ। 
 ਦੇਸ਼ਭਗਤ ਪਰਿਵਾਰ ਦੇ ਸਰਗਰਮ ਮੈਂਬਰ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਇਸ ਵਾਰ ਵੀ ਸ਼ਹੀਦਾਂ ਨੂੰ ਯਾਦ ਕਰਦਿਆਂ ਇਕੱਤਰਤਾ ਨੂੰ ਟੁੰਬਿਆ ਕਿ ਜ਼ਰਾ ਸੋਚੋ ਕਿ ਦੇਸ਼ ਭਗਤ ਗਦਰੀ ਬਾਬਿਆਂ ਨੇ ਆਪਣੇ ਜਿਸਮਾਂ ਤੇ ਜ਼ੁਲਮੋ-ਤਸ਼ੱਦਦ ਦਾ ਉਹ ਭਿਆਨਕ ਦੌਰ ਕਿਵੇਂ ਹੰਡਾਇਆ ਹੋਵੇਗਾ ਜਿਸ ਬਾਰੇ ਸੁਣਦਿਆਂ ਸੋਚਦਿਆਂ ਵੀ ਰੌਂਗਟੇ ਖੜੇ ਹੋ ਜਾਂਦੇ ਹਨ।
ਇਸ ਮੌਕੇ ਚੰਡੀਗੜ੍ਹ ਤੋਂ ਆਏ ਬੀਬੀ ਦਲਬੀਰ ਕੌਰ ਨੇ ਜਿੱਥੇ ਬਾਬਾ ਜੀ ਨਾਲ ਬੀਤੇ ਪਲਾਂ ਨੂੰ ਚੇਤੇ ਕੀਤਾ ਉੱਥੇ ਬਾਬਾ ਜੀ ਦੇ ਵਿਚਾਰਾਂ ਦੀ ਰੌਸ਼ਨੀ ਵਿੱਚ ਲੋਕਾਂ ਨੂੰ ਸੱਦਾ ਦਿੱਤਾ ਕਿ ਓਹ ਆਪਣੇ ਹੁਨਰ ਨੂੰ ਵਿਕਸਿਤ ਕਰਨ, ਆਪਣੀ ਇਮਾਨਦਾਰੀ ਨੂੰ ਰੋਜ਼ ਪਰਖਣ  ਅਤੇ ਹਰ ਕੰਮ ਨੂੰ ਪੂਰੀ ਜ਼ਿੰਮੇਦਾਰੀ ਨਾਲ ਨੇਪਰੇ ਚਾੜ੍ਹਨ। ਅਸੀਂ ਜਿੱਥੇ ਰਹਿ  ਰਹੇ ਹਾਂ ਉਸ ਧਰਤੀ ਨੂੰ, ਉੱਥੋਂ ਦੇ ਬਸ਼ਿੰਦਿਆਂ ਨੂੰ ਹੋਰ ਅੱਗੇ ਲਿਜਾਣਾ ਸਦਾ ਫਰਜ਼ ਬਣਦਾ  ਹੈ। ਕਾਬਿਲੇ  ਜ਼ਿਕਰ ਹੈ ਕਿ ਬੀਬੀ ਦਲਬੀਰ ਕੌਰ ਮਹਾਨ ਦੇਸ਼ ਭਗਤ ਬਾਬਾ ਗੁਰਮੁਖ ਸਿੰਘ ਜੀ ਦੀ ਭਤੀਜੀ ਹਨ। ਵੱਲੋਂ ਸੱਦਾ
ਮਾਸਟਰ ਜਸਦੇਵ ਸਿੰਘ ਲਲਤੋਂ ਦਾ ਲਿਖਿਆ ਨਾਟਕ ਬੁੱਤ ਬੋਲ ਪਿਆ ਹਲੂਣਾ ਦੇਣ ਵਾਲਾ ਸਟੇਜ ਡਰਾਮਾ ਸੀ ਜਿਸ ਵਿੱਚ ਉਹਨਾਂ ਸਾਰੇ ਲੋਕਾਂ ਦੇ ਦਿਲਾਂ ਦੀ ਆਵਾਜ਼ ਸਮਾਈ ਹੋਈ ਸੀ ਜਿਹੜੇ ਬਾਬਾ ਜੀ ਦੇ ਬੁੱਤ ਨੂੰ ਤੋੜੇ ਜਾਣ  ਦੀ ਘਟਨਾ ਤੋਂ ਬੇਹੱਦ
ਦੁਖੀ ਹੋਏ ਹਨ। 
ਉਜਾਗਰ ਸਿੰਘ ਬੱਦੋਵਾਲ ਨੇ ਮਤੇ ਪੜ੍ਹਦਿਆਂ ਬੜੇ ਸੰਖੇਪ ਵਿੱਚ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦੁਹਰਾਈ।
  

No comments: