Sunday, March 01, 2015

ਗਾਉਂਦੀ ਸ਼ਾਇਰੀ ਸਮਾਗਮ ਬਣਿਆ ਸੁਰਾਂ ਦਾ ਮੇਲਾ

ਸਿਮਰਜੋਤ, ਤੇਜਿੰਦਰ ਅਦਾ, ਗੁਰਪ੍ਰੀਤ ਸਿੰਘ ਦੀਆਂ ਸੁਰਾਂ ਨੇ ਵੀ ਸਮਾਂ ਬੰਨਿਆ
 ਪਹਿਲੇ ਸੈਸ਼ਨ ਵਿੱਚ ਪੰਜ ਕਿਤਾਬਾਂ ਰਲੀਜ਼ 
ਲੁਧਿਆਣਾ: 1 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੰਤਰ–ਰਾਸ਼ਟਰੀ ਗਾਉਂਦੀ ਸ਼ਾਇਰੀ ਦਾ ਯਾਦਗਾਰੀ ਆਯੋਜਨ ਬਹੁਤ ਹੀ ਅਪਣਤ ਅਤੇ ਪਿਆਰ ਭਰੇ ਅੰਦਾਜ਼ ਨਾਲ ਸ਼ੁਰੂ ਹੋਇਆ। ਬਰਸਾਤ ਕਾਰਣ ਸਮੇਂ ਵਿੱਚ ਕੁਝ ਢਿੱਲ ਦੇਣੀ ਲਾਜ਼ਮੀ ਸੀ ਸੋ ਦਿੱਤੀ ਗਈ। ਦੇਖਦਿਆਂ ਹੀ ਦੇਖਦਿਆਂ ਹਾਲ ਭਰ ਗਿਆ। ਸੁਰੀਲੇ  ਅੰਦਾਜ਼ ਵਿੱਚ ਕਵਿਤਾ ਦੇ ਗੂੜ੍ਹ ਅਰਥ ਵੀ ਬੜੀ ਸਾਦਗੀ ਨਾਲ ਸਮਝ ਆ ਰਹੇ ਸਨ। ਸ਼ਾਇਰਾਂ ਦੀ ਮੌਜੂਦਗੀ ਅਤੇ ਉਹਨਾਂ ਦਾ ਪੇਸ਼ ਕਰਨ ਦਾ ਅੰਦਾਜ਼ ਕਵਿਤਾ ਨੂੰ ਦਿਮਾਗਾਂ ਦੇ ਨਾਲ ਨਾਲ ਦਿਲਾਂ ਵਿੱਚ ਉਤਾਰ ਰਿਹਾ ਸੀ। ਜਨਮੇਜਾ ਜੋਹਲ ਦੇ ਤਜਰਬੇ ਪੁਰਾਣੀਆਂ ਰਵਾਇਤਾਂ ਦਾ ਵਿਰੋਧ ਕੀਤੇ ਬਿਨਾ ਨਵੀਆਂ ਪੈੜਾਂ ਪਾ ਰਹੇ ਸਨ। ਅੱਜ ਸ਼ਾਇਰ ਇਸ ਪ੍ਰੋਗਰਾਮ ਦੇ ਸਟਾਰ ਵੀ ਸਨ ਅਤੇ ਸਰੋਤੇ ਵੀ ਅਤੇ ਦਰਸ਼ਕ ਵੀ। ਜਿੰਨੀ ਕੁ ਭੀੜ੍ਹ ਹਾਲ ਦੇ ਅੰਦਰ ਸੀ ਓਨੀ ਕੁ ਬਾਹਰ ਵੀ ਸੀ। ਇੰਝ ਲੱਗਦਾ ਸੀ ਜਿਵੇਂ ਚਿਰਾਂ ਵਿਛੜੇ ਸੱਜਣਾਂ ਨੂੰ ਸਦੀਆਂ ਮਗਰੋਂ ਮਿਲਣ ਦਾ ਮੌਕਾ ਮਿਲਿਆ ਹੋਵੇ। ਕਈ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਆਹਮੋ ਸਾਹਮਣੇ ਪਹਿਲੀ ਵਾਰ ਮਿਲ ਰਹੇ ਸਨ। ਇਹ ਕੁਝ ਅਜਿਹੇ ਰਿਸ਼ਤੇ ਮਹਿਸੂਸ ਹੋ ਰਹੇ ਸਨ ਜਿਹੜੇ ਬਲੱਡ ਗਰੁੱਪ ਵਾਲੀਆਂ ਸਾਂਝਾਂ ਨੂੰ ਵੀ ਉਲੰਘ ਕੇ ਕੁਝ ਹੋਰੇ ਨੇੜੇ ਵਾਲੇ ਬਣ ਗਏ ਸਨ। ਇਹ ਸਾਰੇ ਇੱਕ ਦੂਜੇ ਦੇ ਕੀ ਲੱਗਦੇ ਸਨ ਇਹ ਸੁਆਲ ਵੀ  ਕਿਤੇ ਕਿਸੇ ਦੇ ਜ਼ਹਿਨ ਵਿੱਚ ਨਹੀਂ ਸੀ...ਬਸ ਇਹ ਸਾਰੇ ਕਿਸੇ ਨ ਕਿਸੇ ਦੇ ਕੁਝ ਖਾਸ ਲੱਗਦੇ ਸਨ--ਇਹ ਜੁਆਬ ਹੀ ਸਾਰਿਆਂ ਦੇ ਚਿਹਰਿਆਂ ਤੇ ਇੱਕ ਰੌਣਕ ਬਣਿਆ ਨਜ਼ਰ ਆ ਰਿਹਾ ਸੀ। ਸਿਮਰਜੋਤ, ਤੇਜਿੰਦਰ ਅਦਾ,ਕੰਵਰ ਇਕਬਾਲ, ਅਜੀਤ ਪਾਲ ਮੋਗਾ, ਗੁਰਦੀਪ ਔਲਖ, ਸ਼ਿਵ ਲੁਧਿਆਣਵੀ ਇਹ ਸਾਰੇ ਹੀ ਆਪੋ ਆਪਣੇ ਕਲਾਮ ਨਾਲ ਹਾਜ਼ਰ ਹੋਏ।
ਤਰੁੰਨਮ ਨੇ ਸ਼ਾਇਰੀ ਦਾ ਜਾਦੂ ਕਈ ਗੁਣਾ ਵਧਾ ਦਿੱਤਾ ਸੀ। ਜੇ ਜ਼ਿੰਦਗੀ ਦੇ ਦਰਦ ਦੀ ਗੱਲ ਹੋਈ ਤਾਂ ਗੁਰਪ੍ਰੀਤ ਨੇ ਕਿਸੇ ਰੂਹਾਨੀ ਦੁਨੀਆ ਵੱਲ ਵੀ ਝਾਤ ਪੁਆਈ। ਸੁਰਿੰਦਰ ਕੌਰ ਬਾੜਾ ਨੇ ਇਸ਼ਕ ਹਕੀਕੀ ਨੂੰ ਬੜੇ ਤਰੰਨੁਮ ਵਿੱਚ ਪੇਸ਼ ਕੀਤਾ
ਕੁਲਵੰਤ ਕੌਰ ਚੰਨ, ਸੁਰਿੰਦਰ ਕੌਰ ਬਾੜਾ, ਤਜਿੰਦਰ ਅਦਾ, ਸਿਮਰਜੋਤ, ਕੰਵਰ ਇਕਬਾਲ,  ਸੁਜਾਨ ਸਿੰਘ ਸੁਜਾਨ,  ਅਜੀਤ ਪਾਲ ਮੋਗਾ, ਗੁਰਦੀਪ ਸਿੰਘ ਔਲਖ, ਸੁਖਵੰਤ ਆਰਟਿਸਟ, ਕੁਲਵਿੰਦਰ ਕੁੱਲਾ, ਕਰਨਜੀਤ ਨਕੋਦਰ, ਅਵਤਾਰ ਸੰਧੂ, ਰਵਿੰਦਰ ਦੀਵਾਨਾ,  ਸਾਹਿਲ, ਗੁਰਪ੍ਰੀਤ ਸਿੰਘ, ਡਾ.ਇਕਬਾਲ ਸਿੰਘ ਢਿੱਲੋਂ, ਜਗਜੀਵਨ, ਅਜੈਬ ਸਿੰਘ ਚੀਮਾ, ਅਮਰਜੀਤ ਗਿੱਲ, ਅਮੀਨ ਦੀਪ,  ਚਰਨਜੀਤ ਬੈਂਸ, ਸ਼ਿਵ ਲੁਧਿਆਣਵੀ, ਸਮੇਤ ਬਹੁਤ ਸਾਰੇ ਸ਼ਾਇਰ ਹਾਜਰ ਸਨ। ਪੇਸ਼ਕਾਰੀ ਦਾ ਕ੍ਰਮ ਮੌਸਮ ਵਾਂਗ ਬਦਲਦਾ ਰਿਹਾ ਪਰ ਚੰਗਾ ਚੰਗਾ ਲੱਗਦਾ ਰਿਹਾ। ਸਾਰੇ ਖੇੜੇ ਵਿੱਚ ਸਨ।  ਕਿਸੇ ਨੂੰ ਕੋਈ ਬੋਰੀਅਤ ਨਹੀਂ ਸੀ। ਮੀਡੀਆ ਵਾਲੀ ਡਿਊਟੀ ਕਾਰਣ ਸ਼ਾਇਰੀ ਅਤੇ ਪੁਸਤਕਾਂ ਦੇ ਇਸ ਮੇਲੇ ਨੂੰ ਅਧੂਰਾ ਛਡ ਕੇ ਆਉਣਾ ਮਜਬੂਰੀ ਸੀ ਜਿਸਦਾ ਦੁੱਖ ਮਹਿਸੂਸ ਹੁੰਦਾ ਰਹੇਗਾ।


No comments: