Wednesday, March 04, 2015

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵਿਚਾਰ-ਚਰਚਾ ਅਤੇ ਨਾਟਕ ਸਮਾਗਮ 28 ਨੂੰ

Wed, Mar 4, 2015 at 4:56 PM
ਡਾ. ਸਵਰਾਜਬੀਰ ਹੋਣਗੇ ਮੁੱਖ ਵਕਤਾ
ਕੇਵਲ ਧਾਲੀਵਾਲ ਦਾ ਨਾਟਕ ਹੋਏਗਾ: ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ
ਜਲੰਧਰ: 4 ਮਾਰਚ 2015: (ਪੰਜਾਬ ਸਕਰੀਨ ਬਿਊਰੋ):
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ, ਗੋਪੀ ਮੋਹਨ ਸਾਹਾ ਦੀ ਕਲਕੱਤਾ ਵਿਖੇ ਫਾਂਸੀ, ਸਿੰਘਾਪੁਰ 'ਚ ਗੋਲੀਆਂ ਨਾਲ ਉਡਾਏ ਜਾਣ ਦਾ ਸਾਕਾ, ਆਜ਼ਾਦ ਹਿੰਦ ਫੌਜ ਦੇ ਸਾਥੀਆਂ ਦੀ ਸ਼ਹਾਦਤ, ਭਗਵਾਨ ਦਾਸ ਮਾਹੌਰ ਦਾ ਵਿਛੋੜਾ, ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਵਿਛੋੜਾ, ਜਲੇਸ਼ਵਰ ਸਿੰਘ ਨੂੰ ਦਿੱਲੀ ਵਿਖੇ ਫਾਂਸੀ, ਸਾਕਾ ਫੇਰੂ ਸ਼ਹਿਰ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਹੌਰ ਕਿਸਾਨ ਮੋਰਚੇ ਦੇ ਸ਼ਹੀਦ, ਡਾ. ਮਥਰਾ ਸਿੰਘ ਦੀ ਸ਼ਹੀਦੀ, ਬਲਵੰਤ ਸਿੰਘ ਖੁਰਦਪੁਰ, ਹਾਫ਼ਿਜ ਅਬਦੁੱਲਾ ਜਗਰਾਓਂ, ਰੂੜ ਸਿੰਘ ਸੰਘਵਾਲ, ਨਾਮਾ ਫਤਿਹਗੜ•, ਬਾਬੂ ਰਾਮ ਫਤਿਹਗੜ ਤੋਂ ਇਲਾਵਾ ਵਿਸ਼ਵ ਰੰਗ ਮੰਚ ਦਿਹਾੜੇ ਵਰਗੇ ਮਾਰਚ ਮਹੀਨੇ ਨਾਲ ਜੁੜੇ ਗੌਰਵਮਈ ਇਤਿਹਾਸ ਨੂੰ ਸਿਜਦਾ ਕਰਨ ਲਈ 28 ਮਾਰਚ ਸ਼ਾਮ ਨੂੰ ਦੇਸ਼ ਭਗਤ ਯਾਦਗਾਰ ਹਾਲ 'ਚ ਯਾਦਗਾਰੀ ਸਮਾਗਮ ਹੋਏਗਾ।
ਇਸ ਸਮਾਗਮ ਵਿੱਚ ਮੰਨੇ ਪ੍ਰਮੰਨੇ ਵਿਦਵਾਨ ਲੇਖਕ, ਸਾਹਿਤਕਾਰ ਅਤੇ ਨਾਟਕਕਾਰ ਡਾ. ਸਵਰਾਜਬੀਰ ''ਲੋਕਾਂ ਖਿਲਾਫ਼ ਵਿਢੇ ਅਸਭਿਆਚਾਰਕ ਮਾਰੂ ਹੱਲੇ ਦੇ ਪ੍ਰਭਾਵ ਅਤੇ ਕੀ ਕਰਨਾ ਲੋੜੀਏ'' ਵਿਸ਼ੇ ਉਪਰ 28 ਮਾਰਚ ਸ਼ਾਮ 5:30 ਵਜੇ ਕੁੰਜੀਵਤ ਭਾਸ਼ਣ ਦੇਣਗੇ।
ਇਸ ਉਪਰੰਤ ਨਾਮਵਰ ਨਾਟਕਕਾਰ, ਨਿਰਦੇਸ਼ਕ ਕੇਵਲ ਧਾਲੀਵਾਲ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਨਾਟਕ 'ਕਿਸ ਨੱਗ ਨੇ ਲੁੱਟਿਆ ਸ਼ਹਿਰ ਮੇਰਾ' ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਖੇਡਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਵਿਦਿਅਕ ਸੰਸਥਾਵਾਂ, ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਅਤੇ ਲੋਕ-ਪੱਖੀ ਜੱਥੇਬੰਦੀਆਂ ਅਤੇ ਕਲਾ-ਪ੍ਰੇਮੀਆਂ ਨੂੰ ਡਾ. ਸਵਰਾਜਵੀਰ ਦੇ ਯਾਦਗਾਰੀ ਭਾਸ਼ਨ ਅਤੇ ਨਾਟਕ ਸਮਾਗਮ ਵਿੱਚ ਵੱਡੀ ਗਿਣਤੀ 'ਚ ਸ਼ਿਰਕਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।

No comments: