Thursday, March 19, 2015

22 ਮਾਰਚ ਦੀ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਲਈ ਤਿਆਰੀਆਂ ਸਿਖਰਾਂ 'ਤੇ

 Thu, Mar 19, 2015 at 5:29 PM
ਮਜਦੂਰ ਜੱਥੇਬੰਦੀਆਂ ਵੱਲੋਂ ਜ਼ੋਰਦਾਰ ਪ੍ਰਚਾਰ ਮੁਹਿੰਮ
ਪੰਜਾਬ ਦੇ ਅੱਡ-ਅੱਡ ਹਿੱਸਿਆਂ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚਣਗੇ ਲੁਧਿਆਣਾ
ਲੁਧਿਆਣਾ:19 ਮਾਰਚ 2015: (*ਲਖਵਿੰਦਰ//ਪੰਜਾਬ ਸਕਰੀਨ  ਬਿਊਰੋ):
ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਅਤੇ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਵੱਲੋਂ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਹਨ। 22 ਮਾਰਚ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਇਹ ਕਨਵੈਨਸ਼ਨ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਬਿਗਲ ਮਜ਼ਦੂਰ ਦਸਤਾ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦੀਆਂ ਪ੍ਰਚਾਰ ਟੋਲੀਆਂ ਵੱਲੋਂ ਲੁਧਿਆਣਾ ਦੇ ਲੋਕਾਂ ਵਿੱਚ ਖਾਸ ਕਰਕੇ ਕਾਰਖਾਨਿਆਂ ਦੇ ਮਜਦੂਰਾਂ ਵਿੱਚ ਸੰਘਣੀ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਅਨੇਕਾਂ ਨੁੱਕਡ਼ ਸਭਾਵਾਂ, ਮੀਟਿੰਗਾਂ, ਪੈਦਲ ਅਤੇ ਸਾਈਕਿਲ ਮਾਰਚ ਆਯੋਜਿਤ ਕੀਤੇ ਜਾ ਰਹੇ ਹਨ। ਘਰ-ਘਰ ਜਾਕੇ ਲੋਕਾਂ ਨੂੰ ਧਾਰਮਿਕ ਕੱਟੜਪੰਥੀਆਂ ਵੱਲੋਂ ਲੋਕਾਂ ਵਿੱਚ ਧਾਰਮਿਕ ਨਫ਼ਰਤ ਦਾ ਜ਼ਹਿਰ ਘੋਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਖ਼ਿਲਾਫ਼ ਅੱਗੇ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਹਿੰਦੀ-ਪੰਜਾਬੀ ਵਿੱਚ ਵੱਡੇ ਪੱਧਰ ’ਤੇ ਪਰਚਾ ਵੰਡਿਆ ਜਾ ਰਿਹਾ ਹੈ। ਪੂਰੇ ਸ਼ਹਿਰ ਵਿੱਚ ਪੋਸਟਰ ਲਾ ਕੇ ਕਨਵੈਨਸ਼ਨ ਦੀ ਸੂਚਨਾ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਸੋਸ਼ਲ ਮੀਡਿਆ ਉੱਤੇ ਵੀ ਇਸ ਬਾਰੇ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਵਲੋਂ ਇਸ ਮੁਹਿੰਮ ਨੂੰ ਬਹੁਤ ਹਿਮਾਇਤ ਮਿਲ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ।
    ਸਾਰੇ ਧਰਮਾਂ ਦੇ ਕੱਟੜਪੰਥੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਚਾਲਾਂ ਬਹੁਤ ਤੇਜ਼ ਕਰ ਚੁੱਕੇ ਹਨ। ਹਿੰਦੂਤਵੀ ਕੱਟੜਪੰਥੀ ਤਾਕਤਾਂ ਦਾ ਅਧਾਰ ਜਿਆਦਾ ਮਜ਼ਬੂਤ ਹੈ ਇਸ ਲਈ ਘੱਟ-ਗਿਣਤੀਆਂ ਉੱਤੇ ਬਹੁਤ ਜ਼ਿਆਦਾ ਖ਼ਤਰਾ ਮੰਡਰਾ ਰਿਹਾ ਹੈ। ਫਿਰਕਾਪ੍ਰਸਤੀ ਦਾ ਨੁਕਸਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਹੀ ਉਠਾਉਣਾ ਪੈਂਦਾ ਹੈ। ਘੱਟ-ਗਿਣਤੀ ਧਰਮਾਂ ਦੇ ਕੱਟੜਪੰਥੀ ਵੀ ਹਿੰਦੂਤਵੀ ਕੱਟੜਪੰਥੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਫਾਇਦਾ ਉਠਾਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਸਾਰੇ ਕੱਟਪੰਥੀਆਂ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਲੋਕਾਂ ਨੂੰ ਆਪਸ ਵਿੱਚ ਵੰਡਕੇ ਲੋਕਾਂ ਦੀ ਬੇਰਹਿਮ ਆਰਥਿਕ-ਸਮਾਜਿਕ-ਸਿਆਸੀ ਲੁੱਟ ਦੇ ਏਜੰਡੇ ਨੂੰ ਅੱਗੇ ਵਧਾਇਆ ਜਾਵੇ। ਕਿਰਤ ਕਾਨੂੰਨਾਂ ਵਿੱਚ ਭਾਰੀ ਮਜ਼ਦੂਰ ਵਿਰੋਧੀ ਬਦਲਾਅ ਕੀਤੇ ਜਾ ਰਹੇ ਹਨ, ਲੋਕਾਂ ਤੋਂ ਸਰਕਾਰੀ ਸਿਹਤ, ਸਿੱਖਿਆ, ਟ੍ਰਾਂਸਪੋਰਟ, ਪਾਣੀ, ਬਿਜਲੀ ਆਦਿ ਦੀਆਂ ਸਹੂਲਤਾਂ ਵੱਡੇ ਪੱਧਰ ’ਤੇ ਖੋਹੀਆਂ ਜਾ ਰਹੀ ਹਨ, ਸਰਮਾਏਦਾਰਾਂ ਲਈ ਲੋਕਾਂ ਖਾਸ ਕਰਕੇ ਕਿਸਾਨਾਂ ਦੀ ਜ਼ਮੀਨ ਜ਼ਬਰੀ ਖੋਹਣ ਲਈ ਘੋਰ ਗੈਰ-ਜਮਹੂਰੀ ਕਨੂੰਨ ਬਣਾਏ ਜਾ ਰਹੇ ਹਨ, ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਖਾਤਰ ਕਾਲੇ ਕਨੂੰਨ ਬਣਾਏ ਜਾ ਰਹੇ ਹਨ। ਜਿਵੇਂ-ਜਿਵੇਂ ਸਰਮਾਏਦਾਰਾ ਢਾਂਚੇ ਦਾ ਆਰਥਕ-ਸਿਆਸੀ ਸੰਕਟ ਵਧਦਾ ਜਾ ਰਿਹਾ ਹੈ ਅਤੇ ਲੋਕਾਂ ਦੀ ਆਰਥਕ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤਿਵੇਂ-ਤਿਵੇਂ ਹਾਕਮ ਧਾਰਮਿਕ ਕੱਟੜਪੰਥ ਨੂੰ ਵੱਧ ਤੋਂ ਵੱਧ ਹਵਾ ਦੇਣ ਵਿੱਚ ਲੱਗੇ ਹੋਏ ਹਨ।
ਹਾਕਮ ਲੋਕਾਂ ਦੇ ਗ਼ੁੱਸੇ ਤੋਂ ਬਹੁਤ ਡਰੇ ਹੋਏ ਹਨ ਅਤੇ ਇਸ ਲਈ ਲੋਕਾਂ ਦੇ ਸਾਰੇ ਜਮਹੂਰੀ ਹੱਕ ਖੋਹ ਲੈਣਾ ਚਾਹੁੰਦੇ ਹਨ। ਜਮਹੂਰੀ ਹੱਕਾਂ ਦਾ ਦਾਇਰਾ ਦਿਨ-ਬ-ਦਿਨ ਹੋਰ ਜਿਆਦਾ ਸੁੰਗੜ ਰਿਹਾ ਹੈ ਅਤੇ ਢਾਂਚੇ ਦਾ ਫਾਸੀਵਾਦੀਕਰਨ ਵਧਦਾ ਜਾ ਰਿਹਾ ਹੈ। ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ, ਬੁੱਧੀਜੀਵੀਆਂ, ਸੱਭਿਆਚਾਰਕ ਕਾਮਿਆਂ, ਕਲਾਕਾਰਾਂ ਨੂੰ ਫਿਰਕੂ ਫਾਸੀਵਾਦ ਦੀ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਵੱਡੀ ਲਹਿਰ ਖੜ੍ਹੀ ਕਰਨੀ ਹੋਵੇਗੀ। ਫਿਰਕਾਪ੍ਰਸਤੀ ਖ਼ਿਲਾਫ਼ ਲੜਾਈ ਵੱਡੀਆਂ ਕੁਰਬਾਨੀਆਂ ਦੀ ਮੰਗ ਕਰਦੀ ਹੈ। ਜਮਹੂਰੀ-ਇਨਕਲਾਬੀ ਤਾਕਤਾਂ ਨੂੰ ਬੇਹੱਦ ਸਖ਼ਤ ਲੜਾਈ ਲਈ ਤਿਆਰ ਹੋਣਾ ਪਵੇਗਾ।
22 ਮਾਰਚ ਨੂੰ ਲੁਧਿਆਣਾ ਵਿੱਚ ਕੀਤੀ ਜਾ ਰਹੀ ਇਹ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ 84ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਹੈ। ਸਾਨੂੰ ਮਹਾਨ ਇਨਕਲਾਬੀ ਵਿਰਾਸਤ ਤੋਂ ਪ੍ਰੇਰਨਾ ਅਤੇ ਰਾਹ ਲੈਕੇ ਫਿਰਕਾਪ੍ਰਸਤੀ ਦੇ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਪਵੇਗਾ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਹ ਸੋਚ ਪੂਰੀ ਤਰ੍ਹਾਂ ਸਹੀ ਸੀ ਕਿ ਲੋਕਾਂ ਦੀ ਆਰਥਕ-ਸਿਆਸੀ ਮੁੱਦਿਆਂ ’ਤੇ ਬਣੀ ਏਕਤਾ ਹੀ ਫਿਰਕੂ ਤਾਕਤਾਂ ਨੂੰ ਧੂੜ ਚਟਾ ਸਕਦੀ ਹੈ। 22 ਮਾਰਚ ਦੀ ਲੁਧਿਆਣਾ ਵਿੱਚ ਹੋਣ ਵਾਲੀ ਕਨਵੈਨਸ਼ਨ ਲੋਕਾਂ ਵਿੱਚ ਜਿੱਥੇ ਫਿਰਕਾਪ੍ਰਸਤੀ ਦੇ ਖ਼ਿਲਾਫ਼ ਆਪਸੀ ਭਾਈਚਾਰਾ ਮਜ਼ਬੂਤ ਕਰਨ ਦਾ ਸੁਨੇਹਾ ਦੇਵੇਗੀ ਉੱਥੇ ਹੀ ਲੋਕਾਂ ਨੂੰ ਸਰਮਾਏਦਾਰਾ ਲੁੱਟ-ਖਸੁੱਟ ਖ਼ਿਲਾਫ਼ ਆਪਣੇ ਆਰਥਿਕ- ਸਮਾਜਿਕ-ਸਿਆਸੀ ਮੁੱਦਿਆਂ ਉੱਤੇ ਜਮਾਤੀ ਏਕਤਾ ਮਜ਼ਬੂਤ ਕਰਨ ਦਾ ਐਲਾਨ ਵੀ ਕਰੇਗੀ।
-ਜਾਰੀ ਕਰਤਾ :
*ਲਖਵਿੰਦਰ- ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ (ਰਜਿ.) ਦੇ ਪ੍ਰਧਾਨ ਹਨ। ਉਹਨਾਂ ਦਾ ਫੋਨ ਨੰਬਰ ਹੈ:- 96461-50249

No comments: