Tuesday, March 03, 2015

ਮੈਰੀਟੋਰੀਅਸ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਿੱਤ ਮੁਫ਼ਤ ਕੋਚਿੰਗ 10 ਤੋਂ

297 ਵਿਦਿਆਰਥੀਆਂ ਨੂੰ ਰੋਜ਼ਾਨਾ 3 ਘੰਟੇ ਮਿਲੇਗੀ ਕੋਚਿੰਗ ਸਰਬੋਤਮ ਕੋਚਿੰਗ
12ਵੀਂ ਉਪਰੰਤ ਵਿਦਿਆਰਥੀ ਲੈ ਸਕਣਗੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲਾ 
ਲੁਧਿਆਣਾ:3 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚੋਂ 80 ਫੀਸਦੀ ਜਾਂ ਇਸ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਪ੍ਰਾਪਤ ਕਰਨ 'ਚ ਸਫ਼ਲ ਰਹੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਉੱਚੇਰੀ ਸਿੱਖਿਆ ਹਿੱਤ ਮੁਫ਼ਤ ਕੋਚਿੰਗ ਦੇਣ ਦਾ ਕੀਤਾ ਵਾਅਦਾ 10 ਮਾਰਚ ਨੂੰ ਵਫਾ ਹੋਣ ਜਾ ਰਿਹਾ ਹੈ। ਫਿਲਹਾਲ ਪਹਿਲੇ ਗੇੜ 'ਚ ਇਹ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁਲ੍ਹੇ ਮੈਰੀਟੋਰੀਅਸ ਸਕੂਲਾਂ ਵਿੱਚ ਸ਼ੁਰੂ ਹੋ ਰਹੀ ਹੈ। ਇਹ ਕੋਚਿੰਗ ਪ੍ਰਾਪਤ ਕਰਕੇ ਇਹ ਵਿਦਿਆਰਥੀ 12ਵੀਂ ਜਮਾਤ ਤੋਂ ਬਾਅਦ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਲੈ ਕੇ ਗੁਣਾਤਮਕ ਸਿੱਖਿਆ ਗ੍ਰਹਿਣ ਕਰ ਸਕਣਗੇ ਅਤੇ ਦੇਸ਼ ਦੀ ਸੇਵਾ ਕਰ ਸਕਣਗੇ। ਪੰਜਾਬ ਸਰਕਾਰ ਵੱਲੋਂ ਬਣਾਈ ਗਈ 'ਸੁਸਾਇਟੀ ਫਾਰ ਪ੍ਰਮੋਸ਼ਨ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ਼ ਪੰਜਾਬ' ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਭਰ 'ਚ ਖੁਲ੍ਹੇ 6 ਮੈਰੀਟੋਰੀਅਸ ਸਕੂਲਾਂ ਦੇ ਚੇਅਰਮੈਨਾਂ-ਕਮ-ਡਿਪਟੀ ਕਮਿਸ਼ਨਰਾਂ ਵੱਲੋਂ ਨਿੱਜੀ ਕੋਚਿੰਗ ਅਦਾਰਿਆਂ ਤੋਂ ਕੋਚਿੰਗ ਲਈ ਟੈਂਡਰ ਮੰਗੇ ਗਏ ਸਨ। ਜਿਸ ਤਹਿਤ ਲੁਧਿਆਣਾ ਸਥਿਤ ਸਕੂਲ ਲਈ 'ਇਓਨ ਐਜੂਕਰੀਏਟਰ ਫਾਰ ਮੈਡੀਕਲ ਐਂਡ ਨਾਨ ਮੈਡੀਕਲ' ਅਤੇ 'ਏ. ਬੀ. ਸੀ. ਟਿਊਟੋਰੀਅਲ' ਅਦਾਰਿਆਂ ਦੇ ਟੈਂਡਰ ਮਨਜ਼ੂਰ ਕੀਤੇ ਗਏ ਹਨ। ਇਹ ਦੋਵੇਂ ਅਦਾਰੇ ਕੌਮੀ ਪੱਧਰ ਦੇ ਹਨ ਅਤੇ ਇਨ੍ਹਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਚਿੰਗ ਪ੍ਰੋਗਰਾਮ ਚੱਲ ਰਹੇ ਹਨ। 
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਾ ਤਹਿਤ ਮੈਰੀਟੋਰੀਅਸ ਸਕੂਲਾਂ ਵਿੱਚ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ 12ਵੀਂ ਤੋਂ ਬਾਅਦ ਚੰਗੇ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਕਰਾਉਣ ਲਈ ਸਹਾਇਤਾ ਕੀਤੀ ਜਾਵੇਗੀ। ਇਸ ਮੰਤਵ ਲਈ ਵਿਦਿਆਰਥੀਆਂ ਨੂੰ ਨਿੱਜੀ ਕੋਚਿੰਗ ਅਦਾਰਿਆਂ ਵੱਲੋਂ ਮੁਫ਼ਤ ਕੋਚਿੰਗ ਦਿਵਾਈ ਜਾਵੇਗੀ। ਕੋਚਿੰਗ ਲਈ ਸਰਬੋਤਮ ਨਿੱਜੀ ਅਦਾਰੇ 'ਇਓਨ ਐਜੂਕਰੀਏਟਰ ਫਾਰ ਮੈਡੀਕਲ ਐਂਡ ਨਾਨ ਮੈਡੀਕਲ' ਅਤੇ 'ਏ. ਬੀ. ਸੀ. ਟਿਊਟੋਰੀਅਲ' ਨਾਲ ਕਰਾਰ ਸਹੀਬੱਧ ਕਰ ਲਿਆ ਗਿਆ ਹੈ, ਜੋ ਕਿ ਆਗਾਮੀ 10 ਮਾਰਚ ਤੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਸ਼ਾਮ 4 ਵਜੇ ਤੋਂ 7 ਵਜੇ ਤੱਕ ਸਕੂਲ ਵਿੱਚ ਆ ਕੇ ਕੋਚਿੰਗ ਦੇਣੀ ਸ਼ੁਰੂ ਕਰ ਦੇਣਗੇ। ਫਿਲਹਾਲ ਇਹ ਕੋਚਿੰਗ ਸਕੂਲ ਅਧਿਆਪਕਾਂ ਵੱਲੋਂ ਹੀ ਸਕੂਲ ਸਮੇਂ ਤੋਂ ਬਾਅਦ ਰੋਜ਼ਾਨਾ 2 ਘੰਟੇ ਦਿੱਤੀ ਜਾ ਰਹੀ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਸਕੂਲ ਦੇ ਕੁੱਲ ਸਕੂਲ ਦੇ 297 ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ 56 ਵਿਦਿਆਰਥੀ ਮੈਡੀਕਲ ਨਾਲ ਸੰਬੰਧਤ ਹਨ, ਜਦਕਿ 197 ਨਾਨ ਮੈਡੀਕਲ ਨਾਲ ਅਤੇ 44 ਵਿਦਿਆਰਥੀ ਕਾਮਰਸ ਨਾਲ ਸੰਬੰਧਤ ਹਨ। ਨਿੱਜੀ ਕੋਚਿੰਗ ਅਦਾਰੇ ਵਿਦਿਆਰਥੀਆਂ ਨੂੰ ਜੂਨ 2015 ਤੱਕ ਕੋਚਿੰਗ ਦੇਣਗੇ ਅਤੇ ਇਸ ਸਮੇਂ ਦੌਰਾਨ ਘੱਟੋ-ਘੱਟ 50 ਟੈਸਟ ਲੈਣੇ ਅਤੇ 500 ਸੈਸ਼ਨ ਲਗਾਉਣੇ ਜ਼ਰੂਰੀ ਹੋਣਗੇ। 
ਇਸ ਕੋਚਿੰਗ ਤਹਿਤ ਵਿਦਿਆਰਥੀਆਂ ਨੂੰ ਆਈ. ਆਈ. ਟੀ., ਜੇ. ਈ. ਆਈ. ਆਈ. ਟੀ., ਏ. ਆਈ. ਆਈ. ਐੱਮ. ਐੱਸ., ਐੱਨ. ਆਈ. ਟੀ., ਬੀ. ਆਈ. ਟੀ. ਐੱਸ. ਪਿਲਾਨੀ, ਏ. ਐੱਫ. ਐÎੱਮ. ਸੀ. ਪੂਨੇ, ਸੀ. ਏ., ਲਾਅ, ਸੀ. ਐÎੱਲ. ਏ. ਟੀ. ਕੋਰਸਾਂ ਵਿੱਚ ਦਾਖ਼ਲਾ ਦਿਵਾਉਣ ਦੇ ਨਾਲ-ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਦਿਵਾਉਣ ਲਈ ਬਿਲਕੁਲ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੂੰ ਨਵੀਂ ਸੇਧ ਅਤੇ ਤਜ਼ਰਬਿਆਂ ਨਾਲ ਰੂ-ਬਰੂ ਕਰਾਉਣ ਦੇ ਮਕਸਦ ਨਾਲ ਹਰ ਹਫ਼ਤੇ ਵਿਸ਼ੇਸ਼ ਲੈਕਚਰ ਦਿਵਾਏ ਜਾ ਰਹੇ ਹਨ। ਇਸ ਕੜੀ ਤਹਿਤ ਹੁਣ ਤੱਕ ਉਹ ਖੁਦ (ਡਿਪਟੀ ਕਮਿਸ਼ਨਰ), ਅੰਡਰ ਟਰੇਨੀ ਆਈ. ਏ. ਐੱਸ. ਡਾ. ਸਈਅਦ ਸਹਿਰੀਸ਼ ਅਸਗਰ, ਵਧੀਕ ਨਗਰ ਨਿਗਮ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਆਈ. ਏ. ਐÎੱਸ. ਮੈਡਮ ਅਪਨੀਤ ਰਿਆਤ, ਆਈ. ਏ. ਐੱਸ. ਸ਼੍ਰੀਮਤੀ ਸ਼ੇਨਾ ਅਗਰਵਾਲ, ਆਈ. ਏ. ਐੱਸ. ਸ੍ਰੀ ਸੰਯਮ ਅਗਰਵਾਲ, ਪੀ. ਸੀ. ਐੱਸ. ਮੈਡਮ ਹਰਜੋਤ ਕੌਰ, ਪੀ. ਸੀ. ਐÎੱਸ. ਅਨੁਪ੍ਰਿਤਾ ਜੌਹਲ, ਪੀ. ਸੀ. ਐੱਸ. ਸ੍ਰ. ਨਵਰਾਜ ਸਿੰਘ ਬਰਾੜ, ਪੀ. ਸੀ. ਐੱਸ. ਮੈਡਮ ਕਨੂੰ ਥਿੰਦ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਕਰੀਅਰ ਗਾਈਡੈਂਸ ਸੈਮੀਨਾਰ ਵੀ ਆਯੋਜਿਤ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨੂਪ ਕੁਮਾਰ ਪਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇਣ ਦੇ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸਥਾਨਕ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੇ ਪੜਾਈ ਦੇ ਰਾਹ ਵਿੱਚ ਬਿਜਲੀ ਦੇ ਕੱਟ ਅੜਿੱਕਾ ਨਾ ਬਣਨ, ਇਸ ਲਈ ਇਸ ਸਕੂਲ ਨੂੰ ਹੌਟਲਾਈਨ ਪਾਵਰ ਸਪਲਾਈ ਨਾਲ ਜੋੜਿਆ ਜਾਵੇਗਾ। ਇਸ ਤੋਂ ਇਲਾਵਾ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਯੁੱਗ ਦੇ ਹਾਣੀ ਬਣਾਉਣ ਲਈ ਜਲਦ ਹੀ 52 ਕੰਪਿਊਟਰ ਜਾਂ ਟੈੱਬਲੇਟ ਅਤੇ ਹੋਰ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਆਗਾਮੀ ਗਰਮੀ ਦੇ ਸੀਜ਼ਨ ਨੂੰ ਦੇਖਦਿਆਂ ਸਕੂਲ ਵਿੱਚ ਬਿਜਲੀ ਸਪਲਾਈ ਬਾਰੇ ਪੁੱਛਿਆ ਤਾਂ ਸਕੂਲ ਪ੍ਰਿੰਸੀਪਲ ਸ੍ਰੀ ਅਨੂਪ ਕੁਮਾਰ ਪਾਸੀ ਨੇ ਦੱਸਿਆ ਕਿ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਸਕੂਲ ਕੋਲ ਜਨਰੇਟਰ ਸੈੱਟ ਹੈ ਪਰ ਉਹ ਮਹਿੰਗਾ ਪਵੇਗਾ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੂੰ ਆਦੇਸ਼ ਦਿੱਤੇ ਸਨ ਕਿ ਇਸ ਸਕੂਲ ਨੂੰ ਬਿਜਲੀ ਦੀ ਸਪਲਾਈ ਹੌਟਲਾਈਨ ਰਾਹੀਂ ਕੀਤੀ ਜਾਵੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸੰਬੰਧੀ ਸਮੁੱਚੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਇਸ ਸਕੂਲ ਨੂੰ ਬਿਜਲੀ ਸਪਲਾਈ ਹੌਟਲਾਈਨ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ।

No comments: