Sunday, February 08, 2015

ਗੁਰੂ ਨਾਨਕ ਸਟੇਡੀਅਮ ਵਿੱਚ ਹੋਈਆਂ SBP ਦੀਆਂ ਜ਼ੋਨਲ ਖੇਡਾਂ

8 ਜ਼ਿਲਿਆਂ ਤੋਂ ਆਏ ਸਟੇਟ ਬੈਂਕ ਆਫ਼ ਪਟਿਆਲਾ ਦੇ ਮੁਲਾਜ਼ਮ
ਲੁਧਿਆਣਾ: 8 ਨਵੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਏਥੋਂ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਇੱਕ ਮੇਲੇ ਵਰਗਾ ਮਾਹੌਲ ਸੀ। ਇਥੇ ਇੱਕਠੇ ਹੋਏ ਸਨ ਸਟੇਟ ਬੈਂਕ ਆਫ਼ ਪਟਿਆਲਾ ਦੇ ਮੁਲਾਜ਼ਮ ਅਤੇ ਉਹਨਾਂ ਦੇ ਸਾਰੇ ਪਰਿਵਾਰਿਕ ਮੈਂਬਰ। ਬੱਚੇ ਵੀ ਖੇਡਾਂ ਵਿੱਚ ਮਗਨ ਸਨ ਅਤੇ ਬੱਚੇ ਵੀ। ਸ਼ਾਇਦ ਦੱਸ ਰਹੇ ਸਨ ਕਿ ਜਦੋਂ ਬਹੁਤ ਸਾਰੇ ਲੋਕ ਨਸ਼ਿਆਂ ਪਿੱਛੇ ਪਾਗਲ ਹਨ---ਜਦੋਂ ਬਹੁਤ ਸਾਰੇ ਲੋਕ ਫਿਰਕੂ ਜਨੂੰਨ ਦਾ ਸ਼ਿਕਾਰ ਹੋ ਕੇ ਖੂਨ ਵਹਾਉਣ ਦੀਆਂ ਗੱਲਾਂ ਕਰ ਰਹੇ ਹਨ ਉਦੋਂ ਬੈਂਕ ਵਾਲਿਆਂ ਦੇ ਪਰਿਵਾਰ ਸਿਹਤ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਿੱਚ ਮਗਨ ਹਨ। ਇਹ ਗਿਣਤੀ ਵੀ ਕਾਫੀ ਸੀ।  ਹਰ ਸਾਲ ਹੋਣ ਵਾਲੀਆਂ ਇਹਨਾਂ ਜ਼ੋਨਲ ਖੇਡਾਂ ਵਿੱਚ ਇਸ ਵਾਰ ਇਥੇ 8 ਜ਼ਿਲਿਆਂ ਦੇ ਬੈਂਕ ਪਰਿਵਾਰ ਆਏ ਸਨ।
ਜਦੋਂ ਦੁਨੀਆ ਭਰ ਵਿੱਚ ਚ ਸੱਤਾ ਦੀ ਕੁਰਸੀ ਲਈ ਹਰ ਹਰਬੇ ਵਾਲੀ ਜੰਗ ਚਲ ਰਹੀ ਹੈ ਉਦੋਂ ਇਹਨਾਂ ਮੁਲਾਜਮਾਂ ਨੇ ਬੜੇ ਹੀ ਪਿਆਰ ਨਾਲ ਸੰਗੀਤਕ ਕੁਰਸੀ ਵਾਲਾ ਖੇਡ ਖੇਡ ਕੇ ਸੰਕੇਤ ਦਿੱਤਾ ਕਿ ਕੁਰਸੀ ਦਾ ਤਬਾਦਲਾ ਵੀ ਬੜੇ ਹੀ ਪਿਆਰ ਅਤੇ ਸੰਗੀਤ ਨਾਲ ਹੋਣਾ ਚਾਹੀਦਾ ਹੈ ਸਾਜ਼ਿਸ਼ਾਂ, ਨਫਰਤਾਂ ਅਤੇ ਧਮਕੀਆਂ ਨਾਲ ਨਹੀਂ। ਇਹਨਾਂ ਮੁਕਾਬਲਿਆਂ ਵਿੱਚ ਬੱਚੇ ਵੀ ਸ਼ਾਮਲ ਹੋਏ ਨੌਜਵਾਨ ਵੀ ਅਤੇ ਵੱਡੀ ਉਮਰ ਵਾਲੇ ਮੁਲਾਜ਼ਮ ਵੀ।
57 ਸਾਲਾਂ ਦੀ ਬੈਂਕ ਮੁਲਾਜ਼ਮ ਰਵਿੰਦਰ ਮਹਾਜਨ ਨੇ ਜਿੱਤ ਪ੍ਰਾਪਤ ਕਰਕੇ ਦੱਸਿਆ ਕਿ ਅੱਗੇ ਵਧਣਾ ਹੋਵੇ ਤਾਂ ਉਮਰ ਕਦੇ ਰੁਕਾਵਟ ਨਹੀਂ ਬਣਦੀ। ਘਰ ਪਰਿਵਾਰ ਦੇ  ਨਾਲ ਨਾਲ ਦਫਤਰੀ ਕੰਮ ਕਾਜ ਨੂੰ ਦੇਖਣ ਵਾਲੀ ਰਵਿੰਦਰ ਮਹਾਜਨ ਨੇ ਇਹ ਵੀ ਸਾਬਿਤ ਕੀਤਾ ਕਿ ਹਿੰਮਤ ਕਰੇ ਇਨਸਾਨ ਤੋ ਕਿਆ ਕਾਮ ਹੈ ਮੁਸ਼ਕਿਲ। ਸਾਰੀਆਂ ਡਿਊਟੀਆਂ ਪੂਰੀਆਂ ਕਰਦਿਆਂ ਖੇਡਾਂ ਅਤੇ ਸੋਸ਼ਲ ਕੰਮਾਂ ਲਈ ਵੀ ਵਕ਼ਤ ਕਢਿਆ ਜਾ ਸਕਦਾ ਹੈ।
ਇਸੇ ਤਰਾਂ ਨੌਜਵਾਨਾਂ ਨੇ ਇਹਨਾਂ ਖੇਡਾਂ ਵਿੱਚ ਸਰਗਰਮੀ ਨਾਲ ਭਾਗ ਲੈ ਕੇ ਦੱਸਿਆ ਨਸ਼ਾ ਸਿਰਫ ਸ਼ਰਾਬਾਂ ਦਾ ਨਹੀਂ ਹੁੰਦਾ ਖੇਡਾਂ ਦਾ ਵੀ ਹੁੰਦਾ ਹੈਂ, ਸੰਗੀਤ ਦਾ ਵੀ ਹੁੰਦਾ ਹੈ ਅਤੇ ਆਪਣੇ ਜਿਸਮ ਨੂੰ ਸੁਡੌਲ ਬਣਾਉਣ ਦਾ ਵੀ ਹੁੰਦਾ ਹੈ। ਇਹਨਾਂ ਖੇਡਾਂ ਵਿੱਚ ਬੱਚੇ ਵੀ ਸਰਗਰਮ ਸਨ। ਸ਼ਾਇਦ ਦੱਸ ਰਹੇ ਸਨ ਕਿ ਬੈਂਕ ਪਰਿਵਾਰਾਂ ਦੇ ਮਾਹੌਲ ਵਿੱਚ ਉਹਨਾਂ ਨੇ ਹੁਣੇ ਤੋਂ ਹੀ ਚੰਗੀਆਂ ਆਦਤਾਂ ਅਤੇ ਚੰਗੀ ਸਿਹਤ ਨੂੰ ਵੀ ਪੈਸੇ ਵਾਂਗ ਬਚਾਉਣਾ ਸਿੱਖ ਲਿਆ ਹੈ।
ਬੈਂਕ ਵਾਲਿਆਂ ਦਾ ਕੋਈ ਆਯੋਜਨ ਹੋਵੇ ਅਤੇ ਇਸ ਵਿੱਚ ਗਤਕਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ? ਇਸ ਵਾਰ ਵੀ ਇਸ ਵਿੱਚ ਬਾਬਾ ਦੀਪ ਸਿੰਘ ਗਤਕਾ ਕਲੱਬ ਪਟਿਆਲਾ ਦੀ ਟੀਮ ਉਚੇਚੇ ਤੌਰ ਤੇ ਆਈ ਹੋਈ ਸੀ। ਇਸ ਗਤਕੇ ਰਾਹੀਂ ਬੈਂਕ ਵਾਲੇ ਜਿੱਥੇ ਵਿਰਸੇ ਅਤੇ ਧਰਮ ਦੀ ਸੰਭਾਲ ਦਾ ਇਸ਼ਾਰਾ ਦੇ ਰਹੇ ਸਨ ਉੱਥੇ ਇਹ ਵੀ ਦੱਸ ਰਹੇ ਸਨ ਕਿ ਲੋੜ ਪਈ ਤਾਂ ਅਸੀਂ ਦੇਸ਼ ਅਤੇ ਲੋਕਾਂ ਦੀ ਰਾਖੀ ਲਈ ਮਰ ਮਿਟਣਾ ਵੀ ਜਾਣਦੇ ਹਾਂ।

No comments: