Wednesday, February 04, 2015

ਬਾਬਾ ਗੁਰਮੁਖ ਸਿੰਘ ਹੁਰਾਂ ਦੇ ਬੁੱਤ ਦੀ ਬੇਹੁਰਮਤੀ ਦਾ ਮਾਮਲਾ ਗਰਮਾਇਆ

 5 ਦੇ ਰੋਸ ਵਖਾਵੇ ਮਗਰੋਂ ਕਿਸੇ ਵੀ ਵੇਲੇ ਫਟ ਸਕਦਾ ਹੈ ਲੋਕ ਰੋਹ ਦਾ ਜਵਾਲਾਮੁਖੀ
ਲੁਧਿਆਣਾ: 5 ਫਰਵਰੀ 2015: (ਰੈਕਟਰ ਕਥੂਰੀਆ):
ਰੋਹ ਵਿੱਚ 80 ਸਾਲਾ ਬਾਬਾ ਗੁਰਦੀਪ ਸਿੰਘ
ਦੇਸ਼ ਭਗਤ ਵੀ ਹਮੇਸ਼ਾਂ ਰਹੇ ਹਨ ਅਤੇ ਦੇਸ਼ ਨਾਲ ਗਦਾਰੀਆਂ ਕਰਨ ਵਾਲੇ ਵੀ ਆਪਣੇ ਸ਼ਰਮਨਾਕ ਕਾਰੀਆਂ ਤੋਂ ਕਦੇ ਬਾਜ਼ ਨਹੀਂ ਆਏ। ਲੋਕਾਂ ਦੇ ਦੁੱਖ ਸੁੱਖ ਨਾਲ ਖੜੇ  ਹੋਣ ਵਾਲਿਆਂ ਨੇ ਵੀ ਆਪਣੀ ਜ਼ਿੰਦਗੀ ਲੋਕਾਂ ਲੇਖੇ ਲਾਉਣ ਤੋਂ ਕਦੇ ਗੁਰੇਜ਼ ਨਹੀਂ ਕੀਤਾ ਅਤੇ ਲੋਕਾਂ ਨਾਲ ਦੁਸ਼ਮਣੀ ਦਾ ਕਲੰਕ ਖੱਟਣ ਵਾਲੇ ਵੀ ਹਮੇਸ਼ਾਂ ਰਹੇ। ਸ਼ਾਇਦ ਇਹੀ ਹੈ ਨੇਕੀ ਅਤੇ ਬੜੀ ਦਰਮਿਆਨ ਹਰ ਪਲ ਜਾਰੀ ਰਹਿਣ ਵਾਲੀ ਜੰਗ। ਸ਼ਾਇਦ ਇਹੀ ਹੈ ਅਸਲੀ ਧਰਮਯੁਧ। ਹੁਣ ਇਸ ਜੰਗ ਦੀ ਦਸਤਕ ਸੁਣਾਈ ਦੇ ਰਹੀ ਹੈ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਵਿੱਚ। ਪਿੰਡ ਦੇ ਲੋਕਾਂ ਦਾ ਜਵਾਲਾਮੁਖੀ ਕਿਸੇ ਵੀ ਵੇਲੇ ਫਟ ਸਕਦਾ ਹੈ। ਲੋਕ ਸਖਤ ਗੁੱਸੇ ਵਿੱਚ ਹਨ ਕਿ ਦੇਸ਼ ਦੀ ਆਜ਼ਾਦੀ ਦੇ ਨਾਇਕ ਬਾਬਾ  ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੀ ਬੇਹੁਰਮਤੀ ਕਰਨ ਵਾਲੇ ਅਨਸਰਾਂ ਦਾ ਪੁਲਿਸ ਅਜੇ ਵੀ ਪਤਾ ਨਹੀਂ ਲਾ ਰਹੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਭ ਕੁਝ ਪਤਾ ਹੈ ਕਿ ਕਿਵੇਂ ਇੱਕ ਐਮ ਐਲ ਏ ਦੇਸ਼ ਭਗਤਾਂ ਦੇ ਦੋਖੀ ਅਨਸਰਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ।
ਇਸ ਮਹਾਨ ਸ਼ਖਸੀਅਤ  ਦੇ ਬੁੱਤ ਦੀ ਭੰਨ ਤੋੜ ਕਰਨ ਵਾਲੇ ਇਸ ਕਾਰੇ ਵਿਰੁਧ ਪੰਜ ਫਰਵਰੀ 2015 ਨੂੰ ਹੋਣ ਵਾਲੇ ਰੋਸ ਵਖਾਵੇ ਤੋਂ ਇੱਕ ਦਿਨ ਪਹਿਲਾਂ 4 ਫ਼ਰਵਰੀ ਨੂੰ ਜਦੋਂ ਪੰਜਾਬ ਸਕਰੀਨ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ ਤਾਂ ਪਿੰਡ ਵਿੱਚ ਰੋਸ ਵਖਾਵੇ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਲੋਕ ਖੁਦ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਰੁਝੇ ਹੋਏ ਸਨ। ਨੌਜਵਾਨਾਂ ਦੇ ਨਾਲ ਨਾਲ ਬਜੁਰਗ ਵੀ ਸਰਗਰਮ ਸਨ। ਇਸ ਮੌਕੇ ਇਸ ਐਕਸ਼ਨ ਕਮੇਟੀ ਦੇ ਇੱਕ ਸਰਗਰਮ ਨੌਜਵਾਨ ਜਸਮੇਰ ਸਿੰਘ ਨੇ ਦੱਸਿਆ ਕਿ ਕਿਵੇਂ ਇਸ ਬੁੱਤ ਤੇ ਕੀਤੇ ਗਿਆ ਹਮਲਾ ਅਸਲ ਵਿੱਚ ਵਿਚਾਰਧਾਰਾ ਦੇ ਖਿਲਾਫ਼ ਕੀਤਾ ਗਿਆ ਹਮਲਾ ਹੈ। ਕਾਮਰੇਡ ਗੁਰਨਾਮ ਸਿੰਘ ਸਿਧੂ ਨੇ ਕਿਹਾ ਕਿ ਜੇ ਕਲ੍ਹ ਦੇ ਰੋਸ ਵਖਾਵੇ ਨਾਲ ਵੀ ਕੋਈ ਠੋਸ ਕਾਰਵਾਈ ਨ ਹੋਈ ਤਾਂ ਅਗਲਾ ਐਕਸ਼ਨ ਹੋਰ ਵੀ ਸਖਤ ਹੋਵੇਗਾ। ਉਜਾਗਰ ਸਿੰਘ ਲਲਤੋਂ ਨੇ ਇਸ ਸਾਰੇ ਮਾਮਲੇ ਵਿੱਚ ਇੱਕ ਐਮ ਐਲ ਏ ਦਾ ਨਾਮ ਲਿਆ। ਕਾਮਰੇਡ ਕਸਤੂਰੀ ਲਾਲ ਨੇ ਇਸ ਸ਼ਰਮਨਾਕ ਹਰਕਤ ਕਾਰਣ ਦੇਸ਼ ਭਗਤ ਹਲਕਿਆਂ ਵਿੱਚ ਪੈਦਾ ਹੋਏ ਰੋਸ ਬਾਰੇ ਚਾਨਣਾ ਪਾਇਆ।
ਇਸ ਮੌਕੇ ਪੰਜਾਬ ਸਕਰੀਨ ਦੀ ਟੀਮ ਨੇ 80 ਸਾਲਾਂ ਦੀ ਬਜੁਰਗ ਅਵਸਥਾ ਵਾਲੇ ਗੁਰਦੀਪ ਸਿੰਘ ਨਾਲ ਵੀ ਮੁਲਾਕਾਤ ਕੀਤੀ . ਇਹ ਬਜੁਰਗ ਬਾਬਾ ਗੁਰਮੁਖ ਸਿੰਘ ਦੀ ਚਰਚਾ ਸੁਣ ਕੇ ਇਸ ਬਿਰਧ ਅਵਸਥਾ ਵਿੱਚ ਮੰਜੇ ਨੂੰ ਛੱਡ ਕੇ ਕੈਮਰਾ ਟੀਮ ਤੱਕ ਪਹੁੰਚ ਗਿਆ ਅਤੇ ਬਾਬਾ ਗੁਰਮੁਖ ਸਿੰਘ ਹੁਰਾਂ ਦੇ ਜੀਵਨ ਕਾਲ ਦੀਆਂ ਕਈ ਦਿਲਚਸਪ ਗੱਲਾਂ ਸੁਣਾਈਆਂ।  ਇਸ ਬਜੁਰਗ ਨੇ ਬਾਬਾ ਗੁਰਮੁਖ ਸਿੰਘ ਹੁਰਾਂ ਦੇ ਬੁੱਤ ਦੀ ਉਸਾਰੀ ਵਿੱਚ ਵੀ ਸਰਗਰਮ ਯੋਗਦਾਨ ਪਾਇਆ। ਇਸ ਬਜੁਰਗ ਨੇ ਪਿੰਡ ਦੀ ਟੀਮ ਨੂੰ ਨਾਲ ਲੈ ਕੇ ਪੰਜਾਬ ਸਕਰੀਨ ਨੂੰ ਉਹ ਮਕਾਨ ਵੀ ਦਿਖਾਇਆ ਜਿੱਥੇ ਬਾਬਾ ਗੁਰਮੁਖ ਸਿੰਘ ਰਹਿੰਦੇ ਹੁੰਦੇ ਸਨ। ਹੁਣ ਇਸ ਪਾਵਨ ਅਸਥਾਨ ਤੇ ਇੱਕ ਲਾਇਬ੍ਰੇਰੀ ਸੁਸ਼ੋਭਿਤ ਹੈ।

No comments: