Saturday, February 21, 2015

ਅਜੋਕੇ ਭਖਦੇ ਸਰੋਕਾਰਾਂ ਨੂੰ ਮੁਖਾਤਬ ਹੋਏਗਾ ਦੇਸ਼ ਭਗਤ ਯਾਦਗਾਰ ਦਾ ਸੈਮੀਨਾਰ

 Fri, Feb 20, 2015 at 3:24 PM
ਸਿੰਘਾਪੁਰ ਬਗ਼ਾਵਤ ਅਤੇ ਸੂਫੀ ਅੰਬਾ ਪ੍ਰਸ਼ਾਦ ਸਬੰਧੀ ਹੋਏਗੀ ਵਿਚਾਰ-ਚਰਚਾ
ਜਲੰਧਰ:20 ਫਰਵਰੀ 2015:: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਆਜ਼ਾਦੀ ਸੰਗਰਾਮ ਵਿੱਚ ਅਥਾਹ ਕੁਰਬਾਨੀਆਂ ਕਰਨ ਵਾਲੀਆਂ ਘਟਨਾਵਾਂ ਵਿੱਚ ਅਹਿਮ ਸਥਾਨ ਰੱਖਣ ਵਾਲੀਆਂ ਦੋ ਇਤਿਹਾਸਕ ਘਟਨਾਵਾਂ ਸਿੰਘਾਪੁਰ ਦੇ ਫੌਜੀਆਂ ਦੀ ਬਗਾਵਤ ਅਤੇ ਸੂਫੀ ਅੰਬਾ ਪ੍ਰਸ਼ਾਦ ਦੀ ਸ਼ਹਾਦਤ ਸਬੰਧੀ ਵਿਚਾਰ ਚਰਚਾ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ 22 ਫਰਵਰੀ ਦਿਨ ਐਤਵਾਰ ਸਵੇਰੇ 11 ਵਜੇ ਹੋ ਰਹੀ ਵਿਚਾਰ-ਚਰਚਾ ਦੀਆਂ ਤਿਆਰੀਆਂ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ।  ਇਸ ਵਿਚਾਰ-ਚਰਚਾ 'ਚ ਇਤਿਹਾਸਕ ਪਿਛੋਕੜ ਦੀ ਮਹੱਤਤਾ ਨੂੰ ਅਜੋਕੇ ਭਖਦੇ ਸਰੋਕਾਰਾਂ ਨਾਲ ਜੋੜ ਕੇ ਵਿਚਾਰਿਆ ਜਾਏਗਾ।
ਸ਼ਹਾਦਤਾਂ ਦੀ ਸ਼ਤਾਬਦੀ (1915-2015) ਦੀ ਲੜੀ ਵਜੋਂ ਹੋ ਰਹੀ ਇਸ ਵਿਚਾਰ-ਚਰਚਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਚਿਰੰਜੀ ਲਾਲ ਕੰਗਣੀਵਾਲ ਸਿੰਘਾਪੁਰਾ ਦੀ ਬਗਾਵਤ ਸਬੰਧੀ ਅਤੇ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਸਿੰਘ ਸੂਫੀ ਅੰਬਾ ਪ੍ਰਸ਼ਾਦ ਦੀ ਸ਼ਹਾਦਤ ਬਾਰੇ ਮੁੱਖ ਵਕਤਾ ਹੋਣਗੇ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਣ ਵਾਲੀ ਇਸ ਵਿਚਾਰ-ਚਰਚਾ ਤੋਂ ਇਲਾਵਾ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਸਮਰਪਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਪੰਜਾਬ ਦੇ ਹੋਰਨਾਂ ਖੇਤਰਾਂ ਤੋਂ ਇਲਾਵਾ ਬਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਮਨਾਈ ਜਾ ਰਹੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋ, ਜਨਰਲ ਸਕੱਤਰ ਡਾ. ਰਘਵੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਚਾਰ-ਚਰਚਾ ਸਾਲ ਭਰ ਹਰ ਮਹੀਨੇ ਸ਼ਹਾਦਤਾਂ ਦੀ ਮਨਾਈ ਜਾ ਰਹੀ ਸ਼ਤਾਬਦੀ ਦੀ ਕੜੀ ਵਜੋਂ ਹੋਵੇਗੀ ਅਤੇ ਜਿਸਦੀ ਸਿਖਰ ਹੋਵੇਗਾ 1 ਨਵੰਬਰ ਨੂੰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ।
ਹੋਰ ਵਿਸਥਾਰ ਲਈ-ਅਮੋਲਕ ਸਿੰਘ: ਜੋ ਸਭਿਆਚਾਰਕ ਵਿੰਗ ਦੇ ਕਨਵੀਨਰ ਹਨ ਅਤੇ ਮੋਬਾਈਲ ਨੰਬਰ ਹੈ:94170 76735

No comments: