Thursday, February 19, 2015

ਰੇਲ ਲਾਈਨ 'ਤੇ ਮੌਤਾਂ: ਹਾਦਸੇ ਜਾਂ ਖੁਦਕੁਸ਼ੀਆਂ ?

ਲੁਧਿਆਣਾ-ਫਿਰੋਜ਼ਪੁਰ ਰੇਲ ਟ੍ਰੈਕ ਤੇ ਬਜੁਰਗ ਦੀ ਮੌਤ  
ਲੁਧਿਆਣਾ: 19 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਫੋਰੈਂਸਿਕ ਸਾਇੰਸ ਵਾਲੇ ਕਾਫੀ ਮਿਹਨਤ ਤੋਂ ਬਾਅਦ ਭਾਵੇਂ ਕਾਫੀ ਹੱਦ ਤੱਕ ਹਕੀਕਤ ਦਾ ਪਤਾ ਲਾ ਹੀ ਲੈਂਦੇ ਹਨ ਪਰ ਆਮ ਤੌਰ ਤੇ ਲਾਸ਼ ਕਦੇ ਨਹੀਂ ਦੱਸਦੀ ਕਿ ਉਸਨੂੰ ਇਸ ਹਾਲਤ ਵਿੱਚ ਭੇਜਣ ਲਈ ਕੌਣ ਜ਼ਿੰਮੇਦਾਰ ਹੈ? ਉਸ ਨੂੰ ਗੱਡੀ ਅੱਗੇ ਧੱਕਾ ਦਿੱਤਾ ਗਿਆ ਜਾਂ ਫਿਰ ਕਤਲ ਕਰਨ ਤੋਂ ਬਾਅਦ ਰੇਲ ਅੱਗੇ ਸੁੱਟਿਆ ਗਿਆ?
ਨਵਾਂ ਮਾਮਲਾ ਸਾਹਮਣੇ ਆਇਆ ਇੱਕ ਬਜੁਰਗ ਦਾ। ਇਸ ਬਜੁਰਗ ਵਿਅਕਤੀ ਦੀ ਇਹ ਮੌਤ ਰੇਲ ਗੱਡੀ ਨਾਲ ਟਕਰਾ ਕੇ ਹੋਈ ਜਾਂ ਇਹ ਖੁਦਕੁਸ਼ੀ ਹੈ ਇਸਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਕੁਝ ਦੇਰ ਪਹਿਲਾਂ ਰੇਲਵੇ ਸਟੇਸ਼ਨ ਵਿਖੇ ਇਸ ਲਾਸ਼ ਨੂੰ ਐਂਬੂਲੈਂਸ ਵਿੱਚ ਅਗਲੀ ਕਾਰਵਾਈ ਲਈ ਭੇਜਿਆ ਗਿਆ।  ਸਟੇਸ਼ਨ ਤੇ ਮੌਜੂਦ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹ ਮੌਤ ਅੱਜ ਸਵੇਰੇ ਲੁਧਿਆਣਾ-ਫਿਰੋਜ਼ਪੁਰ ਰੇਲ ਟ੍ਰੈਕ ਤੇ ਲੁਧਿਆਣਾ ਤੋਂ ਪੰਜ ਕਿਲੋਮੀਟਰ ਦੂਰ ਹੋਈ। ਮੁਢਲੀਆਂ ਖਬਰਾਂ ਤੱਕ ਮ੍ਰਿਤਕ ਦੀ ਪਛਾਣ ਨਹੀਂ  ਸੀ ਹੋ ਸਕੀ।
ਇਸੇ ਤਰ੍ਹਾਂ ਬਠਿੰਡਾ ਤੋਂ ਵੀ ਇੱਕ ਹਾਦਸੇ ਦੀ ਖਬਰ ਮਿਲੀ ਹੈ। ਬਠਿੰਡਾ ਵਾਲੀ ਰੇਲਵੇ ਲਾਈਨ 'ਤੇ ਵੀ ਰੇਲ ਗੱਡੀ ਨਾਲ ਟਕਰਾਉਣ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਬੀਤੀ ਰਾਤ ਦਿੱਲੀ ਰੇਲਵੇ ਲਾਈਨ 'ਤੇ ਬੰਗੀ ਨਗਰ ਨਜ਼ਦੀਕ 1 ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਜੀ. ਆਰ. ਪੀ. ਪੁਲਸ ਨੂੰ ਸੂਚਿਤ ਕੀਤਾ। ਇਸ ਵਿਅਕਤੀ ਦੀ ਲਾਸ਼ ਰੇਲਵੇ ਲਾਈਨ ਦੇ ਵਿਚਕਾਰ ਪਈ ਹੋਈ ਸੀ। ਪੁਲਸ ਦੀ ਮੌਜੂਦਗੀ ਵਿਚ ਸਹਾਰਾ ਸੰਸਥਾ ਦੇ ਵਰਕਰਾਂ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕ ਦੀ ਸ਼ਨਾਖ਼ਤ ਮੁਕੇਸ਼ ਕੁਮਾਰ (24) ਪੁੱਤਰ ਬਲਜਿੰਦਰ ਕੁਮਾਰ ਵਾਸੀ ਬੰਗੀ ਨਗਰ ਵਜੋਂ ਹੋਈ। ਪਰਿਵਾਰਕ ਮੈਂਬਰਾਂ ਅਨੁਸਾਰ  ਉਕਤ ਵਿਅਕਤੀ ਰਾਤ ਸਮੇਂ ਘਰੋਂ ਬਾਹਰ ਗਿਆ ਸੀ ਅਤੇ ਵਾਪਸ ਨਹੀਂ ਆਇਆ। ਪੁਲਸ ਵਲੋਂ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕੀਤੀ ਜਾਂਦੀ 174 ਦੀ ਕਾਰਵਾਈ ਅਕਸਰ ਸਾਰੇ ਮਾਮਲੇ ਨੂੰ ਕਿਸੇ ਠੰਡੇ ਬਸਤੇ ਵਿੱਚ ਸੁੱਟ ਦੇਂਦੀ ਹੈ। ਇਸ ਲਈ ਜਿਆਦਾ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੀ ਕਿ ਖੁਦਕੁਸ਼ੀਆਂ ਦਾ ਰੁਝਾਣ ਕਿਓਂ ਵਧ ਰਿਹਾ ਹੈ?

No comments: