Sunday, February 15, 2015

ਵਿਚਾਰ ਗੋਸ਼ਟੀ:ਫਿਰਕਾਪ੍ਰਸਤੀ ਅੱਜ ਬਣ ਚੁੱਕੀ ਹੈ ਬੇਹੱਦ ਗੰਭੀਰ ਚੁਣੌਤੀਲੋਕਾਂ ਨੂੰ ਧਰਮਾਂ ਦੇ ਨਾਂ ਉੱਤੇ ਵੰਡਣ-ਲੜਾਉਣ ਵਾਲਿਆਂ ਤੋਂ ਖ਼ਬਰਦਾਰ ਰਹਿਣਾ ਹੋਵੇਗਾ 
ਸੈਮੀਨਾਰ ਵਿੱਚ ਫਿਰਕੂ ਤਾਕਤਾਂ ਦੇ ਖਿਲਾਫ਼ ਇਕਮੁੱਠ ਸੰਘਰਸ਼ ਤੇਜ਼ ਕਰਨ ਦਾ ਵੀ ਸੱਦਾ 
ਲੁਧਿਆਣਾ: 15 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਅੱਜ ਇੱਥੇ ਲੁਧਿਆਣੇ ਵਿਖੇ ਜਮਾਲਪੁਰ ਦੀ ਡਾ.ਅੰਬੇਡਕਰ ਧਰਮਸ਼ਾਲਾ ਵਿੱਚ ਨੌਜਵਾਨ ਭਾਰਤ ਸਭਾ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ‘‘ਭਾਰਤ ਵਿੱਚ ਫਿਰਕਾਪ੍ਰਸਤੀ ਦੀ ਵੱਧਦੀ ਚੁਣੌਤੀ’’ ਦੇ ਮੁੱਦੇ ‘ਤੇ ਗੰਭੀਰ ਵਿਚਾਰ-ਚਰਚਾ ਹੋਈਵੱਖ-ਵੱਖ ਜਮਹੂਰੀ ਜੱਥੇਬੰਦੀਆਂ ਦੇ ਕਾਰਕੁੰਨ, ਆਗੂ, ਜਮਹੂਰੀ ਸੂਝ ਦੇ ਧਾਰਨੀ ਬੁੱਧੀਜੀਵੀ ਅਤੇ ਆਮ ਨਾਗਿਰਕ ਮੁੱਖ ਤੌਰ ‘ਤੇ ਨੌਜਵਾਨ ਤੇ ਮਜ਼ਦੂਰ ਵਿਚਾਰ-ਗੋਸ਼ਟੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
          ਵਿਚਾਰ ਗੋਸ਼ਟੀ ਵਿੱਚ ਵਿਚਾਰ ਪ੍ਰਗਟ ਕਰਦੇ ਹੋਏ ਮੁੱਖ ਬੁਲਾਰੇ ਗਿਆਨ ਪ੍ਰਸਾਰ ਸਮਾਜ ਦੇ ਕਨਵੀਨਰ ਡਾ.ਅੰਮ੍ਰਿਤਪਾਲ ਨੇ ਕਿਹਾ ਕਿ ਅੱਜ ਧਰਮ ਦੇ ਨਾਂ ਤੇ ਫੈਲਾਈ ਜਾ ਰਹੀ ਫਿਰਕਾਪ੍ਰਸਤ ਨਫ਼ਰਤ ਬੇਹੱਦ ਗੰਭੀਰ ਮਸਲਾ ਬਣ ਚੁੱਕੀ ਹੈ। ਅੱਜ ਸਭ ਤੋਂ ਵੱਡਾ ਖ਼ਤਰਾ ਹਿੰਦੂ ਧਰਮ ਦੀ ਰੱਖਿਆ ਦੇ ਨਾਂ ਉੱਤੇ ਘੱਟਗਿਣਤੀਆਂ ਖਾਸਕਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੋਂ ਹੈ। ਹਿੰਦੂਤਵੀ ਫਿਰਕਾਪ੍ਰਸਤੀ ਦਾ ਫਾਇਦਾ ਉਠਾ ਕੇ ਹੋਰਨਾਂ ਧਰਮਾਂ ਦੇ ਕੱਟਡੜਪੰਥੀ ਵੀ ਆਪਣਾ ਆਧਾਰ ਮਜ਼ਬੂਤ ਕਰ ਰਹੇ ਹਨ ਅਤੇ ਹਿੰਦੂਆਂ ਖਿਲਾਫ਼ ਨਫਰਤ ਦਾ ਜ਼ਹਿਰ ਘੱਟ-ਗਿਣਤੀਆਂ ਦੇ ਮਨਾਂ ਵਿੱਚ ਭਰ ਰਹੇ ਹਨ। ਡਾ. ਅੰਮ੍ਰਿਤ ਨੇ ਕਿਹਾ ਕਿ ਅਸਲ ਵਿੱਚ ਹਰ ਤਰਾਂ ਦੀਆਂ ਫਿਰਕਾਪ੍ਰਸਤ ਤਾਕਤਾਂ ਇਹ ਭਾਂਵੇਂ ਕਿਸੇ ਵੀ ਧਰਮ ਨਾਲ਼ ਸਬੰਧਤ ਹੋਣ, ਲੋਕਾਂ ਦੀਆਂ ਦੁਸ਼ਮਣ ਹਨ। ਉਹਨਾਂ ਕਿਹਾ ਕਿ ਭਾਰਤ ਦੇ ਗੁਲਾਮੀ ਦੇ ਇਤਿਹਾਸ ਕਾਰਨ ਇੱਥੇ ਜਮਹੂਰੀ ਕਦਰਾਂ ਕੀਮਤਾਂ ਦੀ ਜ਼ਮੀਨ ਬਹੁਤ ਕਮਜੋਰ ਰਹੀ ਹੈ। ਫਿਰਕਾਪ੍ਰਸਕਤੀ ਦਾ ਸਮਾਜ ਵਿੱਚੋਂ ਨਾਂ-ਨਿਸ਼ਾਨ ਮਿਟਾ ਦੇਣ ਲਈ ਲੋਕਾਂ ਵਿੱਚ ਤਰਕਸ਼ੀਲਤਾ ਪੈਦਾ ਕਰਨੀ ਹੋਵੇਗੀ ਅਤੇ ਫਿਰਕਾਪ੍ਰਸਤੀ ਖਿਲਾਫ਼ ਜੁਝਾਰੂ ਲਹਿਰ ਖੜੀ ਕਰਨੀ ਹੋਵੇਗੀ।
ਵਿਚਾਰ ਗੋਸ਼ਟੀ  ਵਿੱਚ ਵਿਚਾਰ ਰੱਖਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਫਿਰਕਾਪ੍ਰਸਤ ਤਾਕਤਾਂ ਦਾ ਅਸਲ ਮਕਸਦ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਬਿਜਲੀ, ਪਾਣੀ, ਸਿਹਤ, ਸਿੱਖਿਆ ਆਦਿ ਬੁਨਿਆਦੀ ਲੋਕ ਮੁੱਦਿਆਂ ਤੋਂ ਧਿਆਨ ਪਾਸੇ ਕਰਕੇ ਲੋਟੂ, ਭ੍ਰਿਸ਼ਟ, ਅੱਯਾਸ਼, ਘੋਰ ਲੋਕ ਵਿਰੋਧੀ ਆਰਥਿਕ-ਸਮਾਜਿਕ ਢਾਂਚੇ ਅਤੇ ਰਾਜਤੰਤਰ ਦੀ ਸੇਵਾ ਕਰਨਾ ਹੈ। ਜਮਹੂਰੀ, ਇਨਸਾਫ਼ਪਸੰਦ, ਧਰਮਨਿਰਪੱਖ, ਅਗਾਂਹਵਧੂ ਲੋਕਾਂ ਨੂੰ ਫਿਰਕਾਪ੍ਰਸਤੀ ਖਿਲਾਫ਼ ਜੋਰਦਾਰ ਲਹਿਰ ਖੜੀ ਕਰਨੀ ਹੋਵੇਗੀ। ਮੌਜੂਦਾ ਸਮੇਂ ਵਿੱਚ ਦੇਸ਼-ਦੁਨੀਆਂ ਭਿਅੰਕਰ ਆਰਥਿਕ ਸੰਕਟ ਦਾ ਸ਼ਿਕਾਰ ਹੈ ਅਤੇ ਇਸ ਸੰਕਟ ਦਾ ਸਾਰਾ ਬੋਝ ਲੋਕਾਂ ਉੱਤੇ ਲੱਦਿਆ ਜਾ ਰਿਹਾ ਹੈ। ਛਾਂਟੀਆਂ, ਤਾਲਾਬੰਦੀਆਂ ਹੋ ਰਹੀਆਂ ਹਨ, ਬੇਰੁਜ਼ਗਾਰੀ ਵੱਧ ਰਹੀ ਹੈ, ਸਰਕਾਰ ਲੋਕਾਂ ਉੱਤੇ ਖਰਚ ਤੇ ਵੱਡੀਆਂ ਕਟੌਤੀਆਂ ਕਰ ਰਹੀ ਹੈ। ਇਸ ਕਾਰਨ ਲੋਕਾਂ ਵਿੱਚ ਬਹੁਤ ਰੋਹ ਹੈ। ਇਸ ਲਈ ਲੋਕਾਂ ਨੂੰ ਧਾਰਮਿਕ ਫਿਰਕਾਪ੍ਰਸਤੀ ਦੇ ਅਧਾਰ ਉੱਤੇ ਵੱਡੇ ਪੱਧਰ ਉੱਤੇ ਵੰਡਣਾ ਤੇ ਲੜਾਉਣਾ ਹਾਕਮ ਜਮਾਤਾਂ ਦੀ ਜ਼ਰੂਰਤ ਬਣ ਚੁੱਕਿਆ ਹੈ।
          ਵਿਚਾਰ ਗੋਸ਼ਟੀ ਨੂੰ ਡਾ. ਅੰਮ੍ਰਿਤ ਤੋਂ ਇਲਾਵਾ ਬਿਗੁਲ ਮਜ਼ਦੂਰ ਦਸਤਾ ਦੇ ਕਾਰਕੁੰਨਾਂ ਰਾਜਵਿੰਦਰ, ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਸੰਦੀਪ, ਗੁਰਦੀਪ, ਸਮਰ, ਮਜ਼ਦੂਰ ਆਗੂ ਹਰਜਿੰਦਰ ਸਿੰਘ, ਆਦਿ ਨੇ ਵੀ ਵਿਚਾਰ ਪ੍ਰਗਟਾਏ। ਸਾਰੇ ਬੁਲਾਰਿਆਂ ਨੇ ਇਸ ਗੱਲ ਨਾਲ਼ ਸਹਿਮਤੀ ਪ੍ਰਗਟਾਈ ਕਿ ਫਿਰਕਾਪ੍ਰਸਤੀ ਅੱਜ ਬੇਹੱਦ ਗੰਭੀਰ ਚੁਣੌਤੀ ਬਣ ਚੁੱਕੀ ਹੈ ਅਤੇ ਇਸਦਾ ਮੁਕਾਬਲਾ ਕਰਨ ਲਈ ਜਮਹੂਰੀ ਲਹਿਰ ਨੂੰ ਤਕੜਾ ਕਰਨਾ ਹੋਵੇਗਾ।
-          ਜਾਰੀ ਕਰਤਾ,
ਲਖਵਿੰਦਰ, ਬਿਗੁਲ ਮਜ਼ਦੂਰ ਦਸਤਾ।
ਫੋਨ ਨੰ- 9646150249

No comments: