Wednesday, February 04, 2015

ਕੀ ਦੇਸ਼ ਦੇ ਨਾਇਕਾਂ ਦਾ ਅਪਮਾਨ ਸਰਕਾਰਾਂ ਲਈ ਕੋਈ ਅਰਥ ਨਹੀਂ ਰੱਖਦਾ?

ਕੀ ਦੇਸ਼ ਦੇ ਨਾਇਕਾਂ ਦਾ ਅਪਮਾਨ ਸਰਕਾਰਾਂ ਲਈ ਕੋਈ ਅਰਥ ਨਹੀਂ ਰੱਖਦਾ? 
ਲੁਧਿਆਣਾ: 4 ਫਰਵਰੀ 2014:  
ਜਦੋਂ ਤੱਕ ਆਪਣੇ ਵੇਲਿਆਂ ਦਾ ਲੋਕ ਨਾਇਕ ਸੱਦਾਮ ਹੁਸੈਨ ਆਪਣੇ ਦੁਸ਼ਮਣਾਂ ਦੇ ਹੇਠ ਨਹੀਂ ਆਇਆ ਓਹ ਉਸਦੇ ਬੁੱਤਾਂ ਨੂੰ ਰੱਸਿਆਂ ਨਾਲ ਖਿਚ ਕੇ ਫਾਂਸੀਆਂ ਲਾਉਂਦੇ ਰਹੇ। ਉਹਨਾਂ ਦੇ ਇਹ ਅੰਦਾਜ਼ ਉਹਨਾਂ ਦੇ ਮਣਸ਼ਿਆਂ ਨੂੰ ਜ਼ਾਹਿਰ ਕਰਦੇ ਸਨ। ਉਹਨਾਂ ਦੀ ਨਫਰਤ ਅਤੇ ਇਰਾਦਿਆਂ ਨੂੰ ਜ਼ਾਹਿਰ ਕਰਦੇ ਸਨ। ਉਹਨਾਂ ਆਪਣੇ ਇਰਾਦਿਆਂ ਨੂੰ ਜ਼ਾਹਿਰ ਕਰਨ ਦੇ ਮਾਮਲੇ ਵਿੱਚ ਕੋਈ ਓਹਲਾ ਨਹੀਂ ਸੀ ਰੱਖਿਆ। 
ਅੱਜ ਇਹ ਗੱਲ ਯਾਦ ਆ ਰਹੀ ਹੈ ਭਾਰਤੀ ਮਾਮਲਿਆਂ ਵਿੱਚ। ਗਦਰ ਦੀ ਲਹਿਰ ਦੇ ਹੀਰੋ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸਾਥੀ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੀ ਭੰਨਤੋੜ ਕੀਤਿਆਂ ਕਰੀਬ ਚਾਰ ਮਹੀਨੇ ਬੀਤ ਹਨ। ਇਹ ਵਾਰਦਾਤ ਹੋਈ 3 ਅਕਤੂਬਰ 2014 ਨੂੰ। ਪਿੰਡ ਦੇ ਦੇਸ਼ ਭਗਤ ਲੋਕਾਂ ਨੇ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਨਾਲ ਇੱਕਜੁੱਟਤਾ ਪ੍ਰਗਟ ਕਰਦਿਆਂ ਲਲਤੋਂ ਕਲਾਂ ਦੀ  ਚੌਂਕੀ ਤੇ ਦਬਾਅ ਬਣਾ ਕੇ ਪਰਚਾ ਦਰਜ ਕਰਾਇਆ। ਇਸ ਤੋਂ ਬਾਅਦ ਕਾਰਵਾਈ ਲਈ 7 ਵਾਰ ਪੁਲਿਸ ਕਮਿਸ਼ਨਰ ਅਤੇ 3 ਵਾਰ ਡੀ ਸੀ ਲੁਧਿਆਣਾ ਨਾਲ ਮੁਲਾਕਾਤ ਕੀਤੀ ਗਈ। ਇਸ ਸਭਕੁਝ ਦੇ ਬਾਵਜੂਦ ਜਦੋਂ
ਫਿਰ ਵੀ ਕੋਈ ਗੱਲ ਨਹੀਂ ਬਣੀ ਤਾਂ 27 ਅਕਤੂਬਰ ਨੂੰ ਪੁਲਿਸ ਕਮਿਸ਼ਨਰ ਸਾਹਮਣੇ ਰੋਸ ਵਖਵਾ ਕੀਤਾ ਗਿਆ। ਇਸਤੇ ਵੀ ਕੋਈ ਅਸਰ ਨਹੀਂ ਹੋਇਆ ਤਾਂ 20 ਨਵੰਬਰ 2014 ਨੂੰ ਪੁਲਿਸ ਚੌਂਕੀ ਲਲਤੋਂ ਕਲਾਂ ਮੂਹਰੇ ਧਰਨਾ ਦੇ ਕੇ ਟ੍ਰੈਫਿਕ ਜਾਮ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 16 ਦਸੰਬਰ ਨੂੰ ਫਿਰ ਡੀਸੀ  ਨਾਲ ਮੁਲਾਕਾਤ ਕੀਤੀ ਗਈ। ਪੁਲਿਸ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਇਹੀ ਜ਼ਾਹਿਰ ਕਰਦੀ ਹੈ ਕਿ ਦੇਸ਼ ਦੇ ਨਾਇਕਾਂ ਦਾ ਅਪਮਾਨ ਉਹਨਾਂ ਲਈ ਕੋਈ ਅਰਥ ਨਹੀਂ ਰੱਖਦਾ। 
ਇਸ ਸਭ ਕੁਝ ਦੇ ਬਾਵਜੂਦ ਪ੍ਰਣਾਲਾ ਉੱਥੇ ਦਾ ਉੱਥੇ। ਅਜੇ ਤੱਕ ਵੀ ਇਸ ਮਹਾਂ ਵਿਅਕਤੀ ਦੇ ਬੁੱਤ 'ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਬੁੱਤ ਉੱਪਰ ਹਮਲਾ ਕਰਨ ਦਾ ਮਕਸਦ ਹੈ ਕਿ ਜੇ ਅੱਜ ਬਾਬਾ ਜੀ ਜਿਊਂਦੇ ਹੁੰਦੇ ਤਾਂ ਇਹਨਾਂ ਅਨਸਰਾਂ ਨੇ ਉਹਨਾਂ ਉੱਪਰ ਵੀ ਹਮਲੇ ਕਰਨੇ ਸਨ। ਪੁਲਿਸ ਦੀ ਕਾਰਗੁਜ਼ਾਰੀ ਦੱਸਦੀ ਹੈ ਕਿ ਪੁਲਿਸ ਨੇ ਉਦੋਂ ਵੀ ਇਹੀ ਕੁਝ ਕਰਨਾ ਸੀ। ਕੀ ਦੇਸ਼ ਵਿੱਚ ਆਜ਼ਾਦੀ ਆਉਣ ਤੋਂ ਬਾਅਦ ਅਜਿਹੇ ਹਮਲੇ ਬਰਦਾਸ਼ਤ ਹੋਣੇ ਚਾਹੀਦੇ ਹਨ? ਕੀ ਮੰਨ ਲਿਆ ਜਾਏ ਆਜ਼ਾਦ ਦੇਸ਼ ਦੇ ਹੁਕਮਰਾਨਾ ਨੂੰ ਅਜਿਹਾ ਕਾਰਾ ਦੇਸ਼ ਧ੍ਰੋਹ  ਨਹੀਂ ਜਾਪਦਾ? ਕੀ ਮੰਨ ਲਿਆ ਜਾਏ ਕਿ ਗੋਰਿਆਂ ਦੇ ਤੁਖਮ ਅਜੇ ਵੀ ਸਰਗਰਮ ਹਨ?
ਜੇ ਅਜਿਹਾ ਵਰਤਾਰਾ ਜਾਰੀ ਰਹਿੰਦਾ ਹੈ ਤਾਂ ਇੱਕ ਗੱਲ ਪੱਕੀ ਹੈ ਕਿ ਦੇਸ਼ ਭਗਤਾਂ ਦੇ ਵਾਰਿਸ ਫਿਰ ਮੈਦਾਨ ਵਿੱਚ ਆਉਣਗੇ। ਗਦਰ ਦੀ ਲਹਿਰ ਫਿਰ ਗੂੰਜੇਗੀ। ਜਦੋਂ ਲੋਕ ਜਾਗ ਪਏ ਤਾਂ ਲੋਕ ਦੁਸ਼ਮਣਾਂ ਨੂੰ ਭੱਜਣ ਲੱਗਿਆਂ ਰਾਹ ਨਹੀਂ ਲਭਣਾ। -ਰੈਕਟਰ ਕਥੂਰੀਆ

No comments: