Tuesday, February 24, 2015

ਮੋਦੀ ਦੇ ਖਿਲਾਫ਼ ਅੰਨਾ ਅੰਦੋਲਨ ਦੀ ਹਨੇਰੀ ਲੁਧਿਆਣਾ ਵਿੱਚ ਵੀ ਸ਼ੁਰੂ

ਭੋਂ ਪ੍ਰਾਪਤੀ ਬਿਲ ਦੇ ਮੁੱਦੇ ਨੂੰ ਲੈ ਕੇ ਹੋਇਆ ਜ਼ੋਰਦਾਰ ਰੋਸ ਵਖਾਵਾ  
ਕਈ ਸੰਗਠਨਾਂ ਨੇ ਕੀਤਾ ਅੰਨਾ ਅੰਦੋਲਨ ਲਈ ਸਰਗਰਮ ਸਹਿਯੋਗ ਦਾ ਐਲਾਨ  
ਲੁਧਿਆਣਾ: 24 ਫਰਵਰੀ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):  
ਚੰਗੇ ਦਿਨਾਂ ਦਾ ਵਾਅਦਾ  ਕਰਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਦੇ ਖਿਲਾਫ਼ ਲੁਧਿਆਣਾ ਵਿੱਚ ਵੀ ਜ਼ੋਰਦਾਰ ਅੰਦੋਲਨ ਸ਼ੁਰੂ ਹੋ ਗਿਆ ਹੈ। ਰੋਸ ਵਖਾਵਾ ਕਰ ਰਹੇ ਸੰਗਠਨਾਂ ਦੇ ਬੁਲਾਰਿਆਂ ਨੇ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਆਪਣੇ ਚੰਗੇ ਦਿਨਾਂ ਦੇ ਵਾਅਦੇ ਨੂੰ ਭੁੱਲ ਕੇ ਵੱਡੇ ਵੱਡੇ ਪੂੰਜੀਪਤੀਆਂ ਦੇ ਚੰਗੇ ਦਿਨ ਲਿਆਉਣ ਲਈ ਸਰਗਰਮ ਹੈ ਤਾਂਕਿ ਉਹਨਾਂ ਕੋਲੋਂ ਲਿਆ ਗਿਆ ਚੋਣ ਫੰਡ ਕਈ ਗੁਣਾ ਵਧਾ ਕੇ ਵਾਪਿਸ ਕੀਤਾ ਜਾ ਸਕੇ ।  ਪੂੰਜੀਪਤੀਆਂ ਦੇ ਉਤਪਾਦਨਾਂ ਨੂੰ ਐਮ ਆਰ ਪੀ (ਮੈਕਸੀਮਮ ਰਿਟੇਲ ਪਰਾਈਜ) ਅਤੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਲਈ ਐਮ ਐਸ ਪੀ (ਮਿਨੀਮਮ ਸੁਪੋਰਟ ਪ੍ਰਾਇਜ਼) ਵਰਗੇ  ਬੇਇੰਸਾਫੀ ਭਰੇ ਪੈਮਾਨੇ ਨਾਲ ਵਿਕਾਸ ਨੂੰ ਨਾਪਨ ਵਾਲਾ ਸ਼ੋਸ਼ਣ ਭਰਿਆ ਤਰੀਕਾ ਹੁਣ ਅਸੀਂ ਨਹੀਂ ਚੱਲਣ ਦੇਣਾ। ਇਹ ਗੱਲ ਅੱਜ ਨੈਸ਼ਨਲ ਅਲਾਇੰਸ ਆਫ਼ ਪੀਪਲਜ਼ ਮੂਵਮੈਂਟ ਦੇ ਸੱਦੇ 'ਤੇ ਜਨਤੰਤਰ ਮੋਰਚਾ, ਰਾਸ਼ਟਰ ਧਰਮ ਮਿਸ਼ਨ ਅਤੇ ਬੇਲਨ ਬ੍ਰਿਗੇਡ  ਵਰਗੇ ਪ੍ਰਮੁਖ ਲੋਕ ਪੱਖੀ ਖਾੜਕੂ ਸੰਗਠਨਾਂ ਨੇ ਜਗਰਾਓਂ ਪੁਲ ਉੱਪਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਾਂਝੀ ਯਾਦਗਾਰ ਹੇਠ ਕੀਤੇ ਇੱਕ ਸਾਂਝੇ ਰੋਸ ਵਖਾਵੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਹੀ। ਇਹ ਆਯੋਜਨ ਦਿੱਲੀ ਵਿੱਚ ਲੋਕ ਨਾਇਕ ਅੰਨਾ ਹਜਾਰੇ ਅਤੇ ਲੋਕ ਨਾਇਕਾ ਮੇਧਾ ਪਾਟਕਰ ਦੀ ਅਗਵਾਈ ਹੇਠ ਆਰੰਭ ਹੋਏ ਅੰਦੋਲਨ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਕੀਤਾ ਗਿਆ।
  ਭੋਂ ਪ੍ਰਾਪਤੀ ਬਿਲ ਦੇ ਮੁੱਦੇ 'ਤੇ ਅੰਨਾ ਹਜਾਰੇ ਦੀ ਸੁਰ ਵਿੱਚ ਸੁਰ ਮਿਲਾਉਂਦਿਆਂ ਵ੍ਖਾਵਾਕਾਰੀਆਂ ਨੇ ਜ਼ੋਰਦਾਰ ਨਾਅਰੇ ਬਾਜੀ ਦੇ ਨਾਲ ਨਾਲ ਜੋਸ਼ੀਲੇ ਭਾਸ਼ਣ ਵੀ ਦਿੱਤੇ।
ਇਸ ਰੋਸ ਵਖਾਵੇ ਵਿੱਚ ਜੈਵਿਕ ਖੇਤੀ ਐਸੋਸੀਏਸ਼ਨ ਵੱਲੋਂ ਮੇਵਾ ਸਿੰਘ ਕੁਲਾਰ, ਸੋਸ਼ਲ ਥਿੰਕਰਜ਼ ਫੋਰਮ ਵੱਲੋਂ ਰਮੇਸ਼ ਰਤਨ, ਇਪਟਾ ਵੱਲੋਂ ਐਮ ਐਸ ਭਾਟੀਆ, ਮਹਾਤੜ ਸਾਥੀ ਜਾਗਰਤੀ ਮੰਚ ਵੱਲੋਂ ਕੀਮਤੀ ਰਾਵਲ, ਸੈਂਟਰਲ ਐਂਟੀ ਕੁਰੱਪਸ਼ਨ ਵੱਲੋਂ ਰਮੇਸ਼ ਨ੍ਨ੍ਚਾਹਲ, ਰਮੇਸ਼ ਗਾਬਾ ਅਤੇ ਕਈ ਹੋਰ ਆਗੂਆਂ ਸਮੇਤ ਕਈ ਪ੍ਰਮੁਖ  ਹੋਏ।
ਗੁਰਵੰਤ ਸਿੰਘ ਅਤੇ ਕੁੰਵਰ ਰੰਜਨ ਸਿੰਘ ਨੇ ਬਹੁਤ ਹੀ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ।  ਵਿਨੋਦ ਜੈਨ, ਕਾਮਰੇਡ ਗੁਰਨਾਮ ਸਿਧੂ, ਮੇਵਾ ਸਿੰਘ  ਕੁਲਾਰ ਅਤੇ ਅਨੀਤਾ ਸ਼ਰਮਾ ਨੇ ਭੋਂ  ਪ੍ਰਾਪਤੀ ਬਿਲ ਦੀਆਂ  ਬਰੀਕੀਆਂ ਨੂੰ ਬੜੇ ਹੀ ਸਾਦਾ ਸ਼ਬਦਾਂ ਨਾਲ ਆਮ ਲੋਕਾਂ ਨੂੰ ਜਾਣੂ ਕਰਵਾਇਆ। 

No comments: