Tuesday, January 20, 2015

ਭਾਰਤ ਫੇਰੀ ਦੌਰਾਨ ਓਬਾਮਾ ਦਾ ਵਿਰੋਧ ਅਤੇ ਸਮਰਥਨ

ਖੱਬੀਆਂ ਧਿਰਾਂ ਵੱਲੋਂ ਵਿਰੋਧ ਅਤੇ ਅਕਾਲੀ ਦਲ ਮਾਨ ਵੱਲੋਂ ਸਮਰਥਨ  ਦੀਆਂ ਸੁਰਾਂ
ਲੁਧਿਆਣਾ : 19 ਜਨਵਰੀ 2015: (ਪੰਜਾਬ ਸਕਰੀਨ ਬਿਊਰੋ):  
ਅਮਰੀਕਾ ਨੂੰ ਸਾਮਰਾਜੀ ਦੁਨੀਆ  ਦਾ ਸਰਦਾਰ ਕਹਿ ਕੇ ਅਕਸਰ ਹੀ ਉਸਦਾ ਵਿਰੋਧ ਵਾਲੀਆਂ ਖੱਬੀਆਂ ਧਿਰਾਂ ਹੁਣ ਉੱਤਰੀ ਭਾਰਤ ਵਿੱਚ ਭਾਵੇਂ ਕਾਫੀ ਕਮਜ਼ੋਰ ਮਹਿਸੂਸ ਹੋ ਰਹੀਆਂ ਹਨ ਉਦੋਂ  ਸੀ. ਪੀ. ਆਈ. ਐੱਮ. ਐੱਲ. (ਨਿਊ ਡੈਮੋਕਰੇਸੀ) ਅਤੇ ਕੁਝ ਜਨਤਕ ਜੱਥੇਬੰਦੀਆਂ ਨੇ ਖੁੱਲ ਕੇ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਈ ਹੈ। ਪਾਰਟੀ ਦੇ ਬੁਲਾਰੇ ਸਰਦਾਰਾ ਸਿੰਘ ਮਾਹਲ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ ਤੇ ਲੋਕ ਸੰਗਰਾਮ ਮੰਚ ਦੇ ਆਗੂ ਬਲਵੰਤ ਮਖੂ ਨੇ 26 ਜਨਵਰੀ ਨੂੰ ਮੋਦੀ ਦੇ ਸੱਦੇ 'ਤੇ ਭਾਰਤ ਆ ਰਹੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਓਬਾਮਾ ਦੀ ਭਾਰਤ ਫੇਰੀ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਸੁਰੱਖਿਆ ਤਕਨੀਕ, ਵਪਾਰ, ਪ੍ਰਮਾਣੂ ਊਰਜਾ, ਸਿਵਲ ਨਿਊਕਲੀਅਰ ਮਿਲਵਰਤਨ, ਇਨਫ੍ਰਾਸਟਰਕਚਰ, ਸਿਹਤ ਤੇ ਸਿੱਖਿਆ ਖੇਤਰ ਸਮੇਤ ਕਈ ਸਮਝੌਤੇ ਸਹੀਬੰਦ ਕੀਤੇ ਜਾਣੇ ਹਨ। ਮੋਦੀ ਸਰਕਾਰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਵੱਖ-ਵੱਖ ਮੁਲਕਾਂ ਦੇ ਹਾਕਮਾਂ ਨੂੰ ਭਾਰਤ 'ਚ ਸੱਦੇ ਦੇ ਰਹੀ ਹੈ। ਮੋਦੀ ਵਜ਼ਾਰਤ ਨੇ ਦੇਸੀ-ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਦੇ ਬੇਸ਼ਕੀਮਤੀ ਜਲ, ਜੰਗਲ, ਜ਼ਮੀਨ ਤੇ ਹੋਰ ਕੁਦਰਤੀ ਖਣਿਜ ਸੋਮਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਦੀਆਂ ਨੀਤੀਆਂ ਪਹਿਲਾਂ ਨਾਲੋਂ ਹੋਰ ਵੱਧ ਤਿੱਖੀਆਂ ਕੀਤੀਆਂ ਹੋਈਆਂ ਹਨ। ਸਾਮਰਾਜੀ ਸ਼ਕਤੀਆਂ ਦੁਆਰਾ ਭਾਰਤੀ ਮੰਡੀ 'ਚ ਬੇ ਰੋਕ-ਟੋਕ ਲੁੱਟ ਕਰਨ ਲਈ ਮਜ਼ਦੂਰ ਵਿਰੋਧੀ ਕਿਰਤ ਤੇ ਫੈਕਟਰੀ ਕਾਨੂੰਨਾਂ 'ਚ ਸੋਧਾਂ ਕੀਤੀਆਂ ਜਾ ਰਹੀਆਂ ਹਨ, ਕਿਸਾਨ ਵਿਰੋਧੀ ਭੂਮੀ ਗ੍ਰਹਿਣ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਹਨ, ਵਪਾਰਕ ਰੋਕਾਂ ਹਟਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਲੋਕ ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ ਉਠਣ ਵਾਲੇ ਲੋਕ ਵਿਰੋਧ ਨੂੰ ਠੱਲ੍ਹਣ ਲਈ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਓਬਾਮਾ ਦੀ ਭਾਰਤ ਫੇਰੀ ਦੇਸ਼ ਦੇ ਕਰੋੜਾਂ ਗਰੀਬ ਤੇ ਬੇਰੁਜ਼ਗਾਰ ਲੋਕਾਂ ਲਈ ਹੋਰ ਵੱਧ ਮੰਦਹਾਲੀ ਦੇ ਦਿਨ ਲੈ ਕੇ ਆਵੇਗੀ। ਅਸਲ 'ਚ ਅਮਰੀਕਾ ਵਰਗੇ ਸਾਮਰਾਜੀ ਮੁਲਕ ਜੋ ਗੰਭੀਰ ਆਰਥਿਕ ਮੰਦੀ 'ਚ ਫਸੇ ਹੋਏ ਹਨ ਉਹ ਇਸ ਮੰਦੀ ਦਾ ਬੋਝ ਭਾਰਤ ਵਰਗੇ ਮੁਲਕਾਂ ਦੇ ਮਿਹਨਤਕਸ਼ ਲੋਕਾਂ ਉਪਰ ਥੋਪਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਲੋਕਾਂ ਨੂੰ ਰੁਜ਼ਗਾਰ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਆਦਿ ਦੀ ਲੋੜ ਹੈ ਪਰ ਭਾਰਤੀ ਹਾਕਮ ਅਮਰੀਕਾ ਸਮੇਤ ਹੋਰ ਸਾਮਰਾਜੀ ਮੁਲਕਾਂ ਨਾਲ ਪ੍ਰਮਾਣੂ ਤੇ ਫੌਜੀ ਸਾਜੋ-ਸਾਮਾਨ ਖ੍ਰੀਦਣ ਦੇ ਸਮਝੌਤੇ ਕਰ ਰਹੇ ਹਨ। ਲੋਕਾਂ ਨੂੰ ਰੋਟੀ ਚਾਹੀਦੀ ਹੈ ਨਾ ਕਿ ਬਾਰੂਦ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਮਿਹਨਤਕਸ਼ ਲੋਕ ਦੇਸੀ-ਵਿਦੇਸ਼ੀ ਪੂੰਜੀਪਤੀਆਂ ਦੀ ਗੁਲਾਮੀ ਝੱਲ ਰਹੇ ਹਨ। ਓਬਾਮਾ ਦੀ ਭਾਰਤ ਫੇਰੀ ਮਾਣ ਦੀ ਨਹੀਂ ਬਲਕਿ ਗੁਲਾਮੀ ਦੀ ਪ੍ਰਤੀਕ ਹੈ। ਇਸ ਦਿਨ ਦੇਸ਼ ਦੇ ਲੋਕਾਂ ਦੇ ਵਿਕਾਸ ਦੀ ਥਾਂ ਦੇਸ਼ ਨੂੰ ਵੇਚਣ ਦੀਆਂ ਵਿਉਂਤਬੰਦੀਆਂ 'ਤੇ ਸਮਝੌਤੇ ਕੀਤੇ ਜਾਣਗੇ। ਇਸ ਕਰਕੇ ਤਿੰਨਾਂ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਪੰਜਾਬ ਭਰ 'ਚ ਉਬਾਮਾ ਦੀ ਭਾਰਤ ਫੇਰੀ ਦਾ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਪੰਜਾਬ ਦੇ ਇਨਸਾਫਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੇ ਕੂੜ ਦਾਅਵਿਆਂ ਦਾ ਪਰਦਾਫਾਸ਼ ਕਰਦਿਆਂ ਤੇ ਬੁਨਿਆਦੀ ਮੁੱਦਿਆਂ 'ਤੇ ਲਾਮਬੰਦੀ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਲੋਕਪੱਖੀ ਸਮਾਜ ਦੀ ਸਿਰਜਣਾ ਦੇ ਰਾਹ ਪੈਣਾ ਚਾਹੀਦਾ ਹੈ।  ਇਸੇ ਦੌਰਾਨ ਵਾਟਸਐਪ ਵਰਗੇ ਸੋਸ਼ਲ ਮੀਡੀਆ 'ਤੇ ਓਬਾਮਾ ਗੋ ਬੈਕ ਵਰਗੇ ਨਾਅਰੇ ਵੀ ਪ੍ਰਚਾਰਿਤ ਹੋਏ ਹਨ। ਭਾਰਤ ਸਰਕਾਰ ਨੇ ਓਬਾਮਾ ਦੀ ਸੁਰੱਖਿਆ ਵਿੱਚ ਅਮਰੀਕਾ ਦੀਆਂ ਕਈ ਅਹਿਮ ਸ਼ਰਤਾਂ ਨੂੰ ਖਾਰਜ ਕਰਕੇ ਇਹ ਸੰਕੇਤ ਵੀ ਦਿੱਤਾ ਹੈ ਕਿ ਨਾ ਤਾਂ ਉਹ ਅਮਰੀਕਾ ਦੇ ਦਬਾਅ ਹੇਠ ਹੈ ਅਤੇ ਨਾ ਹੀ ਦੇਸ਼ ਦੇ ਹਿੱਤਾਂ ਨੂੰ ਅਮਰੀਕਾ ਕੋਲ ਵੇਚਣ ਦੀ ਤਿਆਰੀ ਵਿੱਚ ਹੈ। ਹਕੀਕਤ ਦਾ ਪਤਾ ਤਾਂ ਸਮਾਂ ਆਉਣ ਤੇ ਹੀ ਲੱਗਣਾ ਹੈ ਪਰ ਗਰਮ ਖਿਆਲੀ ਸਿੱਖ ਨੇਤਾ ਸਿਮਰਨਜੀਤ ਸਿੰਘ ਮਾਨ ਆਪਣੀ ਖਾਲਿਸਤਾਨ ਵਾਲੀ ਪੁਰਾਣੀ  ਮੰਗ ਨੂੰ ਇੱਕ ਵਾਰ ਫੇਰ ਅਮਰੀਕੀ ਰਾਸ਼ਟਰਪਤੀ ਕੋਲ ਉਠਾਉਣ ਦੀ ਤਿਆਰੀ ਵਿੱਚ ਜਰੂਰ ਹਨ।

No comments: