Monday, November 17, 2014

ਪ੍ਰੇਮ ਤਾਂ ਪ੍ਰੇਮ ਲੋੜ ਪਈ ਤਾਂ ਡੰਡਾ ਵੀ ਚੁੱਕਾਂਗੇ--ਨਵਜੋਤ ਸਿੰਘ ਸਿੱਧੂ

ਅੱਜਕਲ੍ਹ ਰਾਜਨੀਤੀ ਸਿਰਫ 10% ਸੇਵਾ ਅਤੇ 90% ਮੇਵਾ ਬਣ ਚੁੱਕੀ ਹੈ
ਲੁਧਿਆਣਾ: 16 ਨਵੰਬਰ 2014: (ਪੰਜਾਬ ਸਕਰੀਨ ਬਿਊਰੋ):
ਮੇਲ ਮੌਕਾ ਬਹੁਤ ਹੀ ਧਾਰਮਿਕ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਧਰਮ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਹੁਣ ਦੁਸ਼ਟਾਂ ਦੇ ਵਿਨਾਸ਼ ਦਾ ਸਮਾਂ ਆ ਚੁੱਕਿਆ ਹੈ। ਉਹਨਾਂ ਕਿਹਾ ਮਹਾਂਭਾਰਤ ਹਰ ਯੁਗ ਦੀ ਜਰੂਰਤ ਰਹੀ ਹੈ। ਉਹਨਾਂ ਸਾਫ਼ ਆਖਿਆ ਕਿ ਪ੍ਰੇਮ ਤਾਂ ਪ੍ਰੇਮ ਲੋੜ ਪਈ ਤਾਂ ਡੰਡਾ ਵੀ ਚੁੱਕਾਂਗੇ। ਉਹਨਾਂ ਬਿਨਾ ਨਾਮ ਲਿਆ ਅਕਾਲੀਆਂ ਦੀ ਤੁਲਣਾ ਨਾਗਾਂ ਨਾਲ ਵੀ ਕੀਤੀ। ਇਹ ਸਭ ਕੁਝ ਉਹਨਾਂ ਬੜੇ ਹੀ ਸਲੀਕੇ ਨਾਲ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ। ਇਸ ਮੌਕੇ ਮੀਡੀਆ ਕਿੰਗ ਸ਼੍ਰੀ ਅਵਿਨਾਸ਼ ਚੋਪੜਾ ਅਤੇ ਕਈ ਹੋਰ ਮੋਹਤਬਰ ਸ਼ਖਸੀਅਤਾਂ ਵੀ ਮੰਚ 'ਤੇ ਮੌਜੂਦ ਸਨ।
ਭਾਰਤੀ ਜਨਤਾ ਪਾਰਟੀ ਦੇ ਇਸ ਧੜੱਲੇਦਾਰ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਅਕਾਲੀ ਦਲ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਹਮਲਾ ਬੋਲਿਆ। ਉਹਨਾਂ ਸਾਫ਼ ਸਾਫ਼ ਕਿਹਾ ਕਿ ਪੰਜਾਬ 'ਚ ਦੁਸ਼ਟਾਂ ਦੇ ਨਾਸ਼ ਦਾ ਵੇਲਾ ਆ ਗਿਆ ਹੈ। ਲੁਧਿਆਣਾ ਵਿਖੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਚ ਹਿੱਸਾ ਲੈਣ ਆਏ ਨਵਜੋਤ ਸਿੰਘ ਸਿੱਧੂ ਨੇ  ਮੌਜੂਦ ਲੋਕਾਂ ਕੋਲੋਂ ਵੀ ਪੁਛਿਆ--
ਕੀ ਮੈਂ ਕੋਈ ਝੂਠ ਬੋਲਿਆ 
ਮੈ ਕੋਈ ਕੁਫਰ ਤੋਲਿਆ?
ਉਹਨਾਂ ਇਹ ਵੀ ਪੁਛਿਆ ਕਿ ਦੁਰਯੋਧਨ ਕੌਣ ਸੀ? ਭਗਵਾਨ ਕ੍ਰਿਸ਼ਨ ਨੂੰ ਲੜਾਈ ਕਿਓਂ ਲੜਨੀ ਪਈ ? ਇਸਦੇ ਨਾਲ ਹੀ ਉਹਨਾਂ ਆਖਿਆ ਸੱਚਾ ਧਰਮ ਹੁੰਦਾ ਹੈ ਸਚ ਦੇ ਨਾਲ ਖੜੋਣਾ ਹੁਣ ਸਮਾਂ ਆ ਗਿਆ ਹੈ--ਕੀ ਧਰਮ ਨਾਲ ਖੜੇ ਹੋਵੋਗੇ ਜਾਂ ਨਹੀਂ?
ਸ੍ਰ ਸਿੱਧੂ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਚੁੱਪ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਜਾਨ ਨੂੰ ਖਤਰਾ ਹੈ। ਸਿਧੂ ਨੇ ਕਿਹਾ ਕਾਇਰ ਵਿਅਕਤੀ ਤਾਂ ਬਾਰ ਬਾਰ ਮਰਦਾ ਹੈ ਪਰ ਬਹਾਦੁਰ ਇਕ ਵਾਰ ਮਰਦਾ ਹੈ। ਉਹਨਾਂ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਹਵਾਲਾ ਦੇਂਦਿਆਂ ਪਗੜੀ ਸੰਭਾਲ ਜੱਟਾ ਵਾਲਾ ਨਾਅਰਾ ਵੀ ਦੁਹਰਾਇਆ।
ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹਰਿਆਣਾ 'ਚ ਅਕਾਲੀਆਂ ਖਿਲਾਫ ਭੜਾਸ ਕੱਢਣ ਵਾਲੇ ਹਰਮਨ ਪਿਆਰੇ ਆਗੂ ਨਵਜੋਤ ਸਿੰਘ ਸਿੱਧੂ ਕਰੀਬ ਡੇਢ ਮਹੀਨੇ ਬਾਅਦ ਪੰਜਾਬ 'ਚ ਆ ਕੇ ਵੀ ਅਕਾਲੀਆਂ ਖਿਲਾਫ ਖੂਬ ਗਰਜੇ। ਲੁਧਿਆਣਾ ਵਿਖੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਮੌਕੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਨੂੰ ਨਾਗ ਤੱਕ ਵੀ ਦੱਸ ਦਿੱਤਾ। ਅਕਾਲੀ ਸਰਕਾਰ ਦੇ ਨਾਅਰੇ "ਰਾਜ ਨਹੀਂ ਸੇਵਾ" ਦੇ ਖੋਖਲੇਪਨ ਤੇ ਚੋਟ ਕਰਦਿਆਂ ਉਹਨਾਂ ਕਿਹਾ ਰਾਜਨੀਤੀ ਸੇਵਾ ਲਈ ਹੀ ਹੁੰਦੀ ਹੈ ਪਰ ਇਥੇ ਦਸ ਫੀਸਦੀ ਸੇਵਾ ਅਤੇ 90 ਫੀਸਦੀ ਮੇਵਾ ਹੈ।
ਲੋਕ ਭਗਵਾਨ ਜਗਨਨਾਥ ਜੀ ਦੀ ਉਡੀਕ ਵਿੱਚ ਅੱਡੀਆਂ ਚੁੱਕ ਚੁੱਕ ਖੜ੍ਹੇ ਰਹੇ। ਕਿਸੇ ਸਟੇਜ ਤੇ ਆਰਤੀ ਉਤਾਰਨ ਲਈ ਲੋਕਾਂ ਨੇ ਥਾਲੀਆਂ ਸਜਾਈਆਂ ਹੋਈਆਂ ਸਨ ਅਤੇ ਕਿਸੇ ਥਾਂ ਪ੍ਰਸ਼ਾਦ ਵੰਡੇ ਜਾ ਰਹੇ ਸਨ। ਜੋਤਿਸ਼ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਡਤ ਰਾਜਨ ਸ਼ਰਮਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ।
ਭੈਣੀ ਸਾਹਿਬ ਤੋਂ ਆਇਆ ਹੋਇਆ ਨਾਮਧਾਰੀ ਜੱਥਾ ਵੀ ਪੂਰੇ ਜੋਸ਼ੋ ਖਰੋਸ਼ ਨਾਲ ਇਸ  ਰਥ ਯਾਤਰਾ ਵਿੱਚ ਸ਼ਾਮਲ ਹੋਇਆ। ਨਾਮਧਾਰੀ ਸੰਗਤ ਵੱਲੋਂ ਆਪਣਾ ਮੰਚ ਵੀ ਲਗਾਇਆ ਗਿਆ ਸੀ ਜਿੱਥੇ ਸੰਗਤਾਂ ਵੱਲ ਪ੍ਰਸ਼ਾਦ ਦੇ ਤੋਹਫਿਆਂ ਦੀ ਬਰਸਾਤ ਹੋ ਰਹੀ ਸੀ। ਲੋਕਾਂ ਵਿੱਚ ਇਸ ਵਾਰ ਪਹਿਲਾਂ ਨਾਲੋਂ ਕਿਤੇ ਜਿਆਦਾ ਉਤਸ਼ਾਹ ਸੀ।
ਜਦੋਂ ਸਾਡੀ ਟੀਮ ਨੇ ਰਾਣੀ ਝਾਂਸੀ ਰੋਡ ਦਾ ਦੌਰਾ ਕੀਤਾ ਤਾਂ ਉੱਥੇ ਵੀ ਲੋਕ ਬਿਨਾ ਕਿਸੇ ਭੇਦਭਾਵ ਦੇ ਬਹੁਤ ਹੀ ਪਿਆਰ ਨਾਲ ਭਗਵਾਨ ਜਗਨ ਨਾਥ ਦੀ ਉਡੀਕ ਕਰ ਰਹੇ ਸਨ। ਆਪਣੇ ਪਰਿਵਾਰਾਂ ਸਮੇਤ ਭਗਵਾਨ ਦੀ ਇੱਕ ਝਲਕ ਦੇਖਣ ਲਈ ਲੋਕਾਂ ਦੀਆਂ ਅੱਖਾਂ ਸਚਮੁਚ ਤਰਸ ਗਈਆਂ ਸਨ। 

No comments: