Tuesday, October 14, 2014

ਸਾਦੇ ਪਰ ਯਾਦਗਾਰੀ ਸਮਾਗਮ ਵਿੱਚ ਰਲੀਜ਼ ਹੋਈ "ਉਧੜੀ ਹੋਈ ਮੈਂ"

ਸਮਾਗਮ 'ਚ  ਹੋਈ ਵਿਸ਼ਵੀਕਰਨ ਕਾਰਣ ਵਿਰਸੇ ਨਾਲੋਂ ਟੁੱਟਣ ਦੀ ਉਚੇਚੀ ਚਰਚਾ 
ਫਿਰੋਜ਼ਪੁਰ: 14 ਅਕਤੂਬਰ 2014: (*ਅਨਿਲ ਆਦਮ//ਪੰਜਾਬ ਸਕਰੀਨ):
ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿਸਟਰਡ) ਵੱਲੋਂ ਸ਼ਾਇਰ ਹਰਮੀਤ ਵਿਦਿਆਰਥੀ ਦੀ ਕਾਵਿ-ਕਿਤਾਬ "ਉਧੜੀ ਹੋਈ ਮੈਂ" ਦਾ ਸੁਆਗਤ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਾਡੇ ਪਰ ਭਾਵਪੂਰਤ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਗੁਰਤੇਜ ਕੋਹਾਰਵਾਲਾ, ਪ੍ਰੋਫੈਸਰ ਜਸਪਾਲ ਘਈ, ਐਮ ਕੇ ਰਾਹੀ ਅਤੇ ਹਰਮੀਤ ਵਿਦਿਆਰਥੀ ਸ਼ਾਮਲ ਹੋਏ। ਅਨਿਲ ਆਦਮ ਦੀ ਕਾਵਿਕ ਸੰਚਾਲਨਾ ਵਿੱਚ ਇਸ ਸਮਾਰੋਹ ਦੀ ਸ਼ੁਰੂਆਤ ਪੁਸਤਕ ਦੇ ਸਵਾਗਤ ਨਾਲ ਹੋਈ। ਡਾਕਟਰ ਅਮਨਦੀਪ ਸਿੰਘ ਨੇ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਕਾਵਿ ਸੰਗ੍ਰਿਹ "ਉਧੜੀ ਹੋਈ ਮੈਂ" ਸਿਰਲੇਖ ਹੇਠ ਚਰਚਾ ਅਧੀਨ ਪੁਸਤਕ ਦੇ ਵਿਭਿੰਨ ਸਰੋਕਾਰਾਂ ਚਰਚਾ ਕਰਦਿਆਂ ਕਿਹਾ ਕਿ ਇਸ ਕਿਤਾਬ ਦੇ ਕਾਵਿ ਨਾਇਕ ਨੂੰ ਵਿਸ਼ਵੀਕਰਨ ਨੇ ਜਕੜਿਆ ਹੋਇਆ ਹੈ। ਅਜੋਕਾ ਮਨੁੱਖ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਆਪਣੇ ਸਭਿਆਚਾਰ, ਵਿਰਸੇ ਨਾਲੋਂ ਟੁੱਟਣ ਦਾ ਸੰਤਾਪ ਭੋਗ ਰਿਹਾ ਹੈ। ਹਰਮੀਤ ਵਿਦਿਆਰਥੀ ਕਲਾਤਮਕ ਢੰਗ ਨਾਲ ਇਸ ਦੌਰ ਦੇ ਸਚ ਨੂੰ ਪੇਸ਼ ਕੀਤਾ ਹੈ। ਚਰਚਾ ਨੂੰ ਅੱਗੇ ਤੋਰਦਿਆਂ ਪ੍ਰੋਫੈਸਰ ਗੁਰਤੇਜ ਨੇ ਕਿਹਾ ਕਿ ਅਜੋਕਾ ਬੰਦਾ ਸੰਸਾਰੀਕਰਨ ਦੀਆਂ ਬਰਕਤਾਂ ਨੂੰ ਤਾਂ ਮਾਨਣਾ ਚਾਹੁੰਦਾ ਹੈ ਪਰ ਇਸਦੇ ਪ੍ਰਭਾਵਾਂ ਤੋਂ ਬਚਣਾ ਚਾਹੁੰਦਾ ਹੈ।  ਹਰਮੀਤ ਵਿਦਿਆਰਥੀ ਦੀ ਸ਼ਾਇਰੀ ਦਾ ਮੂਲ ਸੁਰ ਹੈ। ਪ੍ਰੋਫੈਸਰ ਕੁਲਦੀਪ ਨੇ ਪੁਸਤਕ ਦੀ ਥੀਮਕ ਵਿਭਿੰਨਤਾ ਦਾ ਜ਼ਿਕਰ ਵੀ ਵਿਸਥਾਰ ਨਾਲ ਕੀਤਾ ਹੈ।
ਹਰਮੀਤ ਵਿਦਿਆਰਥੀ ਨੇ ਕਲਾਪੀਠ ਦਾ ਸ਼ੁਕਰੀਆ ਅਦਾ ਕਰਦਿਆਂ ਆਪਣੀਆਂ ਕਵਿਤਾਵਾਂ ਘਰ, ਘਰ ਘੁਣ ਨਹੀਂ ਹੁੰਦੇ, ਰੁਕ ਜ਼ਰਾ ਅਤੇ ਅੱਜਕਲ੍ਹ ਦਾ ਪਾਠ ਕੀਤਾ। ਪ੍ਰੋਫੈਸਰ ਜਸਪਾਲ ਘਈ  ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਰਮੀਤ ਨਾਲ ਆਪਣੀ 24 ਸਾਲਾ ਦੋਸਤੀ ਦਾ ਜ਼ਿਕਰ ਕਰਦਿਆਂ ਸ਼ਾਇਰ ਦੀ ਸ਼ਖਸੀਅਤ ਦੇ ਵੱਖ ਵੱਖ ਪਸਾਰਾਂ ਦੀ ਚਰਚਾ ਕੀਤੀ ਤੇ ਹਰਮੀਤ ਨੂੰ ਇੱਕ ਸੰਵੇਦਨਸ਼ੀਲ, ਭਾਵੁਕ ਅਤੇ ਬੇਹੱਦ ਡੂੰਘੀ ਨੀਝ ਵਾਲਾ ਵਾਲਾ ਸ਼ਾਇਰ ਦੱਸਿਆ। ਇਸ ਮੌਕੇ ਗੁਰਦਿਆਲ ਸਿੰਘ ਵਿਰਕ, ਗੁਰਨਾਮ ਸਿਧੂ, ਡਾਕਟਰ ਸੰਜੀਵ, ਰਾਜੀਵ ਖੁਬਾਲ, ਹਰਜੀਤ ਸਿੰਘ, ਗੁਰਦੀਪ ਸਿੰਘ, ਸੰਦੀਪ ਚੌਧਰੀ, ਸੁਰਿੰਦਰ ਕੰਬੋਜ, ਗੁਰਿੰਦਰ ਢਿੱਲੋਂ, ਪ੍ਰਭਜੋਤ ਭੁਪਾਲ ਸਮੇਤ ਪੰਜਾਹ ਦੇ ਕਰੀਬ ਲੇਖਕ-ਪਾਠਕ ਅਤੇ ਸਾਹਿਤ ਪ੍ਰੇਮੀ ਇਕੱਤਰ ਹੋਏ।

*ਨੋਟ:--ਅਨਿਲ ਆਦਮ ਕਲਾਪੀਠ ਦੇ ਜਨਰਲ ਸਕੱਤਰ ਅਤੇ ਉਘੇ ਕਲਮਕਾਰ ਹਨ। 

No comments: