Monday, October 06, 2014

ਬਾਬਾ ਗੁਰਮੁਖ ਸਿੰਘ ਦੇ ਬੁੱਤ ਦੀ ਭੰਨਤੋੜ ਇੱਕ ਚੁਨੌਤੀ

ਸਮੂਹ ਦੇਸ਼ ਭਗਤਾਂ ਲਈ ਇੱਕ ਵੰਗਾਰ-ਸਮੂਹ ਹਲਕਿਆਂ ਵੱਲੋਂ ਤਿੱਖੀ ਨਿਖੇਧੀ 
ਲੁਧਿਆਣਾ: 7 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):

ਪਿੰਡ ਲਲਤੋਂ ਕਲਾਂ ਤੋਂ ਇੱਕ ਹਿਰਦੇ ਵੇਧਕ ਖਬਰ ਆਈ ਹੈ। ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਆਪਣੇ ਆਖਿਰੀ ਸਾਹਾਂ ਤੀਕ ਸੰਘਰਸ਼ਸ਼ੀਲ ਰਹਿਣ ਵਾਲੇ ਮਹਾਨ ਦੇਸ਼ ਭਗਤ ਗਦਰੀ ਬਾਬੇ ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੀ ਬੇਹੁਰਮਤੀ ਕੀਤੀ ਗਈ ਹੈ। ਕਿਸੇ ਸ਼ਰਾਰਤੀ ਅਨਸਰ ਨੇ ਇਸ ਮਹਾਨ ਸ਼ਖਸੀਅਤ ਦੇ ਬੁੱਤ ਦੀ ਭੰਨਤੋੜ ਕੀਤੀ ਹੈ। ਇਹ ਨਿੰਦਣਯੋਗ ਕਾਰਾ ਅਸਲ ਵਿੱਚ ਸਮੂਹ ਦੇਸ਼ ਭਗਤ ਸ਼ਕਤੀਆਂ ਲਈ ਇੱਕ ਚੁਨੌਤੀ ਹੈ। ਇੱਕ ਚੈਲੰਜ ਹੈ। ਇਸਦੇ ਨਾਲ ਹੀ ਇਹ ਘਿਨਾਉਣੀ ਹਰਕਤ ਇਲਾਕੇ ਦੀਆਂ ਖੁਫੀਆਂ ਏਜੰਸੀਆਂ ਅਤੇ ਸੁਰੱਖਿਆ ਫੋਰਸਾਂ ਪ੍ਰਤੀ ਵੀ ਇੱਕ ਸੁਆਲ ਹੈ। ਇਹ ਕਮੀਨਗੀ ਦੀ ਹੱਦ ਹੈ। ਲੋਕ ਆਪਣੇ ਨਾਇਕਾਂ ਦੇ ਬੁੱਤ ਲਾਉਣੇ ਵੀ ਜਾਂਦੇ ਹਨ, ਉਹਨਾਂ ਦੀ ਸਾਂਭ ਸੰਭਾਲ ਵੀ ਕਰ ਸਕਦੇ ਹਨ ਅਤੇ ਉਹਨਾਂ ਦੀ ਬੇਹੁਰਮਤੀ ਕਰਨ ਵਾਲਿਆਂ ਨੂੰ ਤਕੜਾ ਜੁਆਬ ਦੇਣ ਦੀ ਵੀ ਸਮਰਥਾ ਰੱਖਦੇ ਹਨ। ਪੁਲਿਸ ਤੁਰੰਤ ਅਜਿਹੇ ਅਨਸਰਾਂ ਦਾ ਪਤਾ ਲਾ ਕੇ ਉਹਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਵੇ। ਇਸ ਮਾਮਲੇ ਵਿੱਚ ਕੀਤੀ ਗਈ ਕਿਸੇ ਵੀ ਢਿੱਲ ਨੂੰ ਲੋਕ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ। 

ਇਸੇ ਦੌਰਾਨ ਸੀਪੀਆਈ ਦੇ ਸੀਨੀਅਰ ਆਗੂ, ਕਾਮਰੇਡ ਕਰਤਾਰ ਸਿੰਘ ਬੁਆਣੀ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਗੁਰਨਾਮ ਸਿਧੂ, ਜੀਤ ਕੁਮਾਰੀ ਅਤੇ ਕਈ ਹੋਰਨਾਂ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। 
ਗਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਕਮੇਟੀ ਲਲਤੋਂ ਖੁਰਦ ਦੇ ਆਗੂਆਂ ਦੀ ਮੀਟਿੰਗ ਪਰਮਿੰਦਰ ਸਿੰਘ ਪਿੰਦੀ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਗਦਰੀ ਬਾਬਾ ਲਲਤੋਂ ਦੇ ਬੁੱਤ ‘ਤੇ ਹਮਲੇ ਦੌਰਾਨ ਉਨ੍ਹਾਂ ਦੇ ਦੋਵੇਂ ਹੱਥਾਂ, ਇਕ ਬਾਂਹ ਤੇ ਚਿਹਰੇ ਦੇ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਰਾਰਤੀਆਂ ਨੇ ਇਹ ਘਿਨਾਉਣਾ ਕਾਰਾ ਪਿਛਲੇ ਦਿਨੀਂ ਕਾਮਾਗਾਟਾ ਮਾਰੂ ਸ਼ਤਾਬਦੀ ਦੇ ਸੰਬੰਧ ‘ਚ ਲਲਤੋਂ ਖੁਰਦ ਵਿਖੇ ਹੋਏ ਸਮਾਗਮ ਤੋਂ ਘਬਰਾ ਕੇ ਬੁਖਲਾਹਟ ‘ਚ ਆ ਕੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਪੁਲਸ ਚੌਕੀ ਲਲਤੋਂ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਹੈ।
ਬਾਬਾ ਗੁਰਮੁਖ ਸਿੰਘ ਜੀ ਦੇ ਬੁੱਤ ਉੱਪਰ ਕੀਤੇ ਗਾਏ ਇਸ ਹਮਲੇ ਨਾਲ ਇੱਕ ਗੱਲ ਫਿਰ ਸਾਬਿਤ ਹੋ ਗਈ ਹੈ ਕਿ ਉਹਨਾਂ ਦੇ ਵਿਚਾਰਾਂ ਤੋਂ ਇਹ ਦੇਸ਼ਧ੍ਰੋਹੀ ਅਤੇ ਲੋਕ ਵਿਰੋਧੀ ਅਨਸਰ ਅੱਜ ਵੀ ਭੈਅਭੀਤ ਹਨ। ਅੱਜ ਵੀ ਬਾਬਾ ਗੁਰਮੁਖ ਸਿੰਘ ਨੂੰ ਯਾਦ ਕੀਤੇ ਜਾਣ ਤੇ ਉਹਨਾਂ ਨੂੰ ਘਬਰਾਹਟ ਹੁਣ ਦੀ ਹੈ। ਬੁੱਤ ਦੀ ਭੰਨਤੋੜ ਉਹਨਾਂ ਦੀ ਬੁਖਲਾਹਟ ਦਾ ਹੀ ਨਤੀਜਾ ਹੈ। 
ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਉਪ੍ਪ੍ਰਟ ਇਹ ਤੀਜਾ ਚੌਥਾ ਹਮਲਾ ਹੈ।  ਅਫਸੋਸ ਦੀ ਗੱਲ ਹੈ ਕਿ ਏਨੇ ਹਮਲਿਆਂ ਦੇ ਬਾਵਜੂਦ ਬੁੱਤ ਦੇ ਮਾਣ ਸਨਮਾਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਮੁਢਲੀਆਂ ਰਿਪੋਰਟਾਂ ਮੁਤਾਬਿਕ ਪ੍ਰੇਰਣਾ ਦਾ ਸਰੋਤ ਬਣੇ ਬਾਬਾ ਜੀ ਦੇ ਇਸ ਬੁੱਤ ਦੇ ਦੋਵੇਂ ਹੱਥ ਤੇ ਇੱਕ ਬਾਂਹ ਤੋੜਨ ਤੋਂ ਇਲਾਵਾ ਉਨ੍ਹਾਂ ਦੇ ਚਿਹਰੇ ਤੇ ਵੀ ਕਾਫੀ ਸੱਟਾ ਮਾਰੀਆਂ ਗਈਆਂ ਹਨ। ਇੰਝ ਲੱਗਦਾ ਹੈ ਜਿਵੇਂ ਕੋਈ ਆਪਣਾ ਜੱਦੀ ਪੁਸ਼ਤੀ ਵੈਰ ਕਢ ਰਿਹਾ ਹੋਵੇ। ਜਿਕਰਯੋਗ ਹੈ ਕਿ 2005 ਵੀ ਅਜਿਹਾ ਕੁਝ ਵਾਪਰਿਆ ਸੀ ਜਦੋਂ ਕੁਝ ਅਜਿਹੇ ਹੀ ਸਰਾਰਤੀ ਅਨਸਰਾਂ ਨੇ ਬਾਬਾ ਜੀ ਦੇ ਬੁੱਤ ਤੇ ਲੱਗੇ ਗਦਰ ਪਾਰਟੀ ਦੇ ਝੰੰਡੇ ਪਾੜ ਦਿੱਤੇ ਸਨ। ਫਿਰ ਸੰਨ 2009 ਵਿੱਚ ਵੀ ਬੁੱਤ ਤੇ ਇਸੇ ਤਰ੍ਹਾਂ ਹੀ ਹਮਲਾ ਕਰਕੇ ਬੁੱਤ ਦੀ ਭੰਨਤੋੜ ਕੀਤੀ ਸੀ। ਹੁਣ ਕੱਲ੍ਹ ਰਾਤ ਹਮਲਾ ਕਰਕੇ ਬੁੱਤ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਗਈ ਹੈ। ਕਮੇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੀ ਸਰਪੰਚ ਮਹਿੰਦਰ ਸਿੰਘ ਬਿੱਲੂ, ਪੰਚ ਹਰਭਜਨ ਸਿੰਘ , ਮਲਕੀਤ ਸਿੰਘ, ਗਿੰਦਰ ਸਿੰਘ, ਹਰਜੀਤ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਲਲਤੋਂ ਖੁਰਦ ਨੂੰ ਸੂਚਨਾ ਦੇਣ ਉਪਰੰਤ ਪੁਲਸ ਚੌਂਕੀ ਲਲਤੋਂ ਕਲਾਂ ਨੂੰ ਵੀ ਸੂਚਿਤ ਕਰਕੇ ਦੋਸੀਆਂ ਖਿਲਾਫ ਰਿਪੋਰਟ ਦਰਜ ਕਰਵਾਈ ਗਈ। ਜਲਦੀ ਹੀ ਦੋਸੀਆਂ ਵਿਰੁੱਧ ਕਾਰਵਾਈ ਲਈ ਤਿੱਖਾਂ ਸੰਘਰਸ ਵਿੱਢਣ ਲਈ ਤਿਆਰੀ ਕੀਤੀ ਜਾਵੇਗੀ। ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਫਾਊਂਡਰ ਜਨਰਲ ਸਕੱਤਰ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਸੰਸਥਾਪਕ ਬਾਬਾ ਗੁਰਮੁਖ ਸਿੰਘ ਨੇ ਕਾਮਾਗਾਟਾ ਮਾਰੂ ਵਾਲਾ ਸਾਰਾ ਵਰਤਾਰਾ ਅੱਖੀਂ ਦੇਖਿਆ ਸੀ।ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਕੰਮ ਕੀਤਾ ਸੀ। ਅੱਜ ਉਹਨਾਂ ਦੇ ਬੁੱਤ ਦਾ ਨਿਰਾਦਰ ਅਸਲ ਵਿੱਚ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਅਤੇ ਹੋਰ ਸਮੂਹ ਆਜ਼ਾਦੀ ਘੁਲਾਟੀਆਂ ਲਈ ਇੱਕ ਵੰਗਾਰ ਹੈ। 

No comments: