Thursday, October 16, 2014

ਡਿਪਟੀ ਕਮਿਸ਼ਨਰ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾ

 Thu, Oct 16, 2014 at 3:10 PM
ਬਿਨਾ ਮਨਜ਼ੂਰੀ ਜਨਤਕ ਜਾਂ ਨਿੱਜੀ ਇਮਾਰਤਾਂ 'ਤੇ ਇਸ਼ਤਿਹਾਰਬਾਜ਼ੀ ਕਰਨ 'ਤੇ ਹੋਵੇਗਾ ਪਰਚਾ ਦਰਜ
'ਸਵੱਛ ਭਾਰਤ ਅਭਿਆਨ' ਤਹਿਤ ਹਰ ਵਿਭਾਗ ਇੱਕ ਸਾਲ ਦਾ ਬਣਾਏ ਐਕਸ਼ਨ ਪਲਾਨ
ਬਿਜਲੀ ਕੱਟਾਂ ਲਈ ਲੋਕਾਂ ਨੂੰ ਅਗਾਊਂ ਸੂਚਿਤ ਕਰਨ ਦੀ ਹਦਾਇਤ
ਲੁਧਿਆਣਾ: 16 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਾਲ 2019 ਤੱਕ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਸ਼ੁਰੂ ਕੀਤੇ ਗਏ 'ਸਵੱਛ ਭਾਰਤ ਅਭਿਆਨ' ਤਹਿਤ ਬਣਦੀ ਡਿਊਟੀ ਤਨਦੇਹੀ ਨਾਲ ਨਿਭਾਇਆ ਜਾਵੇ ਅਤੇ ਬਿਨਾ ਮਨਜ਼ੂਰੀ ਜਨਤਕ ਅਤੇ ਨਿੱਜੀ ਇਮਾਰਤਾਂ 'ਤੇ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ 'ਤੇ ਪਰਚੇ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਇਸ ਅਭਿਆਨ ਨਾਲ ਦਿਲੋਂ ਜੁੜਨਾ ਚਾਹੀਦਾ ਹੈ ਅਤੇ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਦੇਖਣ ਵਿੱਚ ਆਉਂਦਾ ਹੈ ਕਿ ਕਈ ਵਿਅਕਤੀ ਜਾਂ ਕੰਪਨੀਆਂ ਆਪਣੇ ਵਪਾਰਕ ਹਿੱਤਾਂ ਨੂੰ ਮੂਹਰੇ ਰੱਖ ਕੇ ਬਿਨਾ ਮਨਜ਼ੂਰੀ ਲਏ ਜਨਤਕ ਜਾਂ ਨਿੱਜੀ ਇਮਾਰਤਾਂ 'ਤੇ ਆਪਣੀ ਇਸ਼ਤਿਹਾਰਬਾਜ਼ੀ ਲਗਾ ਦਿੰਦੇ ਹਨ, ਜੋ ਕਿ ਗਲਤ ਅਤੇ ਗੈਰਕਾਨੂੰਨੀ ਹੈ। ਉਨ੍ਹਾਂ ਸਮਰੱਥ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ 'ਸਵੱਛ ਭਾਰਤ ਅਭਿਆਨ' ਤਹਿਤ ਇੱਕ ਸਾਲ ਦਾ ਐਕਸ਼ਨ ਪਲਾਨ ਤਿਆਰ ਕਰਕੇ ਭੇਜਿਆ ਜਾਵੇ ਤਾਂ ਜੋ ਇਸ ਪਲਾਨ 'ਤੇ ਵਿਚਾਰ ਕਰਕੇ ਲਾਗੂ ਕੀਤਾ ਜਾਵੇ। ਵੱਧ ਤੋਂ ਵੱਧ 'ਨੋ ਲਿਟਰ ਜ਼ੋਨ' (ਗੰਦਗੀ ਰਹਿਤ ਖੇਤਰ) ਨਿਸਚਿਤ ਕੀਤੇ ਜਾਣ। 
ਉਨ੍ਹਾਂ ਬਿਜਲੀ ਵਿਭਾਗ ਤੋਂ ਆਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਵੱਲੋਂ ਜਦੋਂ ਵੀ ਬਿਜਲੀ ਕੱਟ ਲਗਾਇਆ ਜਾਣਾ ਹੁੰਦਾ ਹੈ ਤਾਂ ਉਸ ਸੰਬੰਧੀ ਲੋਕਾਂ ਨੂੰ ਆਗਾਊਂ ਸੂਚਿਤ ਜ਼ਰੂਰ ਕੀਤਾ ਜਾਵੇ ਅਤੇ ਬਿਜਲੀ ਦੇ ਆਉਣ ਜਾਂ ਜਾਣ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ। ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਮੂਹ ਐਸ.ਡੀ.ਐਮਜ, ਮੰਡੀ ਅਫਸਰ ਤੇ ਹੋਰ ਅਧਿਕਾਰੀ ਲਗਾਤਾਰ ਜ਼ਿਲੇ ਦੀਆਂ ਮੰਡੀਆਂ ਦਾ ਦੌਰਾ ਕਰਨ ਅਤੇ ਕਿਸਾਨਾਂ ਦੀਆਂ ਸ਼ਿਕਾਇਤਾ ਸੁਣ ਕੇ Àਹਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਜਾਵੇ, ਇਸ ਤੋਂ ਇਲਾਵਾ ਮੰਡੀ ਅਫਸਰ ਵੱਲੋਂ ਹਰੇਕ ਮੰਡੀ 'ਚ ਲਗਾਏ ਰਜਿਸਟਰ 'ਚ ਆਪਣੇ ਦੌਰੇ ਤੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਵੇਰਵਿਆਂ ਦਾ ਇੰਦਰਾਜ਼ ਵੀ ਦਰਜ ਕੀਤਾ ਜਾਵੇ ਅਤੇ ਮੰਡੀ ਵਿੱਚ ਡਿਊਟੀ ਵਾਲੇ ਕੰਮ ਕਰਨ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਸਮੇਤ ਮੋਬਾਇਲ ਨੰਬਰ ਵੀ ਚਿਪਕਾਈ ਜਾਵੇ ਤਾਂ ਜੋ ਕਿਸਾਨ ਕਿਸੇ ਵੀ ਮੁਸ਼ਕਿਲ ਘੜੀ 'ਚ ਫੋਨ ਆਦਿ ਕਰ ਸਕਣ। ਖੇਤੀਬਾੜੀ ਅਫਸਰ ਨੂੰ ਕਿਹਾ ਕਿ ਪਿੰਡਾਂ 'ਚ ਕੈਂਪ ਆਦਿ ਲਗਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਗਰੂਕ ਕੀਤਾ ਜਾਵੇ ਅਤੇ ਪਰਾਲੀ ਸਾੜਨ ਦੇ ਵਾਤਾਵਰਣ, ਮੁਨੱਖੀ ਸਿਹਤ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਵਿਸਥਾਰ 'ਚ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਮਾਰਕੀਟ 'ਚ ਨਕਲੀ ਵਿਕਣ ਦੀਆਂ ਸ਼ਿਕਾਇਤਾਂ ਦੀ ਵੀ ਜਾਂਚ ਕੀਤੀ ਜਾਵੇ। 
ਸ੍ਰੀ ਅਗਰਵਾਲ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਵਿਕਾਸ ਕਾਰਜਾਂ ਦੇ ਪੈਂਡਿੰਗ ਯੂਟੀਲਿਟੀ ਸਰਟੀਫਿਕੇਟ (ਵਰਤੋਂ ਸਰਟੀਫਿਕੇਟ) ਜਲਦੀ ਤੋਂ ਜਲਦੀ ਉਨ੍ਹਾਂ ਨੂੰ ਭੇਜਣ ਤਾਂ ਜੋ ਪੁਰਾਣੇ ਫੰਡਾਂ ਦੀ ਵਰਤੋਂ ਤੋਂ ਬਾਅਦ ਨਵੇਂ ਫੰਡ ਮੰਗੇ ਜਾ ਸਕਣ।ਉਨ੍ਹਾਂ ਸਪੱਸ਼ਟ ਕੀਤਾ ਕਿ ਨਜਾਇਜ਼ ਕਬਜ਼ੇ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਾ ਕੀਤੇ ਜਾਣ। ਨਜਾਇਜ਼ ਕਬਜ਼ੇ ਹਟਾਉਣ ਤੋਂ ਪਹਿਲਾਂ ਸੰਬੰਧਤ ਧਿਰ ਨੂੰ ਨੋਟਿਸ ਜਾਰੀ ਕੀਤਾ ਜਾਵੇ ਅਤੇ ਫਿਰ ਪੁਲਿਸ ਦੀ ਮਦਦ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮੂਹ ਐੱਸ. ਡੀ. ਐੱਮਜ਼ ਨੂੰ ਕਿਹਾ ਕਿ ਉਹ ਆਪਣੀ-ਆਪਣੀ ਸਬ-ਡਵੀਜ਼ਨ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਧੀਮੀ ਗਤੀ ਨਾਲ ਚੱਲ ਰਹੇ ਜਾਂ ਬੰਦ ਪਏ ਕਾਰਜਾਂ ਦੀ ਰਿਪੋਰਟ ਉਨ੍ਹਾਂ ਨੂੰ ਦੇਣ। ਇਸ ਤੋਂ ਇਲਾਵਾ ਮਿਡ ਡੇਅ ਮੀਲ ਦੀ ਵੀ ਲਗਾਤਾਰ ਨਿਗਰਾਨੀ ਰੱਖਣ ਬਾਰੇ ਕਿਹਾ ਗਿਆ। ਵੱਖ-ਵੱਖ ਅਦਾਲਤਾਂ/ਕਮਿਸ਼ਨਾਂ ਦੇ ਬਕਾਇਆ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਸੇਵਾ ਦਾ ਅਧਿਕਾਰ ਕਾਨੂੰਨ ਅਧੀਨ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਮੇਂ ਸਿਰ ਦੇਣੀਆਂ ਯਕੀਨੀ ਬਣਾਈਆ ਜਾਣ ਅਤੇ ਸ਼ਿਕਾਇਤਾਂ ਦਾ ਵੀ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇ। ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਸੁਧਾਰ ਅਤੇ ਨਿੱਜੀ ਸਕੂਲਾਂ ਵਿੱਚ ਬਕਾਇਦਾ ਕਾਇਦਾ ਕਾਨੂੰਨ ਲਾਗੂ ਕਰਾਉਣ ਲਈ ਲਗਾਤਾਰ ਚੈਕਿੰਗਾਂ ਕਰਨ। ਸਕੂਲਾਂ ਵਿੱਚਲੇ ਸਿਵਲ ਵਰਕਸ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣ। ਇਸ ਤੋਂ ਇਲਾਵਾ ਸੁਵਿਧਾ ਕੇਂਦਰਾਂ ਦੀ ਪੈਂਡੈਂਸੀ, ਸੇਵਾ ਦਾ ਅਧਿਕਾਰ ਕਾਨੂੰਨ, ਆਤਮਾ ਸਕੀਮ, ਸੁਵਿਧਾ ਗਵਰਨੈਂਸ ਰਿਫਾਰਮਜ਼, ਸ਼ਗਨ ਤੇ ਪੈਨਸ਼ਨ ਸਕੀਮਾਂ, ਖੇਤੀ ਵਿਭਿੰਨਤਾ ਬਾਰੇ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਲਈ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੇਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰ. ਸੁਪਰੀਤ ਸਿੰਘ ਗੁਲਾਟੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ਼੍ਰੀਮਤੀ ਨੀਰੂ ਕਤਿਆਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

No comments: