Monday, October 13, 2014

ਪੰਜਾਬੀ ਕਵਿਤਾ ਵਿੱਚ ਇਸ ਵਕਤ ਸੁਨਾਮੀਆਂ ਦਾ ਦੌਰ ਹੈ

ਉੱਧੜੀ ਹੋਈ ਮੈਂ ਬਾਰੇ ਡਾ.ਸੁਖਪਾਲ ਥਿੰਦ ਦੇ ਬੇਬਾਕ ਵਿਚਾਰ ਅੱਜ ਦੇ ਸਮਾਗਮ ਮੌਕੇ ਵਿਸ਼ੇਸ਼ 
ਹਰਮੀਤ ਦੀ ਕਵਿਤਾ ਵਿੱਚ ਵੀ ਇਹ ਸੁਨਾਮੀਆ ਵੇਖਣ ਨੁੰ ਮਿਲਦੀਆਂ ਹਨ
ਹਰਮੀਤ ਵਿਦਿਆਰਥੀ ਬੁਨਿਆਦੀ ਤੌਰ ਤੇ ਚਿੰਤਨੀ ਸੁਰ ਦਾ ਕਵੀ ਹੈ। ਇਸ ਸੁਰ ਵਾਲਾ ਕਵੀ ਬਾਹਰਲੀ ਸਥਿਤੀ ਨਾਲ , ਆਪਣੇ ਆਪ ਨਾਲ ਅਤੇ ਉਸ ਦੀ ਸੰਵੇਦਨਾ ਨਾਲ ਖਹਿਣ ਵਾਲੀਆਂ ਜੀਵਨ ਰੌਆਂ ਨਾਲ ਸੰਵਾਦ ਰਚਾਉਂਦਾ ਹੈ। ਇਸ ਤਰ੍ਹਾਂ ਦੇ ਕਵੀ ਦੀ ਕਵਿਤਾ ਵਿੱਚ ਦੋਨਾਂ ਤਰਾਂ ਦੀਆਂ ਸੰਭਾਵਨਾਵਾਂ ਦੀ ਗੁੰਜਾਇਸ਼ ਪਈ ਹੁੰਦੀ ਹੈ। ਜਿੱਥੇ ਚਿੰਤਨ ਅਤੇ ਸਿਰਜਣਾ ਦਾ ਸਹੀ ਸੁਮੇਲ ਹੋ ਗਿਆ ਉਥੇ ਮਨ ਵਿੱਚ ਕੁਝ ਨਵਾਂ ਬੀਜ਼ਣ ਵਾਲੀ ਕਵਿਤਾ ਪੈਦਾ ਹੋ ਜਾਂਦੀ ਹੈ ਅਤੇ ਜਿੱਥੇ ਇਹ ਗੱਲ ਗੜਬੜਾ ਜਾਵੇ ਉਥੇ ਕਵਿਤਾ ਦੀ ਬਜਾਇ ਫਲਸਫਾ ਸ਼ਬਦਾਂ ਵਿੱਚ ਢਲਣ ਲੱਗ ਪੈਂਦਾ ਹੈ। ਵਿਦਿਆਰਥੀ ਦੀ ਕਵਿਤਾ ਵਿੱਚ ਇਸ ਤਰ੍ਹਾਂ ਦੀਆਂ ਦੋਨੋ ਗੱਲਾਂ ਹੀ ਪਈਆਂ ਹੋਈਆਂ ਹਨ। ਮਿਸਾਲ ਲਈ ਉਹ 'ਘਰ' ਨਾਮਕ ਕਵਿਤਾ ਵਿੱਚ ਬੜਾ ਸਹਿਜ ਰਹਿ ਕੇ ਵੱਡੀ ਗੱਲ ਕਹਿ ਜਾਂਦਾ ਹੈ। ਕਵਿਤਾ ਵਿੱਚ ਕਿਤੇ ਬੇਲੋੜਾ ਪੰਡਤਾਊ ਪੁਣਾ ਨਹੀਂ। ਪਾਠਕ ਕਵਿਤਾ ਪੜ੍ਹ ਕੇ ਖਿੜਨ ਲੱਗ ਪੈਂਦਾ ਹੈ। 
ਕਲ੍ਹ 14 ਅਕਤੂਬਰ 2014 ਨੂੰ ਸ਼ਾਮੀ ਪੰਜ ਵਜੇ ਤੁਹਾਡੀ ਉਡੀਕ
ਰਹੇਗੀ ਜੀ 
ਸਰਕਾਰੀ ਮਾਡਲ ਸਕੂਲ ਨੇੜੇ ਰੇਲਵੇ ਪੁਲ ਫਿਰੋਜ਼ਪੁਰ
ਦੂਜੇ ਬੰਨੇ 'ਨੀਂਦ ਤੇ ਸੁਪਨੇ' ਜਾਂ 'ਡਿਗਰੀ 360' ਵਿੱਚ ਕਵੀ ਦਾ ਆਲੋਚਕ ਆਪਾ ਉਸਦੇ ਸਿਰਜਕ ਆਪੇ ਨੂੰ ਜਕੜ ਲੈਂਦਾ ਹੈ ਜਿਸ ਨਾਲ ਕਵਿਤਾ ਦੀ ਚਿੰਤਨੀ ਸੁਰ ਤਾਂ ਬਣੀ ਰਹਿੰਦੀ ਹੈ ਪਰ ਕਵਿਤਾ ਨੀਰਸ ਅਤੇ ਬੇਜਾਨ ਜਿਹੀ ਬਣ ਜਾਂਦੀ ਹੈ। ਜੇ ਕਵਿਤਾ ਸਮਝਣ ਲਈ ਵੀ ਪਾਠਕ ਨੂੰ ਮੱਥਾ ਫੜ੍ਹ ਕੇ ਬੈਠਣਾ ਪਵੇ ਤਾਂ ਫਿਰ ਕਵਿਤਾ ਦੀ ਸਾਰਥਿਕਤਾ ਕਿਤੇ ਗੁੰਮ ਗੁਆਚ ਜਾਂਦੀ ਹੈ।ਕਵੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਵਿਤਾ ਦਾ ਪਾਠਕ ਫਲਸਫੇ ਕਾਰਣ ਕਵਿਤਾ ਨਹੀਂ ਪੜ੍ਹਦਾ। ਉਹ ਫਲਸਫਾ ਵੀ ਜਾਣਨਾ ਚਾਹੁੰਦਾ ਹੈ ਪਰ ਕਾਵਿਕ ਊਰਜਾ ਨਾਲ ਪਹਿਲਾਂ ਓਤਪੋਤ ਹੋਣਾ ਚਾਹੁੰਦਾ ਹੈ। ਅਜੋਕੀ ਕਵਿਤਾ ਵਿੱਚ ਇਹੀ ਵੱਡੀ ਸਮੱਸਿਆ ਹੈ। ਬਹੁਤੇ ਕਵੀ ਇਹ ਨਹੀਂ ਸਮਝ ਰਹੇ ਕਿ ਕਵਿਤਾ ਵਿੱਚ ਫਲਸਫਾ ਦੂਜੇ ਥਾਂ ਅਤੇ ਕਾਵਿਕ ਊਰਜਾ ਪਹਿਲੇ ਸਥਾਨ ਤੇ ਹੁੰਦੀ ਹੈ। ਇਸੇ ਊਰਜਾ ਦੇ ਗੁਆਚਣ ਨਾਲ ਹੀ ਕਵਿਤਾ ਵਾਰਤਕਨੁਮਾ ਅਤੇ ਬੋਝਲ ਬਣਦੀ ਹੈ। ਇਸ ਕਾਵਿਕ ਊਰਜਾ ਨੇ ਕਵੀ ਦੇ ਸ਼ਿਲਪ ਨਾਲ ਚਮਕਣਾ ਹੁੰਦਾ ਹੈ। ਕਵਿਤਾ ਕੁੱਜੇ ਵਿੱਚ ਸਮੁੰਦਰ ਸਮਾਉਣ ਦੀ ਕਲਾ ਹੈ। ਦੋ ਚਾਰ ਸਬਦਾਂ ਦੀ ਉੱਕ ਨਾਲ ਹੀ ਸਮੁੰਦਰ, ਸੁਨਾਮੀ ਵਿੱਚ ਬਦਲ ਜਾਂਦਾ ਹੈ। ਪੰਜਾਬੀ ਕਵਿਤਾ ਵਿੱਚ ਇਸ ਵਕਤ ਸੁਨਾਮੀਆਂ ਦਾ ਦੌਰ ਹੈ। ਹਰਮੀਤ ਦੀ ਕਵਿਤਾ ਵਿੱਚ ਵੀ ਇਹ ਸੁਨਾਮੀਆ ਵੇਖਣ ਨੁੰ ਮਿਲਦੀਆਂ ਹਨ। ਪਰ ਉਸਦੀ ਖੂਬੀ ਇਸ ਗੱਲ ਵਿੱਚ ਹੈ ਕਿ ਉਸ ਦਾ ਕਾਵਿ ਪਾਤਰ ਮੌਜੂਦਾ 
ਦੌਰ ਦੀਆਂ ਸਥਿਤੀਆ ਨਾਲ ਸੰਵਾਦ ਵਿੱਚ ਪੈ ਰਿਹਾ ਹੈ। ਖਪਤ ਦਾ ਸਮਾਨ ਬਣਿਆ ਇਹ ਮੱਧਵਰਗੀ ਪਾਤਰ ਅੰਦਰੋਂ ਬੁਰੀ ਤਰ੍ਹਾਂ ਉੱਧੜਿਆ ਹੋਇਆ ਹੈ। ਇਹ ਅਜੇ ਮੌਜੂਦਾ ਸਥਿਤੀਆਂ ਤੋਂ ਭਗੌੜਾ ਹੈ ਪਰ ਕੁਝ ਸਾਰਥਿਕ ਕਰਨ ਦੀ ਗੱਲ ਉਸਦੇ ਜਿਹਨ ਵਿੱਚ ਉਬਾਲੇ ਲੈ ਰਹੀ ਹੈ। ਇਸ ਉਬਾਲ ਵਿੱਚੋਂ ਅਜੇ ਉਹ ਸਿਰਫ 'ਸਵੈ ਸੰਵਾਦ' ਵਿੱਚ ਪੈ ਰਿਹਾ ਹੈ। ਇਸ ਸਵੈ ਸੰਵਾਦ ਵਿੱਚੋਂ ਹੀ ਉਸਦਾ 'ਇਕਬਾਲੀਆਂ ਬਿਆਨ' ਸਿਰਜ ਹੋ ਰਿਹਾ ਹੈ। ਇਸ ਕਨਫੈਸ਼ਨ ਵਿੱਚੋਂ ਸੰਭਾਵਨਾਵਾਂ ਬਣਦੀਆਂ ਹਨ ਕਿ ਇਹ ਪਾਤਰ ਸ਼ਾਇਦ ਇਸ ਸਥਿਤੀ ਨੂੰ ਬਦਲਣ ਲਈ ਵੀ ਆਪਣੇ ਆਪ ਨੂੰ ਕਦੇ ਤਿਆਰ ਕਰੇ। ਪਰ ਇਹ ਸੰਭਾਵਨਾ ਹੈ, ਇਸ ਦੌਰ ਦੀ ਹਕੀਕਤ ਨਹੀਂ। ਵਿਦਿਅਾਰਥੀ ਦੀ ਕਵਿਤਾ ਇਸ ਸੰਭਾਵਨਾਂ ਦੀ ਤਲਾਸ਼ ਦਾ ਹੀ ਦੂਜਾ ਨਾਮ ਹੈ। ਉਸਦੀ ਇਹ ਤਲਾਸ਼ ਉਸਨੂੰ ਪੁਰਾਣੇ ਸਾਜ ਤੇ ਨਵੀਂਂ ਤਾਰ ਪਾ ਕੇ ਨਵਾਂ ਤਰਾਨਾ ਛੇੜਣ ਦੀ ਚੇਤਨਾ ਦੇ ਰਹੀ ਹੈ। ਇਹ ਗੱਲ ਵਿਚਾਰਧਾਰਕ ਤੌਰ ਤੇ ਇਸ ਯੁੱਗ ਨੇ ਅਜੇ ਨਜਿੱਠਣੀ ਹੈ ਪਰ ਵਿਦਿਆਰਥੀ ਦੀ ਕਵਿਤਾ ਵਿੱਚੋਂ ਇਹ ਵਿਚਾਰਧਾਰਾ ਇੱਕ ਜ਼ਰੂਰੀ ਬਦਲ ਵਜੋਂ ਨਹੀਂ ਸਗੋਂ ਕਾਵਿ ਪਾਤਰ ਦੀ ਆਪਣੇ ਆਪ ਨੂੰ ' ਖੁਦ ਨੂੰ ਨਾ ਬਦਲ ਸਕਣ ਦੀ ਮਜ਼ਬੂਰੀ ' ਵਜੋਂ ਸਾਹਮਣੇ ਆ ਰਹੀ ਹੈ। ਉਹ ਲਿਖਦਾ ਹੈ-----------------
ਵਣਜ ਲਵਾਂ ਹੋਰ ਸਾਜ਼
ਨਹੀਂ, ਅਜਿਹਾ ਹੋ ਨਹੀਂ ਸਕਦਾ

ਮੁੱਦਤਾਂ ਤੋਂ ਜਿਸ ਤਰ੍ਹਾਂ ਦਾ ਹਾਂ

ਖੁਦ ਨੂੰ ਬਦਲ ਲੈਣਾ 
ਹੁਣ ਮੇਰੇ ਵੀ ਵੱਸ ਵਿੱਚ ਨਹੀਂ (ਮੈਂ ਤਲਾਸ਼ ਵਿੱਚ ਹਾਂ, ਪੰਨਾ 22-23 )
-----ਇਹੋ ਜਿਹੇ ਕਾਵਿ ਸੰਸਾਰ ਦੀ ਸਿਰਜਣਾ/ਘਾੜਤ ਵਿੱਚ ਹੀ ਹਰਮੀਤ ਵਿਦਿਆਰਥੀ ਦੀ ਸੰਭਾਵਨਾ ਅਤੇ ਸੀਮਾ ਦਾ ਰਹੱਸ ਛੁਪਿਆ ਹੋਇਆ ਹੈ। ਇਹ ਰਹੱਸ ਅਜੋਕੀ ਕਵਿਤਾ ਦਾ ਰਹੱਸ ਵੀ ਹੈ।

ਇਹ ਲਿੰਕ ਵੀ ਕਲਿੱਕ ਕਰੋ:
ਫ਼ਰੀਦ ਨਾਲ ਗ਼ੈਰ-ਰਸਮੀ ਸੰਵਾਦ //ਹਰਮੀਤ ਵਿਦਿਆਰਥੀ

No comments: