Saturday, October 25, 2014

ਪ੍ਰੋਫੈਸਰ ਹਜ਼ਾਰਾ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Fri, Oct 24, 2014 at 5:12 PM
ਸਾਹਿਤ, ਪੱਤਰਕਾਰੀ ਅਤੇ ਆਜ਼ਾਦੀ ਦੀ ਜੰਗ 'ਚ ਵੀ ਸੀ ਸਰਗਰਮ ਯੋਗਦਾਨ 
ਅੰਤਿਮ ਅਰਦਾਸ ਭਲਕੇ ਗੁਰਦੁਆਰਾ ਸਿੰਘ ਸਭਾ ਕਿਚਲੂ ਨਗਰ ਵਿਖੇ
ਲੁਧਿਆਣਾ: 24 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਬੀਤੇ ਦਿਨੀਂ ਸਵਰਗ ਸਿਧਾਰ ਗਏ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਪ੍ਰੋਫੈਸਰ ਹਜ਼ਾਰਾ ਸਿੰਘ ਦਾ ਅੰਤਿਮ ਸਸਕਾਰ ਅੱਜ ਸਥਾਨਕ ਸਿਵਲ ਲਾਈਨਜ਼ ਸਥਿਤ ਸਮਸ਼ਾਨ ਘਾਟ ਵਿਖੇ ਰੀਤੀ ਰਸਮਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਸੀ। ਉਹ 92 ਸਾਲਾਂ ਦੇ ਸਨ। ਪ੍ਰੋਫੈਸਰ ਹਜ਼ਾਰਾ ਸਿੰਘ ਇੱਕ ਸਿੱਖਿਆ ਸਾਸ਼ਤਰੀ ਅਤੇ ਲੇਖਕ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵਜੋਂ ਵੀ ਜਾਣੇ ਜਾਂਦੇ ਸਨ। ਉਹ ਆਪਣੇ ਪਿੱਛੇ ਦੋ ਪੁੱਤਰੀਆਂ ਅਤੇ ਦੋ ਪੁੱਤਰ ਛੱਡ ਗਏ ਹਨ।ਉਨ੍ਹਾਂ ਦੀ ਪਤਨੀ ਵੀ ਛੇ ਸਾਲ ਪਹਿਲਾਂ ਸਵਰਗ ਸਿਧਾਰ ਗਏ ਸਨ।
ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਪ੍ਰਸਿੱਧ ਅਰਥ ਸਾਸ਼ਤਰੀ ਡਾ. ਐੱਸ. ਐੱਸ. ਜੌਹਲ, ਵਿਧਾਇਕ ਸ੍ਰੀ ਰਾਕੇਸ਼ ਪਾਂਡੇ, ਸ੍ਰ. ਜਗਦੇਵ ਸਿੰਘ ਜੱਸੋਵਾਲ, ਪ੍ਰੋਫੈਸਰ ਸ੍ਰ. ਗੁਰਭਜਨ ਸਿੰਘ ਗਿੱਲ, ਪ੍ਰਿੰਸੀਪਲ ਪ੍ਰੇਮ ਸਿੰਘ, ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਲੋਕ ਸੰੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਡਾ. ਐੱਸ. ਐੱਨ. ਸੇਵਕ, ਡਾ. ਜਗਮੋਹਨ ਸਿੰਘ, ਸ੍ਰੀ ਐੱਮ. ਐੱਸ. ਔਲਖ, ਮੇਵਾ ਸਿੰਘ ਗਿੱਲ ਫਾਉਂਡੇਸ਼ਨ ਦੇ ਮੈਂਬਰ, ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਮੈਂਬਰ, ਪੀ. ਏ. ਯੂ. ਐਲੂਮਨੀ ਐਸੋਸੀਏਸ਼ਨ ਦੇ ਮੈਂਬਰ, ਰਿਸ਼ਤੇਦਾਰ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। 
ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਭਾਸ਼ਾ, ਜਰਨਲਿਜ਼ਮ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਰਹੇ ਸਨ। ਇਸ ਸੇਵਾ ਦੌਰਾਨ ਉਹਨਾਂ ਕੋਲੋਂ ਮਾਰਗਦਰਸ਼ਨ ਲੈਣ ਵਾਲੇ ਅੱਜ ਵੱਡੇ ਵੱਡੇ ਅਹੁਦਿਆਂ ਤੇ ਹਨ। ਰਿਟਾਇਰ ਹੋਣ ਤੋਂ ਬਾਅਦ ਵੀ ਉਹ ਪੂਰੀ ਤਰਾਂ ਸਰਗਰਮ ਰਹੇ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਲਮ ਨਾਲ ਕਈ ਲਿਖ਼ਤਾਂ ਲਿਖੀਆਂ। ਆਪਣੇ ਪੜਾਈ ਦੇ ਸਮੇਂ ਦੌਰਾਨ ਆਪ ਨੇ ਭਾਰਤ ਛੱਡੋ ਅੰਦੋਲਨ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਹ ਵਿਦਿਆਰਥੀ ਨੇਤਾ ਵਜੋਂ ਵੀ ਸਰਗਰਮ ਰਹੇ। ਹਜ਼ਾਰਾ ਸਿੰਘ ਨੂੰ ਵਰਲਡ ਲਿਟਰੇਰੀ ਕੌਂਸਿਲ ਵੱਲੋਂ ਡੀ. ਲਿੱਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਦੇ ਨਮਿੱਤ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 26 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਗੁਰਦੁਆਰਾ ਸਿੰਘ ਸਭਾ, ਕਿਚਲੂ ਨਗਰ (ਲੁਧਿਆਣਾ) ਵਿਖੇ ਹੋਵੇਗੀ।

No comments: