Saturday, October 25, 2014

ਜਰਖੜ ਖੇਡ ਅਕਾਦਮੀ ਵੱਲੋਂ ਅਥਲੀਟ ਮਨਦੀਪ ਕੌਰ ਦਾ ਸਨਮਾਨ

Sat, Oct 25, 2014 at 5:37 PM
29ਵੀਂਆਂ ਜਰਖ਼ੜ ਖੇਡਾਂ ਦਾ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ
ਪੰਜਾਬ ਦੀਆਂ ਲੜਕੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਲੋੜ-ਮਨਦੀਪ ਕੌਰ
ਲੁਧਿਆਣਾ: 25 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):

ਏਸ਼ੀਆਈ ਖੇਡਾਂ ਵਿੱਚ ਲਗਾਤਾਰ ਤੀਜੀ ਵਾਰ ਸੋਨ ਤਮਗਾ ਜੇਤੂ ਖ਼ਿਡਾਰਨ ਉਲੰਪੀਅਨ ਮਨਦੀਪ ਕੌਰ ਦਾ ਅੱਜ ਸਥਾਨਕ ਸਰਕਟ ਹਾਊਸ ਵਿਖੇ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖ਼ੜ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨਦੀਪ ਕੌਰ ਨੂੰ ਜੇਤੂ ਅਵਾਰਡ ਅਤੇ 31 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਂਟ ਕਰਦਿਆਂ ਅਗਲੇ ਸਾਲ ਹੋਣ ਵਾਲੇ 29ਵੇਂ ਜਰਖੜ ਖੇਡ ਮੇਲੇ ਦਾ ਬਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ।
ਇਸ ਮੌਕੇ ਰੱਖੇ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਦੀਪ ਕੌਰ ਨੇ ਆਖਿਆ ਕਿ ਜਿਸ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਮੁੰਡਿਆਂ ਨਾਲੋਂ ਸਰਬੋਤਮ ਸਾਬਿਤ ਕੀਤਾ ਹੈ, ਹੁਣ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਦੀਆਂ ਲੜਕੀਆਂ ਨਾ ਸਿਰਫ਼ ਕੌਮੀ ਪੱਧਰ 'ਤੇ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਜਿਸ ਦੀ ਤਾਜ਼ਾ ਉਦਾਹਰਨ ਹੁਣੇ-ਹੁਣੇ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਹਨ, ਜਿਸ ਵਿੱਚ ਜਿੱਥੇ ਮੈਨੂੰ ਤੀਜੀ ਵਾਰ ਸੋਨ ਤਮਗਾ ਜਿੱਤਣ ਦਾ ਮਾਣ ਹਾਸਿਲ ਹੋਇਆ ਹੈ, ਉਥੇ ਨਿਸ਼ਾਨੇਬਾਜ਼ ਹਿਨਾ ਸਿੱਧੂ, ਹਾਕੀ ਸਟਾਰ ਅਮਨਦੀਪ ਕੌਰ, ਅਥਲੀਟ ਸੁਖਬੀਰ ਕੌਰ, ਨਿਸ਼ਾਨੇਬਾਜ਼ ਮਲਾਇਕਾ ਗੋਇਲ ਆਦਿ ਖ਼ਿਡਾਰਨਾਂ ਨੇ ਵੀ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ।
ਇਸ ਤੋਂ ਇਲਾਵਾ ਮਰਦਾਂ ਦੇ ਵਰਗ ਵਿੱਚ ਭਾਰਤੀ ਹਾਕੀ ਟੀਮ ਨੇ ਪੂਰੇ 16 ਸਾਲ ਬਾਅਦ ਸੋਨ ਤਮਗਾ ਜਿੱਤ ਕੇ ਹਾਕੀ ਦੇ ਸੁਨਹਿਰੀ ਯੁੱਗ ਦੀ ਵਾਪਸੀ ਕੀਤੀ ਹੈ, ਜਿਸ ਵਿੱਚ 7 ਖਿਡਾਰੀ ਪੰਜਾਬ ਨਾਲ ਸੰਬੰਧਤ ਸਨ। ਉਨ੍ਹਾਂ ਆਖਿਆ ਕਿ ਖਿਡਾਰੀਆਂ ਨੇ ਆਪਣਾ ਫਰਜ਼ ਨਿਭਾਅ ਦਿੱਤਾ ਹੈ, ਹੁਣ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਜੇਤੂ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਅਤੇ ਉਨ੍ਹਾਂ ਦੇ ਮੁਕਾਮ ਮੁਤਾਬਿਕ ਨੌਕਰੀ ਦੇਵੇ। ਮਨਦੀਪ ਕੌਰ ਨੇ ਆਖਿਆ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਪੜਾਈ ਦੇ ਨਾਲ-ਨਾਲ ਲੜਕੀਆਂ ਨੂੰ ਖੇਡਾਂ ਵੱਲ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। 
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਸਰਕਾਰ ਦੀ ਤਰਫੋਂ ਮਨਦੀਪ ਕੌਰ ਅਤੇ ਏਸ਼ੀਆਈ ਖੇਡਾਂ ਦੇ ਹੋਰ ਜੇਤੂ ਖਿਡਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਏਗੀ। ਉਨ੍ਹਾਂ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਅਤੇ ਜਰਖੜ ਖੇਡਾਂ ਦੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਹ ਖੁਦ ਇਸ ਕਲੱਬ ਨਾਲ ਪਿਛਲੇ 20 ਸਾਲਾਂ ਤੋਂ ਜੁੜੇ ਹੋਏ ਹਨ। ਪੰਜਾਬ ਦੇ ਖੇਡ ਸੱਭਿਆਚਾਰ ਅਤੇ ਖਾਸ ਕਰਕੇ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਜਰਖ਼ੜ ਅਕਾਦਮੀ ਆਪਣਾ ਚੋਖਾ ਯੋਗਦਾਨ ਪਾ ਰਹੀ ਹੈ। ਮਨਦੀਪ ਕੌਰ ਦਾ ਜਰਖ਼ੜ ਖੇਡਾਂ ਦਾ ਬਰਾਂਡ ਅੰਬੈਸਡਰ ਬਣਨ ਨਾਲ ਸਾਡੇ ਸਾਰਿਆਂ ਲਈ ਇੱਕ ਮਾਣ ਵਾਲੀ ਗੱਲ ਹੈ। 
ਇਸ ਮੌਕੇ ਊਰਜਾ ਨਿਗਮ ਦੇ ਚੀਫ਼ ਇੰਜੀਨੀਅਰ ਸ੍ਰ. ਰਛਪਾਲ ਸਿੰਘ ਨੇ ਵੀ ਮਨਦੀਪ ਕੌਰ ਨੂੰ ਏਸ਼ੀਆਈ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਮਗਾ ਜਿੱਤ ਕੇ ਪੰਜਾਬ ਦੀ ਅਥਲੈਟਿਕਸ 'ਚ ਸੋਨ ਚਿੜੀ ਦਾ ਖ਼ਿਤਾਬ ਜਿੱਤਣ 'ਤੇ ਵਧਾਈ ਦਿੰਦਿਆਂ ਆਖਿਆ ਕਿ ਅਜਿਹੀਆਂ ਖਿਡਾਰਨਾਂ ਦੀਆਂ ਪ੍ਰਾਪਤੀਆਂ ਨਾਲ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਇਸ ਮੌਕੇ ਉਲੰਪੀਅਨ ਮਨਦੀਪ ਕੌਰ ਅਤੇ ਆਏ ਹੋਰ ਮਹਿਮਾਨਾਂ ਨੂੰ ਅਕਾਦਮੀ ਦੇ ਡਾਇਰੈਕਟਰ ਸ੍ਰ. ਜਗਰੂਪ ਸਿੰਘ ਜਰਖੜ ਨੇ ਸਵਾਗਤ ਕਰਦਿਆਂ ਆਖਿਆ ਕਿ ਜਰਖ਼ੜ ਖੇਡਾਂ ਦੇ ਫਾਈਨਲ ਸਮਾਰੋਹ 'ਤੇ ਏਸ਼ੀਆਈ ਖੇਡਾਂ ਦੇ ਜੇਤੂ ਹਾਕੀ ਖ਼ਿਡਾਰੀਆਂ ਅਤੇ ਹੋਰਨਾਂ ਦਾ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨ ਕੀਤਾ ਜਾਵੇਗਾ। 
ਇਸ ਮੌਕੇ ਜਰਖੜ ਅਕਾਦਮੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਗਰੇਵਾਲ, ਕਲੱਬ ਦੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਰਪੰਚ ਦਪਿੰਦਰ ਸਿੰਘ, ਸ੍ਰ. ਹਰਦਿਆਲ ਸਿੰਘ ਅਮਨ, ਚੇਅਰਮੈਨ ਸ੍ਰ. ਸੁਰਿੰਦਰ ਸਿੰਘ ਖੰਨਾ, ਸ੍ਰ. ਰੌਬਿਨ ਸਿੰਘ ਸਿੱਧੂ, ਸ੍ਰ. ਪਰਮਜੀਤ ਸਿੰਘ ਨੀਟੂ, ਸ੍ਰ. ਬਲਜਿੰਦਰ ਸਿੰਘ ਥਰੀਕੇ, ਸ੍ਰ. ਸ਼ਰਨਜੀਤ ਸਿੰਘ ਥਰੀਕੇ, ਸ੍ਰ. ਸੰਦੀਪ ਸਿੰਘ ਪੰਧੇਰ, ਸ੍ਰ. ਤਜਿੰਦਰ ਸਿੰਘ, ਸ੍ਰ. ਸ਼ਿੰਗਾਰਾ ਸਿੰਘ ਜਰਖ਼ੜ, ਸ੍ਰ. ਜਗਦੀਪ ਸਿੰਘ ਬੁਲਾਰਾ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਮੁੱਖ ਕੋਚ ਸ੍ਰ. ਹਰਮਿੰਦਰਪਾਲ ਸਿੰਘ, ਸ੍ਰ. ਜਗਦੀਪ ਸਿੰਘ ਕਾਹਲੋਂ, ਸ੍ਰ. ਤਾਰਾ ਸਿੰਘ ਸੰਧੂ, ਸ੍ਰੀ ਪ੍ਰਵੀਨ ਠਾਕੁਰ, ਸ੍ਰ. ਮਨਮਿੰਦਰ ਸਿੰਘ ਹੈਪੀ, ਸ੍ਰ. ਰਣਜੀਤ ਸਿੰਘ ਦੁਲੇਂਅ, ਸ੍ਰ. ਬਲਵਿੰਦਰ ਸਿੰਘ ਬੋਪਾਰਾਏ, ਸ੍ਰ. ਜਸਵੀਰ ਸਿੰਘ ਖਾਨਪੁਰ, ਖੇਡ ਪ੍ਰੇਮੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। 

No comments: