Friday, October 03, 2014

ਲੁਧਿਆਣਾ ਵਿੱਚ ਵੀ ਮਨਾਇਆ ਗਿਆ ਆਰ ਐਸ ਐਸ ਦਾ ਸਥਾਪਨਾ ਦਿਵਸ

Fri, Oct 3, 2014 at 12:28 PM
ਸ਼ਸਤਰ ਪੂਜਨ ਤੋਂ ਬਾਅਦ ਹੋਇਆ ਵਿਸ਼ੇਸ਼ ਮਾਰਚ 
ਲੁਧਿਆਣਾ: 3 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਕੋਈ ਕੁਝ ਵੀ ਕਹੇ ਪਰ ਇੱਕ ਗੱਲ ਪੱਕੀ ਹੈ ਕਿ ਆਰ ਐਸ ਐਸ ਵਾਲੇ ਆਪਣੇ ਨਿਯਮਾਂ ਅਤੇ ਅਸੂਲਾਂ ਦਾ ਪਾਲਣ ਪੂਰੇ ਅਨੁਸ਼ਾਸਨ ਨਾਲ ਕਰਦੇ ਹਨ। ਤਿੱਖੀ ਆਲੋਚਨਾ ਅਤੇ ਵਿਵਾਦਾਂ ਦੇ ਬਾਵਜੂਦ ਆਰ ਐਸ ਐਸ ਨੇ ਨਾ ਕਦੇ ਆਪਣੇ ਸਿਧਾਂਤ ਛੱਡੇ ਅਤੇ ਨਾ ਹੀ ਆਪਣੇ ਢੰਗ ਤਰੀਕੇ।  ਇਸ ਵਾਰ ਵੀ ਆਰ ਐਸ ਐਸ ਨੇ ਆਪਣਾ ਸਥਾਪਨਾ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ। ਮਾਰਚ ਵਿੱਚ ਹਿੰਦੂ ਵੀ ਸ਼ਾਮਿਲ ਸਨ ਅਤੇ ਸਿੱਖ ਵੀ।  ਇਹਨਾਂ ਦੇ ਹੱਥਾਂ ਵਿੱਚ ਡਾਂਗਾਂ ਵੀ ਸਨ ਅਤੇ ਕੁਝ ਕੁ ਦੇ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਵੀ ਪਰ ਇਹਨਾਂ ਦੇ ਨਾਲ ਕੋਈ ਦਹਿਸ਼ਤ ਜਾਂ ਡਰ ਦਾ ਵਾਤਾਵਰਨ ਨਹੀਂ ਬਲਕਿ ਜੋਸ਼ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਪ੍ਰਤੀਤ ਹੁੰਦੀ ਸੀ। ਇਸ ਮਾਰਚ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਲਮੋਹਰ ਹੋਟਲ ਦੇ ਸਾਹਮਣੇ ਸ਼ਸਤਰ ਪੂਜਨ ਵੀ ਹੋਇਆ। ਕਾਬਿਲੇ ਜ਼ਿਕਰ ਹੈ ਕਿ ਮੁੱਖ ਪ੍ਰੋਗਰਾਮ ਨਾਗਪੁਰ ਵਿੱਚ ਹੋਇਆ ਜਿੱਥੇ ਸੰਘ ਦੇ  ਸਰਸੰਘ ਚਾਲਕ ਮੋਹਨ ਭਾਗਵਤ ਨੇ ਵੀ ਸ਼ਸਤਰ ਪੂਜਨ ਕੀਤਾ ਅਤੇ ਰਾਸ਼ਟਰ ਦੇ ਨਾਮ ਸੰਦੇਸ਼ ਵੀ ਦਿੱਤਾ।
ਲੁਧਿਆਣਾ ਵਿੱਚ ਹੋਏ ਇਸ ਵਿਸ਼ੇਸ਼ ਆਯੋਜਨ ਮੌਕੇ ਸਵੇਰੇ ਅਠ ਵਜੇ ਹੀ ਆਰ ਐਸ ਐਸ ਵਰਕਰ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ। ਠੀਕ ਸਧੇ ਅਠ ਵਜੇ ਸ਼ਸਤਰ ਪੂਜਨ ਸਮਾਪਤ ਹੁੰਦਿਆਂ ਹੀ ਇਹ ਸਾਰੇ ਵਰਕਰ ਨਿਸਚਿਤ ਰੂਟ ਉੱਪਰ ਮਾਰਚ ਲਈ ਨਿਕਲ ਤੁਰੇ। ਇਸ ਮੌਕੇ ਲੁਧਿਆਣਾ ਦੇ ਕਾਰਜਵਾਹ ਪ੍ਰਦੀਪ ਕੁਮਾਰ ਨੇ ਦੁਸਹਿਰੇ ਦੀ ਅਹਿਮੀਅਤ ਬਾਰੇ ਦੱਸਦਿਆਂ ਸੰਘ ਬਾਰੇ ਵੀ ਦੱਸਿਆ।  ਉਹਨਾਂ ਬੁਰਾਈ ਉੱਪਰ ਸਚਾਈ ਦੀ ਜਿੱਤ ਅਤੇ ਝੂਠ ਉੱਪਰ ਸਚ ਦੀ ਜਿੱਤ ਨੂੰ ਅਟੱਲ ਕਰਾਰ ਦਿੱਤਾ ਅਤੇ ਕਿਹਾ ਕਿ ਸਭ ਨੂੰ ਸਚਾਈ ਦੇ ਰਸਤੇ ਉੱਤੇ ਚਲਦਿਆਂ ਅਛੈ ਦਾ ਸਾਥ ਦੇਣਾ ਚਾਹਿਦਾ ਹੈ।
ਆਰ ਐਸ ਐਸ ਦਾ ਇਹ ਮਾਰਚ ਗੁਲਮੋਹਰ ਹੋਟਲ ਤੋਂ ਸ਼ੁਰੂ ਹੋ ਕੇ ਰਾਮ ਨਗਰ, ਕੋਚਰ ਮਾਰਕੀਟ, ਈ ਐਸ ਆਈ ਹਸਪਤਾਲ   ਅਤੇ  ਭਾਰਤ ਮਗਰ ਚੋਂਕ ਤੋਂ ਹੁੰਦਾ ਹੋਇਆ ਗੁਲਮੋਹਰ ਹੋਟਲ ਵਿਖੇ ਆ ਕੇ ਹੀ ਸਮਾਪਤ ਹੋਇਆ। ਦੇਸ਼ ਭਗਤੀ ਦੇ ਗੀਤ ਗਾਉਂਦਾ ਇਹ ਮਾਰਚ ਜਿਧਰੋਂ ਵੀ ਨਿਕਲਦਾ ਲੋਕ ਥਾਂ ਥਾ ਇਸਦਾ ਸਵਾਗਤ ਕਰਦੇ ਅਤੇ ਫੁੱਲਾਂ ਦੀ ਵਰਖਾ ਵੀ ਕਰਦੇ। ਵੰਡੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਅੱਜ ਇਹਨਾਂ ਸਾਰੇ ਇਲਾਕਿਆਂ ਦੀਆਂ ਫਜ਼ਾਵਾਂ ਵਿੱਚ ਗੁਜ਼ਰੇ। ਬੈਂਡ ਵਾਜਿਆਂ ਵਾਲੇ ਇਹਨਾਂ ਕੌਮੀ ਗੀਤਾਂ ਨੂੰ ਹੋਰ ਵੀ ਸੁਰੀਲਾ ਬਣਾ ਰਹੇ ਸਨ।
ਇਸ ਮਾਰਚ ਦੇ ਯਾਦਗਾਰੀ ਮੌਕੇ ਵਿਭਾਗ ਦੇ ਸੰਘ ਚਾਲਕ ਫੂਲ ਚੰਦ, ਮਾਸਟਰ ਰਾਮ ਲਾਲ, ਸੁਦੇਸ਼ ਕਪਿਲਾ, ਡਾਕਟਰ ਕੁਲਦੀਪ, ਪ੍ਰੋਫੈਸਰ ਰਾਜਿੰਦਰ ਭੰਡਾਰੀ, ਬੀਜੇਪੀ ਦੇ ਸੁਬਾਈ ਸਕੱਤਰ ਜੀਵਨ ਗੁਪਤਾ,  ਜ਼ਿਲਾ ਜਨਰਲ ਸਕੱਤਰ-ਪੁਸ਼ਪਿੰਦਰ ਸਿੰਘਲ,  ਮੀਡੀਆ ਪ੍ਰਭਾਰੀ- ਸੰਜੀਵ ਮਲਹੋਤਰਾ, ਕਈ ਹੋਰ ਸਰਗਰਮ ਆਗੂ- ਕਾਂਤੇਦੁ ਸ਼ਰਮਾ, ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਮਦਨ ਮੋਹਨ ਵਿਆਸ, ਅਸ਼ੋਕ ਲੂੰਬਾ, ਭੂਸ਼ਣ ਵਰਮਾ, ਰਮੇਸ਼ ਸ਼ਰਮਾ ਅਤੇ ਬਲਬੀਰ ਬਾਂਸਲ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਆਗੂ ਨਰੇਂਦਰ ਠਾਕੁਰ ਉਚੇਚੇ ਤੌਰ ਤੇ ਆਪਣੇ ਸਾਥੀਆਂ ਸਮੇਤ ਪੁੱਜੇ। ਇਸ ਆਯੋਜਨ ਦੀ ਖਾਸੀਅਤ ਸੀ ਕਿ ਸਭਕੁਝ ਖੁਦ-ਬ-ਖੁਦ ਅਨੁਸ਼ਾਸਨ ਵਿੱਚ ਚੱਲ ਰਿਹਾ ਸੀ। ਨਾ ਕੋਈ ਹੁੜਦੰਗ ਅਤੇ ਨਾ ਹੀ ਕੋਈ ਧੱਕਾ ਮੁੱਕੀ। ਮਾਰਚ ਵਿੱਚ ਓਹ ਲੋਕ ਵੀ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਮਿਲ ਰਹੇ ਸਨ ਜਿਹੜੇ ਪਹਿਲਾਂ ਇੱਕ ਦੂਜੇ ਨੂੰ ਕਦੇ ਨਹੀਂ ਸਨ ਮਿਲੇ। 

No comments: