Thursday, October 02, 2014

ਜਮਾਲਪੁਰ ਸ਼ੂਟਆਊਟ: ਝੂਠੇ ਮੁਕਾਬਲੇ ਵਿਰੁਧ ਲੋਕ ਲਾਮਬੰਦੀ 'ਚ ਤੇਜ਼ੀ ਸ਼ੁਰੂ

ਝੂਠੇ ਮੁਕਾਬਲਿਆਂ ਨੇ ਬਣਾ ਦਿੱਤਾ ਹੈ ਬਗਾਵਤ ਦਾ ਮਾਹੌਲ-ਪ੍ਰਤਾਪ ਸਿੰਘ ਬਾਜਵਾ 
ਲੁਧਿਆਣਾ: 2 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਆਖਿਰਕਾਰ ਸਿਆਸੀ ਅਤੇ ਸਮਾਜਿਕ ਸੰਗਠਨ ਸਾਰੀਆਂ ਦੁਚਿੱਤਿਆਂ ਛੱਡ ਕੇ ਜਮਾਲਪੁਰ ਸ਼ੂਟਆਊਟ ਦੇ ਖਿਲਾਫ਼ ਇੱਕਜੁੱਟ ਹੋਣ ਲੱਗ ਪਏ ਹਨ। ਇਸ ਹਕੀਕਤ ਦਾ ਬਹੁਤ ਸਾਰਾ ਖੁਲਾਸਾ ਮੀਡੀਆ ਵਿੱਚ ਆ ਜਾਣ ਤੋਂ ਬਾਅਦ ਇੱਕ ਮੁਹਿੰਮ ਖੜ੍ਹੀ ਹੋਣ ਲੱਗ ਪਈ ਹੈ ਪਰ ਪੰਜਾਬ ਵਿੱਚ ਵੱਖ ਵੱਖ ਨਾਵਾਂ ਹੇਠ ਬਣੇ ਹੋਏ ਕਈ ਮਨੁੱਖੀ ਅਧਿਕਾਰ ਸੰਗਠਨ ਅਜੇ ਵੀ ਚੁੱਪ ਹਨ। ਇਸ ਲਾਮਬੰਦੀ ਵਿੱਚ ਹੋਈ ਦੇਰੀ ਦਾ ਦਰਦ ਕਾਂਗਰਸ ਆਗੂ ਪਤਾਪ ਸਿੰਘ ਬਾਜਵਾ ਦੀ ਜ਼ੁਬਾਨ ਤੇ ਵੀ ਆਇਆ। ਇਸ ਮੌਕੇ ਬਾਜਵਾ ਨੇ ਭਾਜਪਾ ਨੂੰ ਚੁਨੌਤੀ ਵਰਗਾ ਵਾਸਤਾ ਪਾਉਂਦਿਆਂ ਨੈਤਿਕਤਾ ਦੇ ਆਧਾਰ 'ਤੇ ਅਕਾਲੀ ਦਲ ਦਾ ਸਾਥ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਛੋਟੇ-ਵੱਡੇ ਪ੍ਰੋਗਰਾਮਾਂ 'ਤੇ ਤੁਰੇ ਫਿਰਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਅੱਜ ਪੁਲਸ ਅਤੇ ਅਕਾਲੀ ਕਾਰਕੁਨਾਂ ਵਲੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ ਦਲਿਤ ਨੌਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਣ ਦੀ ਵੀ ਹਿੰਮਤ ਨਹੀਂ ਬਚੀ। ਕਾਬਿਲੇ ਜ਼ਿਕਰ ਹੈ ਕਿ ਸਮਰਾਲਾ ਵਿੱਚ ਤਕਰੀਬਨ 20 ਜਥੇਬੰਦੀਆਂ ਨੇ ਪੁਲੀਸ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ ਰੋਸ ਮਾਰਚ ਕੀਤਾ। ਇਸ ਰੋਸ ਮਾਰਚ ਦੀ ਅਗਵਾਈ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕੀਤੀ। ਇਹ ਵਖਾਵਾਕਾਰੀ ਮੰਗ ਕਰ ਰਹੇ ਸਨ ਕਿ ਪਿੰਡ ਬੋਹਾਪੁਰ ਦੇ ਕਤਲ ਕੀਤੇ ਗਏ ਦੋ ਨੌਜਵਾਨਾਂ ਦੇ ਕਾਤਲਾਂ ਦੀ ਸੱਚਾਈ ਸਾਹਮਣੇ ਲਿਆਉਣ ਲਈ ਇਸ ਦੀ ਤੁਰੰਤ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਰੋਸ ਮਾਰਚ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇੱਥੇ ਪੁੱਡਾ ਕੰਪਲੈਕਸ ਵਿਖੇ ਧਰਨਾ ਵੀ ਦਿੱਤਾ। ਇਸ ਧਰਨੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ, ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਤਰਸੇਮ ਜੋਧਾਂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਲਖਵੀਰ ਸਿੰਘ ਲੱਖਾ, ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਬਸਪਾ ਦੇ ਦਰਸ਼ਨ ਕੁਮਾਰ ਪਦਮ, ਸੀ.ਪੀ.ਆਈ ਦੇ ਜਨਰਲ ਸਕੱਤਰ ਕਰਤਾਰ ਸਿੰਘ ਬੁਆਣੀ, ਭਾਰਤੀ ਕਿਸਾਨ ਯੂਨੀਅਨ ਦੇ ਸੁਖਵੀਰ ਸਿੰਘ  ਗਰੇਵਾਲ, ਪੀ.ਪੀ.ਪੀ.ਦੇ ਆਗੂ ਅਮਰਜੀਤ ਸਿੰਘ ਬਾਲਿਉਂ ਆਦਿ ਨੇ ਰੋਹ ਭਰੇ ਅੰਦਾਜ਼ ਵਿੱਚ ਸੰਬੋਧਨ ਕੀਤਾ।
ਇਸ ਮੁੱਦੇ ਤੇ ਗੱਲ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਮੰਗ ਕੀਤੀ ਕਿ ਜਮਾਲਪੁਰ ਹੱਤਿਆ ਕਾਂਡ ਦੀ ਜਾਂਚ ਪੁਲੀਸ ਅਧਿਕਾਰੀਆਂ ਤੋਂ ਨਹੀਂ, ਬਲਕਿ ਸੀ.ਬੀ.ਆਈ. ਜਾਂ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਕਿਉਂਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਅਤੇ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ‘ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਕਤਲ ਕਾਂਡ ਦੀ ਪੈਰਵੀ ਲਈ ਐਕਸ਼ਨ ਕਮੇਟੀ ਬਣਾਈ ਜਾਵੇਗੀ ਅਤੇ ਉਨਾਂ੍ਹ ਦੀ ਪਾਰਟੀ ਕਮੇਟੀ ਨੂੰ ਹਰ ਤਰ੍ਹਾਂ ਦੀ ਮੱਦਦ ਦੇਵੇਗੀ। ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਧਰਨੇ ਵਿੱਚ ਕਈ ਅਜਿਹੇ ਪਰਿਵਾਰ ਪੇਸ਼ ਕੀਤੇ, ਜੋ ਅਕਾਲੀ ਸਰਕਾਰ ਤੋਂ ਬੁਰੀ ਤਰਾਂ ਪੀੜਤ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਾਖੋਰੀ, ਰੇਤ, ਕੇਬਲ ਮਾਫੀਏ ਭਾਰੂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਲ੍ਹੇ ਵਿੱਚ ਹੀ ਰੋਜ਼ਾਨਾ 10 ਲੱਖ ਰੁਪਏ ਦਾ ਨਸ਼ਾ ਵਿਕਣ ਦਾ ਦਾਅਵਾ ਕੀਤਾ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ੇ ਦੀ ਮੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆ ਸਰਦਾਰ ਬਾਜਵਾ ਨੇ ਪੁਲਸ 'ਤੇ ਬੇਹੱਦ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ 'ਚ ਅੱਤਵਾਦ ਦੌਰਾਨ ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਨੂੰ ਪੰਜਾਬ ਪੁਲਸ ਅਕਾਲੀ ਸਰਕਾਰ ਦੇ ਇਸ਼ਾਰੇ 'ਤੇ ਸੂਬੇ 'ਚ ਦਹਿਸ਼ਤਵਾਦ ਫੈਲਾਉਣ ਲਈ ਵਰਤ ਰਹੀ ਹੈ। ਉਨ੍ਹਾਂ ਅੱਤਵਾਦ ਸਮੇਂ ਬਰਾਮਦ ਕੀਤੇ ਸਾਰੇ ਹਥਿਆਰਾਂ ਨੂੰ ਤੁਰੰਤ ਅਦਾਲਤਾਂ ਵਿਚ ਜਮ੍ਹਾ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਪਿਛਲੇ ਸਾਢੇ ਸੱਤ ਸਾਲਾਂ 'ਚ ਪੁਲਸ ਦੇ ਐੱਸ. ਐੱਚ. ਓਜ਼ ਸਮੇਤ ਹੋਰ ਵੱਡੇ ਅਧਿਕਾਰੀਆਂ ਨੇ ਅਕਾਲੀਆਂ ਨਾਲ ਇਕ ਭਾਈਵਾਲ ਵਾਂਗ ਕੰਮ ਕਰਕੇ ਨਸ਼ਿਆਂ, ਰੇਤੇ ਅਤੇ ਪ੍ਰਾਪਟੀ ਦੇ ਨਾਜਾਇਜ਼ ਕਾਰੋਬਾਰ ਰਾਹੀਂ ਅਰਬਾਂ ਰੁਪਏ ਦੀ ਸੰਪਤੀ ਬਣਾ ਲਈ ਹੈ। ਉਨ੍ਹਾਂ ਸਮੂਹ ਪੁਲਸ ਅਧਿਕਾਰੀਆਂ ਦੀਆਂ ਜਾਇਦਾਦਾਂ ਦੇ ਵੇਰਵਿਆਂ ਨੂੰ ਵੀ ਜਨਤਕ ਕਰਨ ਦੀ ਮੰਗ ਕਰਦੇ ਹੋਏ ਬਾਦਲ ਸਰਕਾਰ ਵਲੋਂ ਸੂਬਾ ਪੁਲਸ ਨੂੰ ਦਿੱਤੇ ਗਏ 'ਫ੍ਰੀ ਅਖਤਿਆਰ' ਤੁਰੰਤ ਵਾਪਸ ਲਏ ਜਾਣ ਦਾ ਮੁੱਦਾ ਵੀ ਗੰਭੀਰਤਾ ਨਾਲ ਚੁੱਕਦੇ ਹੋਏ ਕਿਹਾ ਕਿ ਅੱਜ ਪੰਜਾਬ 'ਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ ਬਾਕੀ ਨਹੀਂ ਬਚੀ ਅਤੇ ਚਿੱਟੇ ਕੱਪੜਿਆਂ 'ਚ ਰਹਿਣ ਵਾਲੀ ਪੁਲਸ ਮਨਮਰਜੀਆਂ ਕਰਦੀ ਹੋਈ ਬੇਕਸੂਰਾਂ ਨੂੰ ਜਬਰੀ ਘਰਾਂ 'ਚੋਂ ਚੁੱਕ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਦੇ ਆਪਣੇ ਜੱਦੀ ਜ਼ਿਲੇ 'ਚ ਹੀ ਪਿਛਲੇ 6 ਮਹੀਨਿਆਂ 'ਚ ਲਾਪਤਾ ਹੋ ਚੁੱਕੇ 40 ਦੇ ਕਰੀਬ ਨੌਜਵਾਨਾਂ ਨੂੰ ਇਕ ਗੰਭੀਰ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਅੱਜ ਇਥੇ ਪੁਲਸ ਕਾਨੂੰਨ ਛਿੱਕੇ ਟੰਗ ਜੋ ਮਰਜ਼ੀ ਕਰੇ ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਇਸਦੇ ਨਾਲ ਹੀ ਉਹਨਾਂ ਪਤਾ ਨਹੀਂ ਚੇਤਾਵਨੀ ਦਿੱਤੀ ਜਾਂ ਚਿੰਤਾ ਪ੍ਰਗਟਾਈ ਕਿ ਜਿਸ ਤਰ੍ਹਾਂ ਨਾਲ ਅਕਾਲੀ ਆਗੂਆਂ ਵਲੋਂ ਪੁਲਸ ਨਾਲ ਮਿਲ ਕੇ ਝੂਠੇ ਪੁਲਸ ਮੁਕਾਬਲਿਆਂ 'ਚ ਬੇਕਸੂਰਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ, ਉਸ ਨੇ ਲੋਕਾਂ 'ਚ ਬਗਾਵਤ ਦਾ ਮਾਹੌਲ ਬਣਾ ਦਿੱਤਾ ਹੈ। 
   ਜਮਾਲਪੁਰ ਕਾਂਡ ਦੇ ਚਾਰ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਦਿੱਤਾ
   ਲੁਧਿਆਣਾ: ਇਸੇ ਦੌਰਾਨ ਕਾਨੂੰਨ ਆਪਣੀ ਚਾਲੇ ਚੱਲ ਰਿਹਾ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੇ ਸਕੇ ਭਰਾਵਾਂ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮਾਂ ਨੂੰ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰ ਲਿਆ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛ ਪਡ਼ਤਾਲ ਕਰ ਰਹੀ ਹੈ। ਇਸ ਕੇਸ ਸਬੰਧੀ ਫੜ੍ਹੇ ਗਏ ਹੈੱਡ ਕਾਂਸਟੇਬਲ ਯਾਦਵਿੰਦਰ ਸਿੰਘ, ਹੋਮ ਗਾਰਡ ਜਵਾਨ ਬਲਜੀਤ ਸਿੰਘ ਅਤੇ ਅਜੀਤ ਸਿੰਘ ਸਮੇਤ ਸਰਪੰਚ ਘਰਵਾਲੇ ਗੁਰਜੀਤ ਸਿੰਘ ਨੂੰ ਅੱਜ ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸੇ ਦੌਰਾਨ ਚੰਡੀਗੜ੍ਹ ਦੀ ਫੌਰੈਂਸਿਕ ਟੀਮ ਨੇ ਅੱਜ ਜਮਾਲਪੁਰ ਸਥਿਤ ਆਹਲੂਵਾਲੀਆ ਕਲੋਨੀ ਵਿੱਚ ਘਟਨਾ ਸਥਾਨ ‘ਤੇ ਦਾ ਦੌਰਾ ਕੀਤਾ।
ਇਸੇ ਦੌਰਾਨ AFDR ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਾਈਟਸ ਨਿਸ ਸਾਰੇ ਮਾਮਲੇ ਬਾਰੇ ਠੋਸ ਪਹਿਲਕਦਮੀ ਦਿਖਾਉਂਦਿਆਂ ਆਪਣੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਨੂੰ ਵੱਖਰੇ ਤੌਰ ਤੇ ਛਾਪਿਆ ਜਾ ਰਿਹਾ ਹੈ। 

No comments: