Thursday, October 09, 2014

ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗ

Thu, Oct 9, 2014 at 4:58 PM
ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਰਿਹਾਈ ਮਗਰੋਂ ਇੱਕ ਅਹਿਮ ਕਦਮ 
ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ-ਸੰਘਰਸ਼ ਜਾਰੀ ਰੱਖਣ ਦਾ ਅਹਿਦ ਵੀ 
ਅਗਲੇਰੀ ਨੀਤੀ ਪੰਥ ਦਰਦੀਆਂ ਨਾਲ 30 ਨਵੰਬਰ ਤੱਕ ਵਿਚਾਰ-ਵਿਟਾਂਦਰੇ ਉਪਰੰਤ
ਸ੍ਰੀ ਅੰਮ੍ਰਿਤਸਰ ਸਾਹਿਬ09 ਅਕਤੂਬਰ 2014; (ਮੰਝਪੁਰ):
ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਤੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਵਲੋਂ ਪਿਛਲੇ ਦਿਨੀਂ ਜੇਲ੍ਹ ਤੋਂ ਰਿਹਾਈ ਉਪਰੰਤ ਅੱਜ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਇਕ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ  ਭਾਈ ਦਲਜੀਤ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸਡ਼ੂ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਬਲਦੇਵ ਸਿੰਘ ਸਿਰਸਾ, ਭਾਈ ਮਨਧੀਰ ਸਿੰਘ ਤੇ ਹੋਰ ਪ੍ਰਮੁੱਖ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
                                    ਸੰਦੇਸ਼
ਅਸੀਂ ਸਰਬੱਤ ਦੇ ਭਲੇ ਅਤੇ ਖ਼ਾਲਿਸਤਾਨ ਦੀ ਸਥਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਜਾਮ-ਏ-ਸ਼ਹਾਦਤ ਪੀਣ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਹਰਜਿੰਦਰ ਸਿੰਘ ਜਿੰਦਾ ਸਮੇਤ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ।

ਅਸੀਂ ਪਿਛਲੇ ਤਿੰਨ ਦਹਾਕਿਆਂ ਤੋ ਵੱਖ-ਵੱਖ ਰੂਪਾਂ-ਵੇਸਾਂ ਵਿਚ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇ ਹਾਂ। ਇਸ ਸੰਘਰਸ਼ ਦੇ ਹਥਿਆਰਬੰਦ ਦੌਰ ਉੱਪਰ ਸਾਨੂੰ ਮਾਣ ਹੈ। ਹਥਿਆਰਬੰਦ ਸੰਘਰਸ਼ ਤੋਂ ਉਪਰੰਤ ਜਨਤਕ ਪਿੜ ਵਿਚ ਵਿਚਰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਰਾਹੀਂ ਅਸੀਂ ਇਸ ਸੰਘਰਸ਼ ਨੂੰ ਆਪਣੀ ਸਮਰੱਥਾ ਮੁਤਾਬਕ ਅੱਗੇ ਵਧਾਉਣ ਦੇ ਯਤਨ ਕੀਤੇ ਹਨ ਅਤੇ ਅੱਜ ਵੀ ਭਾਰਤੀ ਉਪਮਹਾਂਦੀਪ ਵਿਚਲੇ ਬਿਪਰਵਾਦੀ ਰਾਜਪ੍ਰਬੰਧ ਨੂੰ ਜੜ੍ਹੋਂ ਪੁੱਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਖ਼ਾਲਸਈ ਰਾਜਨੀਤਕ ਸੰਸਥਾਵਾਂ ਦੀ ਸਥਾਪਤੀ ਲਈ ਯਤਨਸ਼ੀਲ ਹਾਂ।

ਅਜ਼ਾਦੀ ਦੇ ਇਸ ਸੰਘਰਸ਼ ਵਿਚ ਹੋਰ ਧਿਰਾਂ ਵੀ ਹਿੱਸਾ ਲੈਂਦੀਆਂ ਰਹੀਆਂ ਹਨ ਅਤੇ ਅੱਜ ਵੀ ਸੰਘਰਸ਼ਸ਼ੀਲ ਹਨ, ਪਰ ਇਸ ਦੇ ਬਾਵਜੂਦ ਵੀ ਇਸ ਸੰਘਰਸ਼ ਲਈ ਬਝਵੀਂ ਜਨਤਕ ਲਾਮਬੰਦੀ ਦੀ ਰੜਕਵੀਂ ਘਾਟ ਮਹਿਸੂਸ ਹੁੰਦੀ ਹੈ, ਜਿਸ ਦਾ ਬੁਨਿਆਦੀ ਕਾਰਨ ਪੰਥ ਅੰਦਰ ਰੂਹਾਨੀ ਜਜ਼ਬੇ ਦਾ ਕੁਮਲਾਅ ਜਾਣਾ ਹੈ ਜਿਸ ਦਾ ਪ੍ਰਗਟਾਵਾ ਪੰਥਕ ਜਜ਼ਬੇ ਵਿਚ ਆ ਰਹੀ ਘਾਟ, ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਸੇਧ ਨਾ ਅਪਨਾਉਂਣ, ਲੁੜੀਂਦੇ ਸਿਰੜ ਅਤੇ ਮੇਹਨਤ ਦੀ ਘਾਟ, ਵਿਅਕਤੀਗਤ ਪੱਧਰ ਉੱਤੇ ਨਿੱਜੀ ਹਿਤਾਂ ਜਾਂ ਮੁਫਾਦਾਂ ਦੇ ਭਾਰੂ ਹੋ ਜਾਣ ਦੇ ਰੂਪ ਵਿਚ ਹੋ ਰਿਹਾ ਹੈ। ਜਿੰਨਾ ਚਿਰ ਸਾਡਾ ਸਿਆਸੀ ਸਭਿਆਚਾਰ ਗੁਰਮਤਿ ਅਨੁਸਾਰੀ ਨਹੀਂ ਹੁੰਦਾ ਓਨਾ ਚਿਰ ਅਸਲ ਪੰਥਕ ਏਕਤਾ ਹੋਣ ਦੇ ਅਸਾਰ ਨਹੀਂ ਹਨ ਅਤੇ ਇਸ ਤੋਂ ਬਿਨਾਂ ਹੋਣ ਵਾਲੀ ਕੋਈ ਵੀ ਏਕਤਾ ਨਿਭਣਯੋਗ ਨਹੀਂ ਹੋ ਸਕਦੀ।

ਬਿਪਰਵਾਦੀ ਰਾਜਪ੍ਰਬੰਧ ਨੇ ਭਾਰਤੀ ਚੋਣ ਅਮਲ ਵਿਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਅਤੇ ਇਨ੍ਹਾਂ ਹੇਠ ਚੱਲ ਰਹੀਆਂ ਸਿੱਖ ਸੰਸਥਾਵਾਂ ਨੂੰ ਇਸ ਹੱਦ ਤੱਕ ਆਪਣੇ ਅਨੁਕੂਲ ਢਾਲ ਲਿਆ ਹੈ ਕਿ ਇਨ੍ਹਾਂ ਰਾਹੀਂ ਬਿਪਰਵਾਦੀ ਧਿਰ ਨੂੰ ਪ੍ਰਵਾਣ ਲੋਕ ਹੀ ਸਿਆਸੀ ਅਤੇ ਧਾਰਮਕ ਲੀਡਰਸ਼ਿਪ ਦੇ ਤੌਰ ਉੱਤੇ ਸਾਹਮਣੇ ਆ ਰਹੇ ਹਨ। ਇਨ੍ਹਾਂ ਹਾਲਤਾਂ ਵਿਚ ਬਾਦਲ ਅਤੇ ਅਮਰਿੰਦਰ ਸਿੰਘ ਵਰਗੇ ਲੋਕ ਹੀ ਸਿੱਖ ਲੀਡਰਸ਼ਿਪ ਦੇ ਨਾਂ ਉੱਤੇ ਅੱਗੇ ਆ ਰਹੇ ਹਨ।

ਅੱਜ ਦੇ ਹਾਲਾਤ ਅਜਿਹੇ ਹਨ ਕਿ ਸੰਘਰਸ਼ਸ਼ੀਲ ਧਿਰਾਂ ਖਡ਼ੋਤ ਦਾ ਸ਼ਿਕਾਰ ਹਨ ਅਤੇ ਬਿਪਰਵਾਦੀ ਧਾਰਾ ਦੇ ਅਨੁਕੂਲ ਚੱਲ ਰਹੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਗੈਰ-ਸਿਧਾਂਤਕ ਅਮਲਾਂ ਕਾਰਨ ਪੰਥਕ ਜਜ਼ਬੇ ਨੂੰ ਖੋਰਾ ਲੱਗ ਰਿਹਾ ਹੈ ਤੇ ਸਮਾਜ ਵੀ ਨੈਤਿਕ ਕਦਰਾਂ ਕੀਮਤਾਂ ਅਤੇ ਸੁਚਿਆਰੇ ਅਮਲ ਤੋਂ ਵਿਰਵਾ ਹੁੰਦਾ ਜਾ ਰਿਹਾ ਹੈ ਤਾਂ ਹੀ ਸੰਘਰਸ਼ ਨੂੰ ਅੱਗੇ ਵਧਾਉਂਣ ਲਈ ਅਪਣਾਏ ਜਾਣ ਵਾਲੇ ਪੈਂਤੜੇ ਤੇ ਨੀਤੀ ਦੇ ਬਾਰੇ ਅਸਪਸ਼ਟਤਾ ਤੇ ਭੰਬਲਭੂਸੇ ਵਾਲੇ ਹਾਲਾਤ ਬਣੇ ਹੋਏ ਹਨ। ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਮੰਜਿਲੇ-ਮਕਸੂਦ ਤੱਕ ਅੱਪੜਨ ਲਈ ਦਰਕਾਰ ਸੇਧ ਅਤੇ ਅਮਲ ਦੀ ਗੰਭੀਰ ਪੜਚੋਲ ਕਰੀਏ।

ਸੋ ਇਹਨਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਕਾਲੀ ਦਲ ਪੰਚ ਪਰਧਾਨੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ ਕਰਦੇ ਹਾਂ ਅਤੇ ਆਪਣੀ ਇਸ ਆਤਮਚੀਨਣ ਦੀ ਕਵਾਇਦ ਵਿਚ ਪੰਥ ਦੀਆਂ ਰੌਸ਼ਨ-ਦਿਮਾਗ ਸਖਸ਼ੀਅਤਾਂ, ਪੰਥ ਦਰਦੀਆਂ ਅਤੇ ਅਮਲੀ ਜੀਵਨ ਦੇ ਧਾਰਨੀਆਂ ਨਾਲ ਵਿਚਾਰ-ਵਟਾਂਦਰਾ ਆਉਂਦੀ 30 ਨਵੰਬਰ ਤੱਕ ਮੁਕੰਮਲ ਕਰਕੇ ਸੰਘਰਸ਼ ਦੀ ਅਗਲੇਰੀ ਨੀਤੀ ਅਤੇ ਜਥੇਬੰਦਕ ਰੂਪ ਦਾ ਖਾਕਾ ਪੰਥ ਦੀ ਕਚਹਿਰੀ ਵਿਚ ਪੇਸ਼ ਕਰਾਂਗੇ।

ਵਲੋਂ:
ਕੁਲਵੀਰ ਸਿੰਘ ਬਡ਼ਾ ਪਿੰਡ
95927-50093
84271-01699  

No comments: