Friday, October 03, 2014

ਜਮਾਲਪੁਰ ਸ਼ੂਟਆਊਟ: AFDR ਵੱਲੋਂ ਜਾਚ ਰਿਪੋਰਟ ਜਾਰੀ

ਗੰਦੀ ਸਿਆਸਤ ਦਾ ਪੁਲੀਸ-ਸਿਆਸੀ ਗੱਠਜੋੜ ਉਭਰਕੇ ਸਾਹਮਣੇ ਆਇਆ
ਲੁਧਿਆਣਾ: 2 ਅਕਤੂਬਰ (ਪੰਜਾਬ ਸਕਰੀਨ ਬਿਊਰੋ):

ਜਮਾਲਪੁਰ, ਆਹਲੂਵਾਲੀਆ ਕਲੋਨੀ ਵਿਚ 'ਫਰਜੀ ਪੁਲੀਸ ਮੁਕਾਬਲੇ' ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਕਰਕੇ ਅੱਜ ਪੂਰੇ ਪੰਜਾਬ ਵਿੱਚ ਹੀ ਮਾਛੀਵਾੜਾ ਪੁਲੀਸ ਦੀ ਘਨਾਉਣੀ ਕਾਰਵਾਈ ਦੀ ਚਾਰੇ ਪਾਸੇ ਤੋਂ ਘੋਰ ਨਿਖੇਧੀ ਹੋ ਰਹੀ ਹੈ । ਜਿਸ ਕਰਕੇ ਪੰਜਾਬ ਸਰਕਾਰ ਦੀ ਨੀਦ ਵੀ ਹਰਾਮ ਹੋਈ ਪਈ ਹੈ ਅਤੇ ਉਹ ਮੱਥੇ ਤੇ ਲੱਗੇ ਕਾਲੇ ਕਲੰਕ ਨੂੰ ਪੂੰਜਣ ਲਈ ਉਸਨੇ ਸਬੰਧਤ ਐਸ.ਐਚ.ਓ. ਨੂੰ ਬਰਖਾਸਤ ਤੇ ਐਸ.ਐਸ.ਪੀ. ਨੂੰ ਮੁਅੱਤਲ ਕਰ ਦਿੱਤਾ ਹੈ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਲੁਧਿਆਣਾ ਇਕਾਈ ਨੇ ਵੀ ਇਕ ਜਾਂਚ ਟੀਮ ਪ੍ਰੋ. ਏ.ਕੇ. ਮਲੇਰੀ, ਜਸਵੰਤ ਜੀਰਖ਼, ਸਤੀਸ਼ ਸਚਦੇਵਾ ਅਤੇ ਡਾ. ਹਰਬੰਸ ਸਿੰਘ ਗਰੇਵਾਲ ਤੇ ਅਧਾਰਤ ਦਾ ਗਠਿਨ ਕਰਦਿਆਂ ਪੂਰੇ ਘਟਨਾ ਕਰਮ ਦੀ ਜਾਂਚ ਤੋਂ ਬਾਅਦ ਆਪਣੀ ਰੀਪੋਰਟ ਵਿੱਚ ਕੁੱਝ ਅਹਿਮ ਮੁੱਦੇ ਉਭਾਰੇ ਹਨ। ਜਾਂਚ ਕਮੇਟੀ ਨੇ ਜਿਥੇ ਇਨ੍ਹਾਂ ਮ੍ਰਿਤਕ ਨੌਜਵਾਨ ਭਰਾਵਾਂ ਦੀ ਸਾਰੀ ਗੱਲ ਉਸਦੇ ਪਿਤਾ ਤੋਂ ਸੁਣੀ ਹੈ ਉਥੇ ਮਾਛੀਵਾੜਾ ਥਾਣੇ ਤੇ ਜਮਾਲਪੁਰ ਥਾਣੇ ਅਤੇ ਮੌਕਾ ਵਾਰਦਾਤ ਵਿਖੇ ਜਾਕੇ ਲੋਕਾਂ ਨਾਲ ਗਲਬਾਤ ਕੀਤੀ ਹੈ। ਜਾਂਚ ਕਮੇਟੀ ਨੇ ਜੋ ਮੁੱਦੇ ਉਭਾਰੇ ਹਨ ਉਨ੍ਹਾਂ ਵਿੱਚ ਇਕ ਤਾਂ ਇਹ ਕਿ ਸਬੰਧਤ ਥਾਣੇ ਜਮਾਲਪੁਰ ਨੂੰ ਮਾਛੀਵਾੜਾ ਪੁਲਿਸ ਨੇ ਆਪਣੇ ਰੇਡ ਮਾਰਨ ਦੀ ਕੋਈ ਇਤਲਾਹ ਹੀ ਨਹੀਂ ਦਿੱਤੀ ਦੂਜਾ ਪੁਲੀਸ ਰੇਡ ਮਾਰਨ ਲਈ ਬਿਨ੍ਹਾਂ ਵਰਦੀ ਤੋਂ ਗਈ ਜਦੋਂ ਕਿ ਸੁਪਰੀਮ ਕੋਰਟ ਨੇ ਹੁਣੇ ਹੀ ੨੩ ਸਤੰਬਰ ੨੦੧੪ ਨੂੰ ਆਪਣੇ ਇੱਕ ਫੈਸਲੇ ਵਿੱਚ ਪੁਲੀਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਰੇਡ ਕਰਨ ਸਮੇਂ ਪੁਲੀਸ ਦਾ ਵਰਦੀਧਾਰੀ ਹੋਣਾ ਜਰੂਰੀ ਹੈ । ਜਾਰੀ ਕੀਤੀ ਰੀਪੋਰਟ ਵਿੱਚ ਇਹ ਵੀ ਦਰਜ ਹੈ ਕਿ ਸਭਾ ਸਮਝਦੀ ਹੈ ਜਿਹੜੇ ਦੋ ਹੋਰ ਨੌਜੁਆਨਾ ਨੂੰ ਪੁਲੀਸ ਨੇ ਮੌਕੇ ਤੇ ਘਟਨਾ ਸਥਾਨ ਤੋਂ ਚੁੱਕਿਆ ਦੱਸਿਆ ਗਿਆ ਹੈ, ਉਹਨਾਂ ਬਾਰੇ ਪੁਲੀਸ ਨੂੰ ਤੁਰੰਤ ਖੁਲਾਸਾ ਕਰਨਾ ਚਾਹੀਦਾ ਹੈ । ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਨੌਜਵਾਨ ਦੋਨੋਂ ਭਰਾ ਕਤਲ ਹੋਏ ਹਨ ਉਹ ਕੋਈ ਵੱਡੇ ਅੱਤਵਾਦੀ ਨਹੀਂ ਸਨ ਜਿਸ ਕਰਕੇ ਉਹਨਾਂ ਨੂੰ ਘਟਨਾ ਸਥਾਨ ਤੋਂ ਅਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਸਭਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਸਭ ਕੁੱਝ ਕਿਸੇ ਸਾਜਸ ਅਧੀਨ ਕੀਤਾ ਗਿਆ ਲੱਗਦਾ ਹੈ, ਕਿਉਂਕਿ ਪੁਲੀਸ ਦੁਆਰਾ ਇਹ ਕਤਲ ਕਰਨ ਤੋਂ ਬਾਅਦ ਸੁਪਰੀਮ ਕੋਰਟ ਦੀ ਗਾਈਡ ਲਾਇਨ ਮੁਤਾਬਿਕ ਬਣਦੀ ਜਾਣਕਾਰੀ ਦਿੱਤੇ ਬਿਨ੍ਹਾਂ ਦੋਨਾਂ ਲਾਸ਼ਾਂ ਨੂੰ ਲਾਵਾਰਸ ਛੱਡ ਭੱਜਣ ਦੀ ਕੀਤੀ ਹੈ। ਇਸ ਘਟਨਾ ਦੁਆਰਾ ਗੰਦੀ ਸਿਆਸਤ ਦਾ ਪੁਲੀਸ-ਸਿਆਸੀ ਗੱਠਜੋੜ ਉਭਰਕੇ ਸਾਹਮਣੇ ਆਇਆ ਹੈ । (1) ਸਭਾ ਮੰਗ ਕਰਦੀ ਹੈ ਕਿ ਇਸ ਕੇਸ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। (2) ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਬਣਦੇ ਕੇਸ ਵੀ ਦਰਜ ਕੀਤੇ ਜਾਣ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। (੩) ਸਤਪਾਲ ਦੇ ਗਰੀਬ ਪ੍ਰਵਾਰ ਨਾਲ ਬੜਾ ਅਨਿਆਂ ਹੋਇਆ ਹੈ, ਪਰਿਵਾਰ ਨੂੰ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ ।(4) ਸਤਪਾਲ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । 

ਜਾਰੀ ਕਰਤਾ 
ਪ੍ਰੋ. ਏ.ਕੇ. ਮਲੇਰੀ

ਸੂਬਾ ਸਕੱਤਰ
ਜਮਹੂਰੀ ਅਧਿਕਾਰ ਸਭਾ ਪੰਜਾਬ 
ਮੋਬਾ:  98557-00310

ਜਮਾਲਪੁਰ ਸ਼ੂਟਆਊਟ: ਝੂਠੇ ਮੁਕਾਬਲੇ ਵਿਰੁਧ ਲੋਕ ਲਾਮਬੰਦੀ 'ਚ ਤੇਜ਼ੀ ਸ਼ੁਰੂ
No comments: