Tuesday, October 14, 2014

ਨਵੰਬਰ-84 ਦਾ ਸੰਘਰਸ਼:ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ

ਰਾਜੌਰੀ ਗਾਰਡਨ ਦੇ ਇਕ ਡੀਡੀਏ ਫ਼ਲੈਟ ਵਿਚ ਕਰਾਏ ਜਾਂਦੇ ਸਨ ਸੌਦੇ?
ਇਸ ਦਾ ਇਸ਼ਾਰਾ ਉਸ ਲਿਖਤ ਵਿੱਚ ਮਿਲਦਾ ਹੈ ਜਿਹੜੀ ਫੇਸਬੁਕ 'ਤੇ ਪੋਸਟ ਕੀਤੀ ਗਈ ਹੈ। ਇਸਦੇ ਸਹੀ ਹੋਣ ਦੀ ਪੁਸ਼ਟੀ ਇਸ ਗੱਲ ਤੋਂ ਵੀ ਮਹਿਸੂਸ ਹੁੰਦੀ ਹੈ ਕਿ ਤਿੰਨਾਂ ਦਹਾਕਿਆਂ ਦੌਰਾਨ ਏਨਾ ਵੱਡਾ ਭਾਣਾ ਵਰਤ ਜਾਨ ਦੇ ਬਾਵਜੂਦ ਸੰਘਰਸ਼ ਕਿਸੇ ਕਿਨਾਰੇ ਨਹੀਂ ਲੱਗਿਆ। ਹਾਂ ਸੰਘਰਸ਼ ਦੇ ਨਾਮ ਤੇ ਅੱਗੇ ਆਏ ਕੁਝ ਲੀਡਰਾਂ ਨੇ ਆਪਣੀ ਚੌਧਰ ਦੇ ਨਾਲ ਨਾਲ ਆਪਣੀ ਮਾਲੀ ਹਾਲਤ ਵੀ ਮਜਬੂਤ ਕਰ ਲਈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਸੰਘਰਸ਼ ਦੀ ਰੂਪਰੇਖਾ ਕੀ ਹੋਣੀ ਚਾਹੀਦੀ ਹੈ? ਅਜਿਹੇ ਸਾਰੇ ਸੁਆਲਾਂ ਬਾਰੇ ਤੁਹਾਡੇ ਅਨਮੋਲ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--ਰੈਕਟਰ ਕਥੂਰੀਆ 
Bal Vinderpal Singh ਵੱਲੋਂ ਮੰਗਲਵਾਰ 14 ਅਕਤੂਬਰ 2014 ਨੂੰ ਸਵੇਰੇ 7:30  ਵਜੇ  ਪੋਸਟ ਕੀਤੀ ਗਈ ਲਿਖਤ 

ਤਿੰਨ ਦਹਾਕਿਆਂ ਦਾ ਸਮਾਂ ਕੋਈ ਘੱਟ ਨਹੀਂ ਹੁੰਦਾ। ਇਸ ਸਮੇਂ ਦੌਰਾਨ ਤਕਰੀਬਨ ਦੋ ਪੀੜ੍ਹੀਆਂ ਜਵਾਨ ਹੋ ਜਾਂਦੀਆਂ ਹਨ। ਦੋ ਪੀੜ੍ਹੀਆਂ ਦਾ ਮੋਟਾ ਜਿਹਾ ਮਤਲਬ ਜ਼ਿੰਦਗੀ ਦੇ ਕਾਫਲੇ ਦੇ ਦੋ ਕਦਮ ਹਨ। ਕਾਫਲਾ ਕਦੀ ਰੁਕਦਾ ਨਹੀਂ। ਇਸ ਦਾ ਇਕ ਹੀ ਤਾਂ ਅਰਥ ਹੁੰਦਾ ਹੈ-ਲਗਾਤਾਰ ਸਫਰ। ਦੋ ਪੀੜ੍ਹੀਆਂ ਦੇ ਵਕਤਾਂ ਵਿਚ ਫੈਲੇ ਇਹ ਅਹਿਮ ਦੋ ਕਦਮ, ਕੀ ਸੱਚ-ਮੁੱਚ ਹੀ ਅਗਾਂਹ ਪੁੱਟੇ ਗਏ ਹਨ? ਜਾਂ ਅਸੀਂ ਇਕੋ ਥਾਂ ਉਤੇ ਖੜ੍ਹੇ, ਦੋ ਕਦਮ ਅਗਾਂਹ ਨਿਕਲਣ ਦਾ ਭਰਮ ਪਾਲੀ ਬੈਠੇ ਹਾਂ? ਨਵੰਬਰ ’84 ਦੇ ਘੱਲੂਘਾਰੇ ਦਾ ਦਰਦ ਉਂਝ ਦਾ ਉਂਝ ਹੈ, ਇਹ ਮੱਠਾ ਹੋਣ ਦਾ ਨਾਂ ਨਹੀਂ ਲੈ ਰਿਹਾ। ਇਹ ਦਰਦ ਅਕਸਰ ਚਸਕਦਾ ਹੈ ਤਾਂ ਚੇਤਿਆਂ ਵਿਚ ਬਹੁਤ ਹੌਲਨਾਕ ਮੰਜ਼ਰ ਉਭਰਦੇ ਹਨ। ਇਹ ਘੱਲੂਘਾਰਾ ਜਿਨ੍ਹਾਂ ਹਾਲਾਤਾਂ ਵਿਚ ਵਾਪਰਿਆ ਅਤੇ ਜਿਵੇਂ ਜੰਗਲ-ਰਾਜ ਦਾ ਪ੍ਰਦਰਸ਼ਨ ਹੋਇਆ ਅਤੇ ਪੁਲਿਸ ਜਾਂ ਤਾਂ ਮੂਕ-ਦਰਸ਼ਕ ਤੇ ਤਮਾਸ਼ਬੀਨ ਬਣੀ ਸਭ ਕੁਝ ਦੇਖਦੀ ਰਹੀ ਜਾਂ ਫ਼ਿਰ ਹਿੰਸਕ ਭੀੜ ਦਾ ਸਾਥ ਦਿੰਦੀ ਤੇ ਉਸ ਦਾ ਮਾਰਗ-ਦਰਸ਼ਨ ਕਰਦੀ ਰਹੀ, ਫ਼ਿਰ ਜਿਸ ਤਰ੍ਹਾਂ ਮੁੱਖ ਦੋਸ਼ੀਆਂ ਦੀ ਸਰਪ੍ਰਸਤੀ ਕਰਦਿਆਂ ਗੁਨਾਹਗਾਰਾਂ ਨੂੰ ਬਚਾਉਣ ਲਈ ਸਬੂਤ ਮਿਟਾਏ ਜਾਂਦੇ ਰਹੇ, ਉਸ ਨੂੰ ਘੋਖਣ ਤੋਂ ਬਾਅਦ ਇਸ ਗੱਲ ਵਿਚ ਕਿਧਰੇ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ ਕਿ ਇਸ ਘੱਲੂਘਾਰੇ ਨੂੰ ਵਰਤਾਉਣ ਵਿਚ ਗੁਨਾਹਗਾਰਾਂ ਦੇ ਨਾਲ ਕੁਝ ਪ੍ਰਭਾਵਸ਼ਾਲੀ ਲੋਕ ਵੀ ਪੂਰੀ ਤਰ੍ਹਾਂ ਭਾਈਵਾਲ ਸਨਦੂਜਿਆਂ ਨੇ ਤਾਂ ਸਿੱਖਾਂ ਦੇ ਨਾਲ ਇਹ ਸਭ ਕੁਝ ਕੀਤਾ ਹੀ, ਕਿਉਂਕਿ ਉਹ ਤਾਂ ਪਰਾਏ ਸਨ, ਇਸ ਕਰਕੇ ਉਨ੍ਹਾਂ ਦੇ ਨਾਲ ਸ਼ਿਕਵਾ ਕਾਹਦਾ? ਪਰ ਆਪਣਿਆਂ ਨੇ ਵੀ ਉਸ ਸਮੇਂ ਕੋਈ ਘੱਟ ਨਹੀਂ ਸੀ ਗੁਜ਼ਾਰੀ। ਜਿਸ ਤਰ੍ਹਾਂ ਆਪਣਿਆਂ ਨੇ ਹਮਦਰਦ ਬਣ ਕੇ ਪੀੜ੍ਹਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਂਅ 'ਤੇ ਆਪਣੇ ਘਰ ਭਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ, ਉਹ ਇਕ ਵੱਖਰੀ ਅਤੇ ਬਹੁਤ ਹੀ ਦਰਦਨਾਕ ਕਹਾਣੀ ਹੈ। ਇਹੀ ਉਹ ਲੋਕ ਹਨ, ਜਿਨ੍ਹਾਂ ਨੇ ਪੀੜ੍ਹਤਾਂ ਨੂੰ ਇਨਸਾਫ਼ ਦੁਆਉਣ ਦਾ ਭਰੋਸਾ ਦੁਆ ਕੇ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿੱਤਿਆ ਅਤੇ ਫ਼ਿਰ ਉਨ੍ਹਾਂ ਦੇ ਦਰਦ ਤੇ ਉਨ੍ਹਾਂ ਦੇ ਜ਼ਖ਼ਮਾਂ ਦੀਆਂ ਚੀਸਾਂ ਨੂੰ ਦੁਸ਼ਮਣਾਂ ਦੇ ਹੱਥ ਵੇਚ ਦਿੱਤਾ। ਇਕ ਭੇਤੀ ਅਨੁਸਾਰ ਪੀੜ੍ਹਤਾਂ ਦੇ ਇਕ 'ਬਹੁਤ ਹੀ ਹਮਦਰਦ' ਸੱਜਣ ਵਲੋਂ ਨਵੰਬਰ '84 ਦੇ ਇਕ ਮੁੱਖ ਦੋਸ਼ੀ ਨਾਲ ਰਾਜੌਰੀ ਗਾਰਡਨ ਦੇ ਇਕ ਡੀਡੀਏ ਫ਼ਲੈਟ ਵਿਚ ਗਵਾਹਾਂ ਤੇ ਪੀੜ੍ਹਤਾਂ ਦੇ ਇਕ ਹਮਦਰਦ ਦੇ ਨਾਲ ਬੈਠਕ ਕਰਵਾਈ ਗਈ, ਜਿਸ ਵਿਚ ਇਕ-ਦੂਜੇ ਨੂੰ 'ਸਹਿਯੋਗ' ਦਾ ਸੌਦਾ ਨਿਪਟਾਇਆ ਗਿਆ। ਇਸ ਤਰ੍ਹਾਂ ਦੇ ਹੋਰ ਵੀ ਸੌਦੇ ਕਰਵਾਏ ਗਏ, ਜਿਨ੍ਹਾਂ ਦੇ ਨਤੀਜੇ ਵਜੋਂ ਹੀ ਅੱਜ ਤੱਕ ਕਿਸੇ ਇਕ ਵੀ ਮੁੱਖ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਸਕੀ। ਗਰਦਾਨੇ ਜਾਂਦੇ ਦੋਸ਼ੀ ਇਕ ਤੋਂ ਬਾਅਦ ਇਕ ਕਰਕੇ ਅਦਾਲਤਾਂ ਵਿਚੋਂ ਦੋਸ਼-ਮੁਕਤ ਹੁੰਦੇ ਗਏ। ਸਚਾਈ ਤਾਂ ਇਹ ਹੈ ਕਿ ਵਾਅਦੇ ਕਰਕੇ ਭਰਮਾਉਣ ਲਈ ਤਾਂ ਹਰ ਕੋਈ ਤਿਆਰ ਹੈ, ਪਰ ਨਿਭਾਉਣ ਪ੍ਰਤੀ ਕੋਈ ਵੀ ਇਮਾਨਦਾਰ ਨਹੀਂ ਜਾਪਦਾ। ਹੁਣ ਤਾਂ ਬੱਸ ਇਹ ਇਕ ਰਸਮ ਹੀ ਰਹਿ ਗਈ ਹੈ ਕਿ ਹਰ ਸਾਲ ਸ਼ਹੀਦਾਂ ਦੀ ਯਾਦ ਮਨਾਉਣ ਲਈ ਗਿਣਤੀ ਦੇ ਬੰਦੇ ਇਕੱਠੇ ਕਰਕੇ ਭਾਸ਼ਨ ਦੇਣ ਦਾ ਝੱਸ ਪੂਰਾ ਕਰ ਲਓ ਅਤੇ ਕਾਂਗਰਸ ਨੂੰ ਦੋਸ਼ੀ ਕਰਾਰ ਦੇ ਕੇ ਉਸ ਵਿਰੁੱਧ ਦਿਲ ਦੀ ਭੜਾਸ ਕੱਢ ਲਓ,ਪੰਜਾਬ ਬੰਦ ਕਰ ਲਵੋ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਦਿਵਸ ਮਨਾ ਲਓ। 

No comments: