Monday, October 20, 2014

ਲੁਧਿਆਣਾ:30 ਅਕਤੂਬਰ ਤੋਂ 1 ਨਵੰਬਰ ਤੱਕ ਹੋਣਗੀਆਂ ਪੰਜਾਬ ਰਾਜ ਮਹਿਲਾ ਖੇਡਾਂ

Mon, Oct 20, 2014 at 4:11 PM
ADC ਖੰਨਾ ਵੱਲੋਂ ਖੇਡਾਂ ਦੇ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ
2000 ਤੋਂ ਵੱਧ ਖਿਡਾਰਨਾਂ ਭਾਗ ਲੈਣਗੀਆਂ 
ਲੁਧਿਆਣਾ: 20 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ ਵੱਲੋਂ ਅੱਜ ਗੁਰੂ ਨਾਨਕ ਸਟੇਡੀਅਮ ਵਿਖੇ 30 ਅਕਤੂਬਰ ਤੋਂ 1 ਨਵੰਬਰ ਤੱਕ ਹੋ ਰਹੀਆਂ ਤਿੰਨ ਦਿਨਾਂ ''ਪੰਜਾਬ ਰਾਜ ਮਹਿਲਾ ਖੇਡਾਂ-2014'' ਦੇ ਸਮੁੱਚੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਰੀਵਿਓ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਇਹਨਾਂ ਖੇਡਾਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਇਹਨਾਂ 'ਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਹੈਂਡਬਾਲ, ਹਾਕੀ, ਜਿਮਨਾਸਟਿਕ, ਕਬੱਡੀ, ਖੋਹ-ਖੋਹ,  ਤੈਰਾਕੀ, ਟੇਬਲ ਟੈਨਿਸ ਵਾਲੀਬਾਲ ਅਤੇ ਲਾਅਨ ਟੈਨਿਸ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ ਖੰਨਾ ਨੇ ਸਮੂਹ ਵਿਭਾਗਾਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰ ਲੈਣ, ਕਿਉਕਿ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਸੂਬੇ ਭਰ 'ਚੋਂ ਤਕਰੀਬਨ 2000 ਹਜ਼ਾਰ ਤੋਂ ਵੱਧ ਖਿਡਾਰਨਾਂ ਅਤੇ 300 ਤੋਂ ਜ਼ਿਆਦਾ ਕੋਚ, ਪ੍ਰਬੰਧਕ ਅਤੇ ਹੋਰ ਡਿਊਟੀ 'ਤੇ ਤਾਇਨਾਤ ਅਧਿਕਾਰੀ ਸ਼ਾਮਲ ਹੋ ਰਹੇ ਹਨ।  
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ 'ਚ ਸ਼ਾਮਲ ਹੋਏ ਵੱਖ-ਵੱਖ ਸਕੂਲਾਂ ਅਤੇ ਕਾਲਜ਼ਾਂ ਦੇ ਨੁਮਾਇੰਦਿਆਂ ਨੂੰ ਆਦੇਸ਼ ਦਿੱਤੇ ਕਿ ਖਿਡਾਰਨਾਂ ਦੇ ਠਹਿਰਨ ਲਈ ਜਿਨਾਂ ਸਕੂਲਾਂ/ਕਾਲਜ਼ਾਂ 'ਚ ਹੋਸਟਲ ਬਣਾਏ ਗਏ ਹਨ, ਉਹ ਆਪਣੇ-ਆਪਣੇ ਸਕੂਲ ਦੇ ਸੀਨੀਅਰ ਲੈਕਚਰਾਰ ਨੂੰ ਨੋਡਲ ਅਫਸਰ ਲਗਾਉਣਗੇ ਅਤੇ ਸਕੂਲਾਂ ਦੇ ਹੋਸਟਲ ਵਾਲੇ ਕਮਰਿਆਂ ਦੀ ਸਾਫ-ਸਫਾਈ ਨੂੰ ਵੀ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਨੋਡਲ ਅਫਸਰ ਦਾ ਨਾਮ ਅਤੇ ਮੋਬਾਇਲ ਨੰਬਰ ਜ਼ਿਲਾ ਖੇਡ ਅਫਸਰ ਨੂੰ ਮੁਹੱਈਆ ਕਰਵਾਉਣਗੇ। ਪੁਲਿਸ ਅਧਿਕਾਰੀ ਇਹਨਾਂ ਹੋਸਟਲ ਵਾਲੀਆਂ ਥਾਵਾਂ ਅਤੇ ਜਿੱਥੇ-ਜਿੱਥੇ ਵੀ ਖੇਡਾਂ ਹੋਣੀਆਂ ਹਨ, ਦੀ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣਗੇ ਅਤੇ ਹੋਸਟਲ ਦੇ ਬਾਹਰ ਲੇਡੀਜ਼ ਪੁਲਿਸ 'ਤੇ ਪੀ.ਸੀ.ਆਰ. ਦਸਤੇ ਵੀ ਤਾਇਨਾਤ ਕਰਨ ਦੇ ਆਦੇਸ਼ ਦਿੱਤੇ। ਕਾਰਪੋਰੇਸ਼ਨ ਅਧਿਕਾਰੀ ਸਟੇਡੀਅਮ ਦੀ ਸਾਫ-ਸਫਾਈ, ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੌਰਾਨ ਸਫਾਈ ਪ੍ਰਬੰਧ ਕਰਵਾਉਣ ਲਈ ਜਿੰਮੇਵਾਰ ਹੋਣਗੇ। ਜ਼ਿਲਾ ਟਰਾਂਸਪੋਰਟ ਅਧਿਕਾਰੀ ਖਿਡਾਰੀਆਂ ਨੂੰ ਲੈ ਕੇ ਆਉਣ-ਜਾਣ ਲਈ ਬੱਸਾਂ ਦਾ ਪ੍ਰਬੰਧ ਕਰਨਗੇ। ਸਿਵਲ ਸਰਜ਼ਨ ਨੂੰ ਆਦੇਸ਼ ਦਿੱਤੇ ਕਿ ਉਹ ਹੋਸਟਲ ਅਤੇ ਖੇਡਾਂ ਵਾਲੀਆਂ ਥਾਵਾਂ 'ਤੇ ਡਾਕਟਰਾਂ ਦੀਆਂ ਟੀਮਾਂ ਲਗਾਉਣ ਤਾਂ ਜੋ ਕਿਸੇ ਵੀ ਮੁਸ਼ਕਲ ਦੀ ਘੜੀ ਦੌਰਾਨ ਖਿਡਾਰੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਮੰਡੀ ਅਫਸਰ ਦੀ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਦੀ ਡਿਊਟੀ ਲਗਾਈ ਗਈ ਹੈ ਅਤੇ ਖੇਡਾਂ ਦੌਰਾਨ ਨਿਰੰਤਰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਹਨਾਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਤਾਂ ਜੋ ਬਾਹਰਲੇ ਜ਼ਿਲਿਆਂ ਤੋਂ ਆਉਣ ਵਾਲੀਆਂ ਖਿਡਾਰਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਤੇ ਖੇਡਾਂ ਨੂੰ ਠੀਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। 
ਜ਼ਿਲਾ ਖੇਡ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੈਟਿਕਸ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਦੀ ਐਥਲੈਟਿਕਸ ਗਰਾਂਊਡ, ਬਾਸਕਟਬਾਲ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਬਾਸਕਟਬਾਲ ਗਰਾਂਊਡ, ਬੈਡਮਿੰਟਨ ਦੇ ਮੁਕਾਬਲੇ ਸ਼ਾਸ਼ਤਰੀ ਹਾਲ, ਹੈਂਡਬਾਲ, ਟੇਬਲ ਟੈਨਿਸ ਤੇ ਹਾਕੀ ਪੀ.ਏ.ਯੂ., ਕਬੱਡੀ ਅਤੇ  ਵਾਲੀਬਾਲ ਦੇ ਮੁਕਾਬਲੇ ਮਲਟੀਪਰਪਜ਼ ਹਾਲ ਗੁਰੂ ਨਾਨਕ ਸਟੇਡੀਅਮ, ਜਿਮਨਾਸਟਿਕ, ਖੋਹ-ਖੋਹ, ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਮਲਟੀਪਰਪਜ਼ ਹਾਲ ਦੀ ਗਰਾਂਊਡ, ਤੈਰਾਕੀ ਦੇ ਮੁਕਾਬਲੇ ਕਾਰਪੋਰੇਸ਼ਨ ਪੂਲ ਰੱਖ ਬਾਗ ਅਤੇ ਲਾਅਨ ਟੈਨਿਸ ਦੇ ਮੁਕਾਬਲੇ ਸਰਕਾਰੀ ਕਾਲਜ਼ ਲੜਕੇ ਵਿਖੇ ਹੋਣਗੇ। 
ਇਸ ਮੌਕੇ ਐਸ.ਡੀ.ਐਮ. ਪੱਛਮੀ ਸ੍ਰੀ ਕੁਲਜੀਤਪਾਲ ਸਿੰਘ ਮਾਹੀ, ਜ਼ਿਲਾ ਜੰਗਲਾਤ ਅਫਸਰ ਦਲਜੀਤ ਸਿੰਘ ਬਰਾੜ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਡੀ.ਐਸ ਲੋਟੇ ਤੋਂ ਇਲਾਵਾ ਪੁਲਿਸ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

No comments: