Tuesday, October 14, 2014

14 ਅਕਤੂਬਰ ਨੂੰ ਰਲੀਜ਼ ਸਮਾਰੋਹ ਮੌਕੇ ਤੇ ਵਿਸ਼ੇਸ਼

ਫ਼ਰੀਦ ਨਾਲ ਗ਼ੈਰ-ਰਸਮੀ ਸੰਵਾਦ //ਹਰਮੀਤ ਵਿਦਿਆਰਥੀ
ਹੇ ਫ਼ਰੀਦ
ਨਾ ਗਲੀਏ ਚਿੱਕੜ ਹੈ
ਨਾ ਘਰ ਤੋਂ ਦੂਰੀ ਕੋਈ ਖਾਸ ਹੈ
ਮੀਂਹ ਤਾਂ ਬਹੁਤ ਦੇਰ ਹੋਈ
ਕਦੇ ਵਰਿਆ ਨਹੀਂ
ਕੰਬਲੀ ਭਿੱਜਣ ਦਾ ਖੌਫ
ਭਲਾ ਕਿੰਜ ਹੋਵੇਗਾ ? ਗਲੀਐਂ  ਚਿੱਕੜ ਦੂਰ ਘਰ  

ਤੇਰੇ ਕੋਲ ਆਵਣ ਨੂੰ 
ਬਸ ਐਂਵੇਂ ਦਿਲ ਹੀ ਨਹੀਂ ਕਰਦਾ
ਪਤਾ ਨਹੀਂ ਕੀ ਵਾਪਰਿਆ ਹੈ ਮੇਰੇ ਨਾਲ
ਤਸਬੀ
ਕਾਸਾ
ਸੋਟਾ
ਮੂਸੱਲਾ
ਸਭ ਦੇ ਅਰਥ
ਗੁੰਮ ਗੁਆਚ ਗਏ ਨੇ

ਮੈਂ ਤਾਂ ਹੁਣ ਆਪਣੇ ਬਾਲਾਂ ਦਾ ਵੀ ਨਹੀਂ ਰਿਹਾ
ਉਹਨਾਂ ਦੇ ਤੋਤਲੇ ਬੋਲਾਂ ਤੋਂ ਜ਼ਿਆਦਾ 
"ਟੈਲੀ" ਦੇ ਭੜਕਾਊ ਨਾਚ
ਮਨ ਮੋਹ ਲੈਂਦੇ ਨੇ
ਆਪਣੇ ਬੱਚਿਆਂ ਲਈ
ਹੁਣ ਮੈਂ
ਮੁਹੱਬਤ ਨਹੀਂ
ਬਾਜ਼ਾਰ ਮੁਹੱਈਆ ਕਰਦਾ ਹਾਂ


ਤੇਰੀ ਨਮਾਜ਼ ਦਾ ਮੋਹ
ਵਿੱਸਰ ਗਿਆ ਹੈ ਮੈਨੂੰ 
ਤੇਰਾ ਕੋਈ ਉਪਦੇਸ਼
ਚੇਤੇ ਨਹੀਂ ਰਹਿੰਦਾ

ਬਹੁਤ ਜ਼ਰੂਰੀ ਹੋ ਗਿਆ ਹੈ
ਬਾਸ ਦੇ ਬੱਚੇ ਦਾ ਜਨਮ ਦਿਨ ਯਾਦ ਰੱਖਣਾ
ਉਹਦੀ ਮਿਹਰ ਦੀ ਨਜ਼ਰ
ਹਾਸਲ ਕਰਨ ਲਈ

ਹੇ ਸ਼ਕਰਗੰਜ
ਮਿਠਾਸ ਹੁਣ ਮੇਰੀ ਜੀਵਨ ਸ਼ੈਲੀ ਨਹੀਂ
ਮੇਰੀ ਵਰਤੋਂ ਦਾ ਸਭ ਤੋਂ ਵੱਡਾ ਹਥਿਆਰ ਹੈ
" ਨੇਹੁ " ਕਾਰੋਬਾਰੀ ਸੰਬੰਧਾਂ ਦਾ ਦੂਜਾ ਨਾਂ

ਇਸ਼ਕ
ਜਿਸਮ ਦਰ ਜਿਸਮ ਭਟਕਣ ਦੀ
ਪਰਕਿਰਿਆ ਤੋਂ ਵੱਧ
ਕੁਝ ਨਹੀਂ ਰਿਹਾ ਮੇਰੇ ਲਈ

ਮੈਂ ਜੋ ਕਦੇ
ਤੇਰੇ ਸਲੋਕਾਂ ਦੀ ਪਰਭਾਤੀ ਨਾਲ ਜਾਗਦਾ ਸਾਂ
ਹੁਣ ਬਸ ਆਪਣੇ ਆਪ ਨੂੰ ਸ਼ੀਸ਼ੇ ਚ ਨਿਹਾਰਦਾ
ਆਪਣੇ ਆਪ ਤੇ ਫਿਦਾ ਹੁੰਦਾ
ਸਵੈ ਦੇ ਖੋਲ ਚ ਸਿਮਟ ਜਾਂਦਾ ਹਾਂ

ਹੇ ਫ਼ਰੀਦ
ਮੈਂ ਇਸ ਉਨੀਂਦੀ
ਨੀਂਦ ਚੋਂ ਜਾਗਣਾ ਚਾਹੁੰਦਾ ਹਾਂ
ਬਹੁਤ ਥੱਕ ਗਿਆ ਹਾਂ
ਸਵੈ-ਮੁਗਧ ਹੁੰਦਿਆਂ
ਅੰਨੀ ਦੌੜ ਦੌੜਦਿਆਂ 
ਮੈਂ ਕੁਝ ਚਿਰ ਰੁਕਣਾ ਚਾਹੁੰਦਾ ਹਾਂ
ਤੇਰੇ ਸਲੋਕਾਂ ਦੀ ਲੋਰੀ ਨਾਲ
ਘੂਕ ਸੌਣਾ ਚਾਹੁੰਦਾ ਹਾਂ
ਮੈਂ ਖੁਦ ਨੂੰ ਮਿਲਣਾ ਚਾਹੁੰਦਾ ਹਾਂ
ਮੇਰੀ ਤਾਂਘ ਹੈ
ਕਿ ਮੇਰਾ ਕਾਇਆ ਕਲਪ ਹੋਵੇ
ਮੈਂ ਨਵਾਂ ਨਕੋਰ ਹੋਵਾਂ
ਸਾਬਤ ਸਬੂਤਾ ਹੋ
ਨੇਹੁ ਦਾ ਹੋਕਾ ਦੇਵਾਂ
ਇਸੇ ਇੱਛਾ ਦੇ ਨਾਲ
ਅੱਜ ਤੇਰੇ ਦਰਬਾਰ ਆਇਆ ਹਾਂ

ਉਂਝ ਨਾ ਗਲੀਏ ਚਿੱਕੜ ਹੈ
ਨਾ ਘਰ ਤੋਂ ਦੂਰੀ
ਕੋਈ ਖਾਸ ਹੈ
ਬਸ ਐਂਵੇਂ ਆ ਨਹੀਂ ਹੁੰਦਾ
ਬਸ ਐਂਵੇਂ..........
ਬਸ .....................

ਇਹ ਲਿੰਕ ਵੀ ਕਲਿੱਕ ਕਰੋ:

ਪੰਜਾਬੀ ਕਵਿਤਾ ਵਿੱਚ ਇਸ ਵਕਤ ਸੁਨਾਮੀਆਂ ਦਾ ਦੌਰ ਹੈ

No comments: