Friday, September 12, 2014

CMC ਹਸਪਤਾਲ: ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ

CMC ਨੂੰ ਬਚਾਉਣ ਲਈ ਆਪਣੀ ਜਿੰਦ-ਜਾਨ ਤੱਕ ਲਗਾ ਦਿਆਂਗੇ-ਐਕਸ਼ਨ ਕਮੇਟੀ 
ਲੁਧਿਆਣਾ: 11 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਸੀ ਐਮ ਸੀ ਇੱਕ ਅਜਿਹੀ "ਸਟੇਟ" ਵਾਂਗ ਕੰਮ ਕਰ ਰਿਹਾ ਹੈ ਜਿਸ ਵਿੱਚ ਬਾਹਰੀ ਦਖਲ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਂਦਾ।  ਅੰਦਰ ਕੀ ਹੁੰਦਾ ਹੈ ਇਸਦੀ ਭਿਣਕ ਕਈ ਵਾਰ ਤਾਂ ਇਸਦੇ ਸਟਾਫ਼ ਨੂੰ ਵੀ ਨਹੀਂ ਲੱਗਦੀ। ਜੇ ਕਿਸੇ ਨੂੰ ਉੱਡਦੀ ਉੱਡਦੀ ਕੋਈ ਖਬਰ ਮਿਲ ਵੀ ਜਾਵੇ ਤਾਂ ਉਸਦੀ ਹਿੰਮਤ ਹੀ ਨਹੀਂ ਕਿ ਉਹ ਬਾਹਰ ਇਸਦੀ ਚਰਚਾ ਕਿਸੇ ਹੋਰ ਨਾਲ ਕਰ ਜਾਵੇ। ਸੀ ਐਮ ਸੀ ਪ੍ਰਬੰਧਕਾਂ ਦੀ "ਹਿੰਮਤ' ਅਤੇ "ਨਿਰਪੱਖਤਾ" ਦਾ ਅੰਦਾਜ਼ਾ ਇਸ ਗੱਲ ਤੋਂ ਵੀ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਅਕਾਲੀ ਰਾਜ ਭਾਗ ਦੌਰਾਨ ਵੀ ਇਸਦੇ ਫੰਕਸ਼ਨਾਂ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੁੱਖ ਮਹਿਮਾਣ ਬਣਦੇ ਰਹੇ ਹਨ। ਇਹ ਹਿੰਮਤ ਪੈਦਾ ਹੋਈ ਹੈ ਉਸ ਆਰਥਿਕ ਆਜ਼ਾਦੀ ਵਾਲੀ ਮਜ਼ਬੂਤੀ ਤੋਂ ਜਿਸ ਲਈ ਸੀ ਐਮ ਸੀ ਨੇ ਕਦੇ ਵੀ ਕਿਸੇ ਸਰਕਾਰ 'ਤੇ ਨਿਰਭਰ ਨਹੀਂ ਕੀਤਾ।  ਇਸਦੇ ਚਾਹੁਣ ਵਾਲਿਆਂ ਨੇ ਨਾ ਇਸਨੂੰ ਫੰਡ ਦੀ ਕਮੀ ਆਉਣ ਦਿੱਤੀ ਅਤੇ ਨਾ ਹੀ ਜ਼ਮੀਨਾਂ ਦੀ। ਇਸ ਇਤਿਹਾਸਿਕ ਸੰਸਥਾਨ ਕੋਲ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਅਣਵਰਤੀਆਂ ਜ਼ਮੀਨਾਂ ਦੀ ਬਹੁਤਾਤ ਹੈ ਜਿਹੜੀਆਂ ਇਸਨੂੰ ਦਾਨ ਦਕਸ਼ਨਾ ਅਤੇ ਪ੍ਰੇਮ ਪਿਆਰ ਵਿੱਚ ਮਿਲੀਆਂ। ਇਸ ਸੰਸਥਾਨ ਕੋਲ ਆਰਥਿਕ ਪੱਖੋਂ ਕਮਜ਼ੋਰ ਮਰੀਜਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਜਿਹਨਾਂ ਦੇ ਇਲਾਜ ਨੂੰ ਸੀ ਐਮ ਸੀ ਨੇ ਆਪਣੇ ਅਤੇ ਦਾਨੀ ਸੱਜਣਾਂ ਦੇ ਬਲਬੂਤੇ ਸਿਰੇ ਲਾਇਆ ਪਰ ਅਜਿਹੇ ਅਮੀਰ ਮਰੀਜ਼ ਵੀ ਬਹੁਤ ਹਨ ਜਿਹੜੇ ਠੀਕ ਹੋਣ ਮਗਰੋਂ ਆਪਣੀ ਖੁਸ਼ੀ ਨਾਲ ਜਮੀਨ ਜਾਂ ਕਿਸ਼ ਦਾਨ ਵਿੱਚ ਦੇ ਦੇਂਦੇ। ਦੂਜੇ ਪਾਸੇ ਬਹੁਤ ਸਾਰੇ ਸਰਕਾਰੀ ਅਤੇ ਨਿਜੀ ਹਸਪਤਾਲ ਆਪਣੇ ਸ਼ੁਧ ਕਾਰੋਬਾਰੀ ਢੰਗ ਤਰੀਕਿਆਂ ਕਰਨ ਆਮ ਲੋਕਾਂ ਵਿੱਚ ਇਸ ਸੰਸਥਾਨ ਵਰਗੀ ਥਾਂ ਨਹੀਂ ਬਣ ਸਕੇ। ਸੀ ਐਮ ਸੀ ਦਾ ਸ਼ੁਭ ਆਰੰਭ ਹੀ ਤੁਫਾਨੀ ਵਿਰੋਧਾਂ ਵਿੱਚ ਹੋਇਆ ਸੀ। ਇਸ ਦੀ ਸਫਲਤਾ ਲੈ ਮਿਸ ਬਰਾਊਨ ਨੇ ਆਪਣੀ ਪੂਰੀ ਜਿੰਦਗੀ ਲੇਖੇ ਲਾਈ। ਉਹਨਾਂ ਦਿਨਾਂ ਵਿੱਚ ਲੜਕੀਆਂ ਘਰੋਂ ਬਾਹਰ ਨਹੀਂ ਸਨ ਨਿਕਲਦੀਆਂ। ਮਿਸ ਬਰਾਊਨ ਨੇ ਉਹਨਾਂ ਨੂੰ ਪੱਲਿਓਂ ਪੈਸੇ ਦੇ ਕੇ ਇਸ ਪਾਸੇ ਆਕਰਸ਼ਿਤ ਕੀਤਾ। ਉਹਨਾਂ ਨੂੰ ਫਸਟਏਡ ਵਰਗੀਆਂ ਜ਼ਰੂਰੀ ਮੁਢਲੀਆਂ ਸਹੂਲਤਾਂ ਦੀ ਜਾਚ ਸਿਖਾਈ ਅਤੇ ਲੋਕਾਂ ਨੂੰ ਡਾਕਟਰੀ ਪੜ੍ਹਨ ਵਾਲੇ ਪਾਸੇ ਪ੍ਰੇਰਿਤ ਕੀਤਾ। ਇਹ ਇੱਕ ਕ੍ਰਾਂਤੀ ਸੀ। ਸੀ ਐਮ ਸੀ ਸੰਸਥਾਨ ਤੁਫਾਨਾਂ ਚੋਂ ਨਿਕਲ ਕੇ ਆਪਣੇ ਪੈਰਾਂ 'ਤੇ ਖੜੋ ਗਿਆ। ਪਰ ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ ਹੈ: 
ਇਨ ਕਸ਼ਤੀਓਂ ਕਾ ਕਿਆ ਹੈ; ਅਕਸਰ ਯਹੀ ਹੁਆ ਹੈ 
ਤੁਫਾਨ ਸੇ ਨਿਕਲ ਕੇ ਸਾਹਿਲ ਪੈ ਡੂਬ ਜਾਏ। 
ਸਫਲਤਾ ਦੇ ਨਾਲ ਨਾਲ ਸੀ ਐਮ ਸੀ ਹਸਪਤਾਲ ਵਿੱਚ ਬਹੁਤ ਸਾਰੇ ਚੰਗੇ ਲੋਕ ਆਏ ਜਿਹਨਾਂ ਨੇ ਇਸ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਪਰ ਸਮੇਂ ਦੇ ਨਾਲ ਨਾਲ ਮਿਸ ਬਰਾਊਨ ਵਾਲੀ ਸੇਵਾ ਭਾਵਨਾ ਅਤੀਤ ਬਣਦੀ ਚਲੀ ਗਈ। ਕਾਰੋਬਾਰੀ ਯੁਗ ਦੀ ਚਮਕ ਦਮਕ ਅਤੇ ਇਸ ਯੁਗ ਦੀ ਕਾਬਲੀਅਤ ਅਤੇ ਮੁੱਖ ਜਰੂਰਤ ਸਮਝਿਆ ਜਾਂਦਾ ਪੈਸਾ ਇਸ ਸੰਸਥਾਨ ਅਤੇ ਇਸਦੇ ਨਾਲ ਜੁੜੇ ਅਹੁਦੇਦਾਰਾਂ 'ਤੇ ਵੀ ਭਾਰੂ ਹੋ ਗਿਆ। ਉਹੀ ਪੈਸਾ ਜਿਸ ਬਾਰੇ ਕਦੇ ਸਾਹਿਰ ਲੁਧਿਆਣਵੀ ਹੁਰਾਂ ਨੇ ਕਿਹਾ ਸੀ--
ਕਹਿਤੇ ਹੈਂ ਜਿਸੇ ਪੈਸਾ ਬੱਚੋ--ਯੇਹ ਚੀਜ਼ ਬੜੀ ਮਾਮੂਲੀ ਹੈ! 
ਲੇਕਿਨ ਇਸ ਪੈਸੇ ਕੇ ਪੀਛੇ ਸਬ ਦੁਨੀਆ ਰਸਤਾ ਭੂਲੀ ਹੈ।  
ਕਿਸੇ ਵੀ ਢੰਗ ਤਰੀਕੇ ਨਾਲ ਪੈਸਾ ਕਮਾਉਣ ਦੀ ਕਲਯੁਗੀ ਚਾਹਤ ਨੇ ਇਸ ਮਹਾਨ ਸੰਸਥਾਨ ਵਿੱਚ ਵੀ ਸੰਨ ਲਾ ਲਈ। ਇਸ ਚਾਹਤ ਦੇ ਨਾਲ ਹੀ ਇਸ ਨਾਲ ਜੁੜੀਆਂ ਬੁਰਾਈਆਂ ਵੀ ਇਸ ਸਿਸਟਮ ਵਿੱਚ ਦਾਖਿਲ ਹੋ ਗਈਆਂ। ਇਹਨਾਂ ਨੇ ਆਪਣਾ ਰੰਗ ਦਿਖਾਇਆ ਅਤੇ ਅੰਦਰਖਾਤੇ ਘੋਟਾਲੇ ਸ਼ੁਰੂ ਹੋ ਗਏ। 
ਦਰਅਸਲ, ਸੀਐਮਸੀ ਬਚਾਓ ਕਮੇਟੀ ਨੇ ਸੀਐਮਸੀ ਹਸਪਤਾਲ  ਵਿੱਚ ਨਵੇਂ ਅਪਰੇਸ਼ਨ ਥਿਏਟਰ ਦੀ ਬਿਲਡਿੰਗ ਦਾ ਠੇਕਾ ਚੇਅਰਮੈਨ ਰਜਿੰਦਰ ਗਿਆਨੀ ਦੇ ਬੇਟੇ ਅਭਿਸ਼ੇਕ ਗਿਆਨੀ ਨੂੰ 5 ਕਰੋੜ ਦੀ ਥਾਂ 9 ਕਰੋੜ ਰੁਪਏ ਵਿੱਚ ਦੇਣ ਦਾ ਦੋਸ਼ ਲਾਇਆ ਸੀ। ਕਮੇਟੀ ਮੈਂਬਰ ਸੈਮਸਨ ਡੋਗਰ ਨੇ ਕਿਹਾ ਸੀ ਕਿ ਸੀਐਮਸੀ ਹਸਪਤਾਲ ਦੇ ਨਿਯਮਾਂ ਮੁਤਾਬਕ ਕੋਈ ਵੀ ਸਟਾਫ਼ ਦਾ ਮੈਂਬਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਅਜਿਹਾ ਠੇਕਾ ਨਹੀਂ ਦੇ ਸਕਦਾ। ਇਸ ਨਾਲ ਇਹ ਪੂਰੀ ਤਰਾਂ ਸਾਫ ਹੋ ਗਿਆ ਸੀ ਕਿ ਡਾਈਰੈਕਟਰ ਨੇ  ਐਕਸਟੈਂਸ਼ਨ ਲਈ ਕਮੇਟੀ ਤੋਂ ਬਿਨਾਂ ਮਨਜ਼ੂਰੀ ਲਏ ਠੇਕਾ ਚੇਅਰਮੈਨ ਦੇ ਬੇਟੇ ਨੂੰ ਦਿੱਤਾ। ਇਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਕਮੇਟੀ ਨੇ ਕਈ ਹੋਰ ਵੀ ਦੋਸ਼ ਡਾਇਰੈਕਟਰ ਅਤੇ ਚੇਅਰਮੈਨ ਉੱਤੇ ਲਗਾਏ ਸਨ, ਜਿਨ੍ਹਾਂ ਵਿੱਚ ਡਾਇਰੈਕਟਰ ਵੱਲੋਂ ਸਟਾਫ ਮੈਂਬਰਾਂ ਦੇ ਤਬਾਦਲੇ ਕਰਨ ਅਤੇ ਭਰਤੀ ਵਰਗੇ ਮੁੱਦੇ ਸ਼ਾਮਲ ਸਨ। ਦੂਜੇ ਪਾਸੇ ਡਾਈਰੈਕਟਰ ਨੇ ਹਮੇਸ਼ਾ ਇਹੀ ਕਿਹਾ ਕਿ ਇਹ ਸਾਰੇ ਦੇ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਇਹ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੈ।
ਪਰ ਇਹਨਾਂ ਸਫਾਈਆਂ ਨਾਲ ਮਾਮਲਾ ਸ਼ਾਂਤ ਨਹੀਂ ਹੋਇਆ। ਸਾਫ਼ ਜ਼ਾਹਿਰ ਸੀ ਕੀ ਇਸ ਸਿਸਟਮ ਵਿੱਚੋਂ ਪਾਰਦਰਸ਼ਿਤਾ ਅਲੋਪ ਹੋ ਚੁੱਕੀ ਹੈ। ਸਖਤ ਪਹਿਰਿਆਂ ਵਾਲੇ ਬੰਦ ਕਮਰਿਆਂ 'ਚ ਹੁੰਦੀਆਂ ਮੀਟਿੰਗਾਂ ਨੇ ਇਸ ਵਿਵਾਦ ਨੂੰ ਹੋਰ ਹਵਾ ਦਿੱਤੀ। ਇੱਕ ਚਿੰਗਾਰੀ ਤੋਂ ਭੜਕਿਆ ਮਾਮਲਾ ਲਗਾਤਾਰ ਭੜਕਦਾ ਹੀ ਚਲਾ ਗਿਆ। ਬੰਦ ਕਮਰਿਆਂ ਵਾਲਾ ਮਾਮਲਾ ਸੜਕਾਂ ਤੇ ਆ ਗਿਆ। ਕ੍ਰਿਸਚਿਅਨ ਮੈਡੀਕਲ ਕਾਲਜ ਐਂਡ ਹਸਪਤਾਲ (ਸੀਐਮਸੀ) ਵਿੱਚ ਮੈਨੇਜਮੈਂਟ ਨੂੰ ਹਟਾਉਣ ਦੇ ਮੁੱਦੇ ’ਤੇ ਸੜਕਾਂ ’ਤੇ ਉਤਰੇ ਇਸਾਈ ਭਾਈਚਾਰੇ ਦੇ ਲੋਕਾਂ ਉੱਤੇ ਅੱਜ ਪੁਲੀਸ ਨੇ ਹਲਕਾ ਲਾਠੀਚਾਰਜ ਵੀ ਕੀਤਾ। ਇਹ ਲੋਕ ਕੈਲਵਰੀ ਚਰਚ ਵਿੱਚ ਪ੍ਰਾਰਥਨਾ ਸਭਾ ਤੋਂ ਬਾਅਦ ਸੀਐਮਸੀ ਵਿੱਚ ਹੋ ਰਹੀ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਆਪਣੇ ਪੱਖ ਰੱਖਣ ਲਈ ਜਾ ਰਹੇ ਸਨ, ਜਿਨ੍ਹਾਂ ਨੂੰ ਪਹਿਲਾਂ ਪੁਲੀਸ ਨੇ ਰੋਕਿਆ ਅਤੇ ਜਦ ਉਹ ਨਾ ਰੁਕੇ ਤਾਂ ਪੁਲੀਸ ਨੇ ਲੋਕਾਂ ’ਤੇ ਲਾਠੀਚਾਰਜ ਕੀਤਾ। ਲੋਕਾਂ ਨੇ ਲਾਠੀਚਾਰਜ ਦੇ ਜਵਾਬ ਵਿੱਚ ਪੁਲੀਸ ’ਤੇ ਪੱਥਰਾਅ ਵੀ ਕੀਤਾ ਅਤੇ ਦੋਸ਼ ਲਾਇਆ ਕਿ ਲਾਠੀਚਾਰਜ ਦੌਰਾਨ ਪਾਸਟਰ ਕਮੇਟੀ ਦੇ ਮੈਂਬਰ ਸੈਮਸਨ ਡੋਗਰ ਦੇ ਸਿਰ ’ਚ ਸੱਟਾਂ ਵੀ ਲੱਗੀਆਂ ਹਨ। ਉੱਧਰ ਦੇਰ ਸ਼ਾਮ ਤੱਕ  ਗਵਰਨਿੰਗ ਬਾਡੀ ਦੀ ਮੀਟਿੰਗ ਜਾਰੀ ਸੀ। ਗਵਰਨਿੰਗ ਬਾਡੀ ਦੀ ਮੀਟਿੰਗ ਨੂੰ ਲੈ ਕੇ ਸਵੇਰ ਤੋਂ ਹੀ ਪੁਲੀਸ ਛਾਉਣੀ ਵਿੱਚ ਤਬਦੀਲ ਸੀ। ਇੱਕ ਅਜੀਬ ਜਿਹਾ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਸੀ। 
ਦੂਜੇ ਪਾਸੇ ਅੱਜ ਇਸ ਸਬੰਧੀ ਕਲਵਰੀ ਚਰਚ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਰੱਖੀ ਗਈ ਸੀ, ਜਿਸ ਵਿੱਚ ਪੂਰੇ ਪੰਜਾਬ ਤੋਂ ਇਸਾਈ ਭਾਈਚਾਰੇ ਦੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਸੀਐਮਸੀ ਦੀ ਮੌਜੂਦਾ ਮੈਨੇਜਮੈਂਟ ਵੱਲੋਂ ਕਥਿਤ ਤੌਰ ’ਤੇ ਕੀਤੇ ਜਾ ਰਹੇ ਘਪਲਿਆਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਸੀਐਮਸੀ ਨੂੰ ਬਚਾਉਣ ਖਾਤਰ ਉਹ ਆਪਣੀ ਜਿੰਦ ਜਾਨ ਲਗਾ ਦੇਣਗੇ। ਕਮੇਟੀ ਮੈਂਬਰ ਸੈਮਸਨ ਡੋਗਰ ਨੇ ਦੋਸ਼ ਲਾਇਆ ਕਿ ਉਹ ਆਪਣੀ ਸਾਰੇ ਗੱਲ ਗਵਰਨਿੰਗ ਬਾਡੀ ਅੱਗੇ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਭਲਕੇ ਦਾ ਸਮਾਂ ਦਿੱਤਾ ਗਿਆ, ਜੋ ਕਿ ਉਨ੍ਹਾਂ ਨੂੰ ਮਨਜ਼ੂਰ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਪ੍ਰਾਰਥਨਾ ਸਭਾ ਖਤਮ ਕਰਨ ਤੋਂ ਬਾਅਦ ਸਾਰੇ ਲੋਕਾਂ ਦੇ ਨਾਲ ਚਰਚ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਤੋਂ ਬਾਅਦ ਵੀ ਗਵਰਨਿੰਗ ਬਾਡੀ ਨੇ ਜਦ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਧਰਨਾਕਾਰੀ ਉੱਠ ਕੇ ਸੀਐਮਸੀ ਵਿੱਚ ਹੋ ਰਹੀ ਮੀਟਿੰਗ ਵਿੱਚ ਆਪਣੀ ਗੱਲ ਰੱਖਣ ਲਈ ਤੁਰ ਪਏ, ਜਿੱਥੇ ਪੁਲੀਸ ਨੇ ਅੱਗੇ ਵੱਧ ਰਹੇ ਲੋਕਾਂ ਨੂੰ ਰੋਕਿਆ ਅਤੇ ਜਦ ਭੀਡ਼ ਬੇਕਾਬੂ ਹੋ ਗਈ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ।
ਇਸ ਦੌਰਾਨ ਮੀਟਿੰਗ ਵਿੱਚ ਮੌਜੂਦ ਬਿਸ਼ਪ ਯੂਨਸ ਮਸੀਹ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਨਾਲ ਹੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਮੇਟੀ ਮੈਂਬਰਾਂ ਦੀ ਅੱਜ ਹੀ ਦੇਰ ਸ਼ਾਮ ਤੋਂ ਬਾਅਦ ਗੱਲ ਸੁਣੀ ਜਾਏਗੀ। ਇਸ ਤੋਂ ਬਾਅਦ ਲੋਕ ਉੱਥੇ ਧਰਨਾ ਲਾ ਕੇ ਬੈਠ ਗਏ।  ਏਡੀਸੀਪੀ ਅਮਰੀਕ ਸਿੰਘ ਪਵਾਰ ਦਾ ਕਹਿਣਾ ਹੈ ਕਿ ਪੁਲੀਸ ਨੇ ਲੋਕਾਂ ਨੂੰ ਹਟਾਉਣ ਲਈ ਹਲਕਾ ਲਾਠੀਚਾਰਜ ਕੀਤਾ ਸੀ। ਲੋਕਾਂ ਦੇ ਜ਼ਖਮਾਂ ਦਾ ਇਲਾਜ ਕਰਨ ਵਾਲੇ ਸੰਸਥਾਨ ਸੀਐਮਸੀ ਹਸਪਤਾਲ ਵਿੱਚ ਪੁਲਿਸ ਦੀਆਂ ਲਾਠੀਆਂ ਨੇ ਕਈਆਂ ਨੂੰ  ਜ਼ਖਮੀ ਕਰ ਦਿੱਤਾ ਸੀ। 
ਇਸੇ ਦੌਰਾਨ ਪਿੱਲੇ -ਇੰਪਲਾਈਜ਼ ਵੈੱਲਫੇਅਰ ਸੁਸਾਇਟੀ ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਪ੍ਰਧਾਨ ਤੁਲਸੀਸਰਨ ਪਿੱਲੇ ਨੇ ਚਰਚ ਆਫ ਨਾਰਥ ਇੰਡੀਆ ਦੇ ਸੈਕਟਰੀ ਸੇਮਸਨ ਡੋਗਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸੀ. ਐੱਮ. ਸੀ. ਦੀ ਸ਼ਾਂਤੀ ਭੰਗ ਕਰਨ ਦੇ ਲਈ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਉਨ੍ਹਾਂ ਨੂੰ ਮੈਨੇਜਮੈਂਟ ਦਾ ਸਾਥ ਨਾ ਦੇਣ ਦੇ ਲਈ ਧਮਕਾਇਆ ਵੀ ਜਾ ਰਿਹਾ ਹੈ ਤੇ ਡੋਗਰ ਹਸਪਤਾਲ ਦੇ ਮੁਲਾਜ਼ਮਾਂ ਨੂੰ ਭੜਕਾ ਕੇ ਹਸਪਤਾਲ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਹਨਾਂ ਚੋਣ ਸਚ੍ਚ ਕੌਣ ਬੋਲ ਰਿਹਾ ਹੈ ਇਸਦਾ ਪਤਾ ਤਾਂ ਸਮਾਂ ਆਉਣ ਤੇ ਹੀ ਲੱਗ ਸਕੇਗਾ ਪਰ ਇਸ੍ਵ ਮਾਮਲੇ ਬਾਰੇ ਇੱਕ ਹੋਰ ਅਹਿਮ ਖਬਰ ਆਈ ਹੈ। 
ਗਵਰਨਿੰਗ ਬਾਡੀ ਮੀਟਿੰਗ 'ਚ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ 'ਤੇ ਸਹਿਮਤੀ : ਗਵਰਨਿੰਗ ਬਾਡੀ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਸੀ. ਐੱਮ. ਸੀ. ਦੇ ਚੇਅਰਮੈਨ ਡਾ. ਰਾਜਿੰਦਰ ਗਿਆਨੀ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਦੀ ਸਹਿਮਤੀ ਦੇ ਬਾਅਦ ਹੀ ਧਰਨਾ ਸਮਾਪਤ ਹੋਇਆ। ਜ਼ਿਲਾ ਪ੍ਰਸ਼ਾਸਨ ਵਲੋਂ ਹਸਪਤਾਲ ਪ੍ਰਬੰਧਕ ਕਮੇਟੀ ਤੇ ਵਿਰੋਧੀਆਂ ਦੇ ਵਿਚਕਾਰ ਚਲ ਰਹੀ ਤਕਰਾਰ ਨੂੰ ਖਤਮ ਕਰਨ ਦੇ ਲਈ ਇਸ ਫੈਸਲੇ 'ਤੇ ਸਹਿਮਤੀ ਦਿੱਤੀ ਗਈ ਤਾਂ ਕਿ ਮਰੀਜ਼ਾਂ ਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਐੱਸ. ਡੀ. ਐੱਮ. ਸ. ਪਰਮਜੀਤ ਸਿੰਘ ਤੇ ਏ. ਡੀ. ਸੀ. ਅਮਰੀਕ ਸਿੰਘ ਨੇ ਮੁਖ ਭੂਮਿਕਾ ਨਿਭਾਈ। ਇਸ ਮੌਕੇ ਕੀਤੀ ਗਈ ਗਵਰਨਿੰਗ ਮੀਟਿੰਗ ਦੇ ਬਾਅਦ ਚੇਅਰਮੈਨ ਡਾ. ਰਾਜਿੰਦਰ ਗਿਆਨੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਦੂਜੇ ਪਾਸੇ ਜਦ ਚੇਅਰਮੈਨ ਡਾ. ਰਾਜਿੰਦਰ ਗਿਆਨੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਸਵਿਚ ਆਫ ਰਿਹਾ। ਹੁਣ ਦੇਖਣਾ ਹੈ ਕਿ ਕੁਰੱਪਸ਼ਨ ਦੇ ਦੋਸ਼ਾਂ ਵਾਲੇ ਦਾਗ ਨੂੰ ਧੋਣ ਲਈ ਅਤੇ ਸਿਸਟਮ ਵਿੱਚ ਪਾਰਦਰਸ਼ਿਤਾ ਲਿਆਉਣ ਲਈ ਕੀ ਕੀ ਕਦਮ ਚੁੱਕੇ ਜਾਂਦੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਇਸ ਅਗਨੀ ਪ੍ਰੀਖਿਆ ਵਿੱਚ ਮਿਸ ਬਰਾਊਨ ਦੀ ਸੱਚੀ ਸੁੱਚੀ ਸੇਵਾ ਭਾਵਨਾ ਦੀ ਜਿੱਤ ਹੋਵੇਗੀ ਅਤੇ ਇਹ ਸੰਸਥਾਨ ਲੋਕਾਂ ਦੀ ਸਿਹਤ ਸੰਭਾਲ ਵਿੱਚ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਨਿਕਲੇਗਾ। 

No comments: