Tuesday, September 23, 2014

ਤਰਕਸ਼ੀਲਤਾ!!!


ਦੋ ਕੁ ਸਾਲ ਪਹਿਲਾਂ ਟਰਾਂਟੋ ਦੀ ਤਰਕਸ਼ੀਲ ਸੋਸਾਇਟੀ ਨੇ ਆਪਣੇ ਸਾਲਾਨਾ ਮੇਲੇ 'ਤੇ ਨਾਟਕ ਖੇਡਣ ਲਈ ਇੰਡੀਆ ਤੋਂ ਅਜਮੇਰ ਔਲਖ ਤੇ ਉਹਦੀ ਪਤਨੀ ਨੂੰ ਬੁਲਾਇਆ। ਔਲਖ ਨੇ ਡੇਢ ਦੋ ਮਹੀਨੇ ਪਹਿਲਾਂ ਆ ਕੇ ਨਾਟਕ ਲਈ ਢੁਕਵੇਂ ਐਕਟਰਾਂ ਦੀ ਭਾਲ ਕੀਤੀ। ਉਨ੍ਹਾਂ ਨੂੰ ਟਰੇਨਿੰਗ ਦਿੱਤੀ ਰੀਹਰਸਲਾਂ ਕਾਰਵਾਈਆਂ। ਔਲਖ ਨਾਲ ਮੇਰੀ ਜਜ਼ਬਾਤੀ ਤੇ ਵਿਚਾਰਾਂ ਦੀ ਸਾਂਝ ਹੈ। ਅਸੀਂ ਇਕੱਠੇ ਹੀ ਨਾਟਕ ਤੇ ਕਹਾਣੀ ਦੇ ਖੇਤਰ ਵਿਚ ਉਦੈ ਹੋਏ। ਮੇਰੀ ਕਹਾਣੀ ਭੱਜੀਆਂ ਬਾਹੀਂ 'ਤੇ ਨਾਟਕ ਤਿਆਰ ਕਰ ਕੇ ਔਲਖ ਨੇ ਸਾਰੇ ਹਿੰਦੁਸਤਾਨ ਵਿਚ ਦੋ ਸੌ ਤੋਂ ਵੱਧ ਸ਼ੋਅ ਕੀਤੇ। ਇੰਜ ਹੀ ਆਪਣਾ ਆਪਣਾ ਹਿੱਸਾ ਦੇ ਡੇਢ ਸੌ ਤੋਂ ਵੱਧ ਸ਼ੋਅ ਕੀਤੇ। ਤਰਕਸ਼ੀਲ ਸੋਸਾਇਟੀ ਵਾਲੇ ਪਰੋਗਰਾਮ 'ਤੇ ਮੈਂ ਬੀਮਾਰ ਹੋਣ ਕਰ ਕੇ ਚਾਹੁੰਦਿਆਂ ਹੋਇਆਂ ਵੀ ਪਹੁੰਚ ਨਾ ਸਕਿਆ ਤਾਂ ਅਗਲੇ ਅਗਲੇਰੇ ਦਿਨ ਮੇਰਾ ਬੀਮਾਰ ਹੋਣਾ ਸੁਣ ਕੇ ਔਲਖ ਮੈਨੂੰ ਘਰ ਮਿਲਣ ਆਇਆ। ਮੈਂ ਹੋਏ ਨਾਟਕ ਬਾਰੇ ਜਾਨਣਾ ਚਾਹਿਆ ਤਾਂ ਪਰੇਸ਼ਾਨ ਤੇ ਉਦਾਸ ਹੋਏ ਔਲਖ ਨੇ ਦੱਸਿਆ ਕਿ ਸੋਸਾਇਟੀ ਵਾਲੇ ਪਹਿਲਾਂ ਹੋਰ ਪ੍ਰੋਗਰਾਮ ਕਰਦੇ ਰਹੇ। ਕਦੀ ਗਾਉਣ ਵਜਾਉਣ ਦਾ; ਕਦੀ ਜਾਦੂ ਟੁਣਿਆਂ ਬਾਰੇ। ਜਦੋਂ ਨਾਟਕ ਖੇਡਿਆ ਜਾਣ ਲੱਗਾ ਤਾਂ ਅਜੇ ਅੱਧਾ ਕੁ ਨਾਟਕ ਹੋਇਆ ਸੀ ਕਿ ਹਾਲ ਦੀ ਬੁਕਿੰਗ ਦਾ ਟਾਈਮ ਖ਼ਤਮ ਹੋ ਗਿਆ ਤੇ ਹਾਲ ਵਾਲਿਆਂ ਦੇ ਕਹਿਣ 'ਤੇ ਨਾਟਕ ਨੂੰ ਵਿਚਾਲੇ ਹੀ ਬੰਦ ਕਰ ਦੇਣ ਲਈ ਮਜਬੂਰ ਹੋਣਾ ਪਿਆ। ਇਹੋ ਹੀ ਕਾਰਨ ਸੀ ਔਲਖ ਦੀ ਉਦਾਸੀ ਦਾ। ਉਹਦੀ ਦੋ ਮਹੀਨੇ ਤੋਂ ਕੀਤੀ ਮਿਹਨਤ ਰੁਲ ਗਈ ਸੀ। ਮੈਂ ਔਲਖ ਦਾ ਦਿਲ ਧਰਾਉਣ ਤੇ ਖ਼ੁਸ਼ ਕਰਨ ਲਈ ਨਜ਼ਾਮਦੀਨ ਦਾ ਇਕ ਲਤੀਫ਼ਾ ਸੁਣਾਇਆ:

-ਇਕ ਵਾਰ ਕੋਈ ਰਾਹਗੀਰ ਕਿਸੇ ਪਿੰਡ ਵਿਚੋਂ ਲੰਘ ਰਿਹਾ ਸੀ। ਭੁੱਖ ਲੱਗੀ ਹੋਈ ਸੀ। ਪੈਂਡਾ ਲੰਮਾ ਸੀ। ਉਸਨੇ ਕਿਸੇ ਘਰ ਦਾ ਦਰਵਾਜ਼ਾ ਖੜਕਾਇਆ। ਉਹਨੀ ਦਿਨੀਂ ਕੋਈ ਵੀ ਰਾਹਗੀਰ ਰੋਟੀ-ਪਾਣੀ ਛਕਣ ਲਈ ਕਿਸੇ ਵੀ ਘਰ ਦਾ ਦਰਵਾਜ਼ਾ ਖੜਕਾ ਸਕਦਾ ਸੀ। ਕਿਸੇ ਮਾਈ ਨੇ ਦਰਵਾਜ਼ਾ ਖੋਲ੍ਹਿਆ। ਰਾਹੀ ਦੇ ਕਹਿਣ 'ਤੇ ਆਦਰ ਨਾਲ ਮੰਜੇ 'ਤੇ ਬਠਾਇਆ। ਰੋਟੀ ਪਾ ਕੇ ਦਿੱਤੀ। ਥਾਲੀ ਵਿਚ ਰੱਖੀ ਰੋਟੀ ਮੁੱਕਣ ਲੱਗੀ ਤਾਂ ਮਾਈ ਨੇ ਹੋਰ ਫ਼ੁਲਕਾ ਲੈਣ ਲਈ ਪੁੱਛਿਆ। ਰਾਹੀ ਕਹਿੰਦਾ, "ਚਲੋ ਰਹਿਣ ਦਿਓ।" ਮਾਈ ਕਹਿੰਦੀ, "ਰਹਿਣ ਦਿਓ ਦਾ ਕੀ ਮਤਲਬ? ਜੇ ਰੱਜ ਗਿਐਂ ਤਾਂ ਰਹਿਣ ਦਿੰਦੀ ਆਂ। ਜੇ ਭੁੱਖ ਐ ਤਾਂ ਲੈ ਲੈ।" ਉਹਨੇ ਫੁਲਕਾ ਰਖਾ ਲਿਆ। ਮਾਈ ਨੇ ਹੋਰ ਫੁਲਕੇ ਬਾਰੇ ਪੁੱਛਿਆ ਤਾਂ ਕਹਿੰਦਾ, "ਨਹੀਂ, ਹੁਣ ਨੀ ਲੋੜ। ਰੱਜ ਗਿਆਂ।" ਮਾਈ ਕਹਿੰਦੀ , "ਲੈ ਲੈ ਲੈ ਲੈ। ਅਜੇ ਤੂੰ ਪੈਂਡਾ ਕਰਨਾ ਏਂ।" ਉਹਨੇ ਹੋਰ ਫੁਲਕਾ ਲੈ ਲਿਆ। ਫਿਰ ਵੀ ਉਹਨੇ ਦੋ ਚਾਰ ਵਾਰ ਇੰਜ ਹੀ ਨਾਂਹ ਕੀਤੀ ਪਰ ਮਾਈ ਦੇ ਕਹਿਣ 'ਤੇ ਫ਼ੁਲਕਾ ਲੈ ਲੈਂਦਾ ਰਿਹਾ। ਜਦੋਂ ਜਾਣ ਲੱਗਾ ਤਾਂ ਮਾਈ ਨੇ ਪੁੱਛਿਆ, " ਦੱਸ ਤਾਂ ਸਹੀ ਕੰਮ ਕੀ ਕਰਦਾ ਹੁੰਦਾਂ?"
ਕਹਿੰਦਾ, "ਮਾਤਾ! ਮੈਂ ਪਟਵਾਰੀ ਆਂ। ਜੇ ਕਿਤੇ ਆਪਣੀ ਜ਼ਮੀਨ ਦਾ ਹਿਸਾਬ ਕਿਤਾਬ ਜਾਂ ਗਿਣਤੀ ਮਿਣਤੀ ਕਰਾਉਣੀ ਹੋਈ ਤਾਂ ਮੈਨੂੰ ਹੁਕਮ ਕਰੀਂ।"
ਮਾਤਾ ਕਹਿੰਦੀ, "ਨਖ਼ਾਫ਼ਣਿਆਂ ਤੂੰ ਸਵਾਹ ਦਾ ਪਟਵਾਰੀ ਏਂ। ਤੈਥੋਂ ਤਾਂ ਆਪਣੇ ਢਿੱਡ ਦੀ ਗਿਣਤੀ ਮਿਣਤੀ ਨਹੀਂ ਹੁੰਦੀ। ਜ਼ਮੀਨਾਂ ਖ਼ੇਹ ਤੇ ਸਵਾਹ ਮਿਣਦਾ ਹੋਏਂਗਾ!"\
ਲਤੀਫ਼ਾ ਸੁਣਾ ਕੇ ਮੈਂ ਔਲਖ ਨੂੰ ਕਿਹਾ, "ਔਲਖ ਸਾਹਿਬ! ਫਿਰ ਤਾਂ ਉਸ ਪਟਵਾਰੀ ਵਰਗੀ ਹੀ ਹੋਈ ਇਹ ਤਰਕਸ਼ੀਲ ਸੋਸਾਇਟੀ। ਜਿਹੜੀ ਸੋਸਾਇਟੀ ਆਪਣੇ ਪ੍ਰੋਗਰਾਮ ਦੇ ਸਮੇਂ ਦੀ ਤਰਕਸ਼ੀਲ ਵੰਡ ਨਹੀਂ ਕਰ ਸਕਦੀ। ਉਹ ਜ਼ਿੰਦਗੀ ਦੇ ਹੋਰ ਮਸਲਿਆਂ ਬਾਰੇ ਕਿਹੋ ਜਿਹਾ ਤਰਕਸ਼ੀਲ ਰਵੱਈਆ ਰੱਖਦੀ ਹੋਊ?"
ਔਲਖ ਖਿੜ ਖਿੜਾ ਕੇ ਹੱਸਿਆ। ਉਹਦੀ ਉਦਾਸੀ ਧੁਪ ਗਈ ਸੀ।
ਔਲਖ ਦਾ ਨਾਟਕ ਕਰਨ ਲਈ ਸੋਸਾਇਟੀ ਨੂੰ ਦੋਬਾਰਾ ਪਰੋਗਰਾਮ ਕਰਨਾ ਪਿਆ।


Unlike
Unlike ·  · 

No comments: