Sunday, September 28, 2014

ਲੁਧਿਆਣਾ: ਚਾਂਦ ਕਲੋਨੀ ਵਿੱਚ ਹੋਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ

ਪ੍ਰਿੰਸੀਪਲ ਕੁਸਮਲਤਾ ਨੇ ਦਿੱਤਾ ਸਾਰੇ ਵਖਰੇਵਿਆਂ ਤੋਂ ਉੱਪਰ ਉਠਣ ਦਾ ਸੱਦਾ 
ਲੁਧਿਆਣਾ: 28 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਰਵਾਇਤੀ ਅਤੇ ਰਸਮੀ ਸਮਾਗਮਾਂ ਦੀ ਭੀੜ ਦੇ ਬਾਵਜੂਦ ਅੱਜ ਸ਼ਹੀਦ-ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਇੰਨਕ਼ਲਾਬੀ ਜੋਸ਼ੋ ਖਰੋਸ਼ ਨਾਲ ਵੀ ਮਨਾਇਆ ਗਿਆ। ਇਹਨਾਂ ਸਮਾਗਮਾਂ ਵਿੱਚ ਭੀੜ ਭਾਵੇਂ ਘੱਟ ਸੀ ਪਰ ਜਿੰਨੇ ਕੁ ਲੋਕ ਮੌਜੂਦ ਸਨ ਉਹਨਾਂ ਸਰਦਾਰ ਭਗਤ ਦੇ ਵਿਚਾਰਾਂ ਦੀ ਗੱਲ ਕੀਤੀ, ਲੋਕਾਂ ਦੀ ਗੱਲ ਕੀਤੀ, ਲੋਕਾਂ ਦੇ ਭਲੇ ਦੀ ਗੱਲ ਕੀਤੀ ਅਤੇ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਦੀ ਗੱਲ ਕੀਤੀ। ਨਾ ਹਾਰਾਂ ਦੀ ਰਸਮ, ਨਾ ਕੇਕ ਕੱਟਣ ਦਾ ਡ੍ਰਾਮਾ ਤੇ ਨਾ ਹੀ ਕੋਈ ਨਾਅਰੇਬਾਜੀ।  ਸਿਰਫ ਅਤੇ ਸਿਰਫ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਅਤੇ ਅਜੋਕੀ ਸਥਿਤੀ ਦੀ ਚਰਚਾ। ਇੰਝ ਲੱਗਦਾ ਸੀ ਜਿਵੇਂ ਕਿ ਚੋਰਾਹੇ ਵਿੱਚ ਕੋਈ ਗੰਭੀਰ ਸੈਮੀਨਾਰ ਹੋ ਰਿਹਾ ਹੋਵੇ।
ਰਿਸ਼ੀ ਨਗਰ ਦੀ ਚਾਂਦ ਕਲੋਨੀ ਵਿੱਚ ਕਾਮਰੇਡ ਤੇਜਾ ਸਿੰਘ ਮੈਮੋਰੀਅਲ ਕਮੇਟੀ ਵੱਲੋਂ ਇੱਕ ਛੋਟਾ ਪਰ ਗੰਭੀਰ ਉੱਦਮ ਕੀਤਾ ਗਿਆ। ਵੱਡੇ ਚੋਰਾਹੇ ਵਿੱਚ ਇੱਕ ਛੋਟੀ ਜਿਹੀ ਨੁੱਕੜ ਅਤੇ ਇਸ ਨੁੱਕੜ ਵਿੱਚ ਬਸ 40-50 ਵਿਅਕਤੀ। ਜਦੋਂ ਮੈਂ ਉੱਥੇ ਪਹੁੰਚਿਆ ਉਦੋਂ ਅਗਾਂਹਵਧੂ ਏਡ੍ਰ ਅਤੇ ਪ੍ਰਿੰਸੀਪਲ ਕੁਸੁਮ ਲਤਾ ਦਾ ਭਾਸ਼ਣ ਚੱਲ ਰਿਹਾ ਸੀ। ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਇਸ ਭਾਸ਼ਣ ਵਿੱਚ ਲੋਕਾਂ ਦੇ ਦਿਲਾਂ ਨੂੰ ਟੁੰਬਿਆ ਗਿਆ ਸੀ। ਉਹਨਾਂ ਦੇ ਵਿਚਾਰਾਂ ਨੂੰ ਹਲੂਣਾ ਦਿੱਤਾ ਗਿਆ ਸੀ। ਭਗਤ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀ ਬਾਣੀ ਦੀ ਗੱਲ ਵੀ ਕੀਤੀ।
ਉਹਨਾਂ ਕਿਹਾ ਕਿ ਚੰਗੇ ਇਨਸਾਨ ਬਣੋ। ਪਾਰਟੀਆਂ ਅਤੇ ਮਜ਼ਹਬੀ ਵਖਰੇਵਿਆਂ ਤੋਂ ਉੱਪਰ ਉਠ ਕੇ ਇਨਸਾਨ ਦੇ ਭਲੇ ਦੀ ਗੱਲ ਸੋਚੋ। ਇਸ ਭਲੇ ਲਈ ਉੱਦਮ ਉਪਰਾਲੇ ਕਰੋ ਤਾਂ ਹੀ ਸਦਾ ਇਹ ਦਿਨ ਮਨਾਉਣ ਦਾ ਮਕਸਦ ਸਫਲ ਹੋ ਸਕਦਾ ਹੈ। ਉਹਨਾ ਇਸ ਪੱਖ ਤੋਂ ਵੀ ਸਾਵਧਾਨ ਕੀਤਾ ਕਿ ਜੇ ਕੋਈ ਨੇਤਾ ਸਾਡੇ ਦੇਸ਼ ਨੂੰ ਗੁਲਾਮੀ ਵਾਲੇ ਪਾਸੇ ਲੈ ਕੇ ਜਾਵੇ ਤਾਂ ਉਸਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕਿਸੇ ਵੀ ਨੇਤਾ ਦੇ ਚੰਗੇ ਜਾਂ ਮਾੜੇ ਹੋਣ ਦੀ ਕਸੌਟੀ ਸਿਰਫ ਵਿਕਾਸ ਅਤੇ ਭਲੇ ਦੇ ਕੰਮਾਂ ਨੂੰ ਹੀ ਬਣਾਇਆ ਜਾਣਾ ਚਾਹੀਦਾ ਹੈ। 
ਮੈਂ ਦੇਰ ਨਾਲ ਪਹੁੰਚਿਆ ਸਾਂ ਇਸ ਲਈ ਪ੍ਰਗਤੀਸ਼ੀਲ ਲਹਿਰਾਂ ਦੇ  ਉਘੇ ਆਗੂ ਡੀ ਪੀ ਮੌੜ , ਕਾਮਰੇਡ ਗੁਰਨਾਮ ਸਿੰਘ ਸਿਧੂ, ਐਮ ਐਸ ਭਾਟੀਆ ਅਤੇ ਕਈ ਹੋਰਾਂ ਦੇ ਵਿਚਾਰ ਨਹੀਂ ਸੁਨ ਸਕਿਆ। ਬਾਕੀ ਦੇ ਸਾਥੀਆਂ ਤੋਂ ਪਤਾ ਲੱਗਿਆ ਕਿ ਜਮਾਲਪੁਰ ਵਾਲੀ ਸ਼ੂਟ-ਆਊਟ ਅਤੇ ਕਈ ਹੋਰ ਲੋਕ ਮਸਲੇ ਵੀ ਅੱਜ ਦੀ ਚਰਚਾ ਦਾ ਭਾਗ ਬਣੇ। ਅਖੀਰ ਵਿੱਚ ਕਾਮਰੇਡ ਰਣਧੀਰ ਸਿੰਘ ਨੇ ਸਾਰੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਰਾਤ ਘਟੋਘੱਟ ਪੰਜ ਪੰਜ ਮੋਮਬੱਤੀਆਂ ਆਪੋ ਆਪਣੇ ਘਰਾਂ ਅੱਗੇ ਜਰੁਰ ਲਿਜਾਣ ਤਾਂ ਕੀ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਮਹਾਂ ਲੋਕ ਨਾਇਕ ਦੇ ਜਨਮਦਿਨ ਦਾ ਪਤਾ ਲੱਗ ਸਕੇ। 

No comments: