Tuesday, September 16, 2014

ਮਗਨਰੇਗਾ ਮੁਲਾਜ਼ਮਾਂ ਦਾ ਸੰਘਰਸ਼ ਹੋਇਆ ਹੋਰ ਤਿੱਖਾ

22 ਸਤੰਬਰ ਤੋਂ ਵਿਕਾਸ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ
ਲੁਧਿਆਣਾ: 15 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਹਰ ਖੇਤਰ ਵਿੱਚ ਮਹਿੰਗਾਈ ਵਧੀ ਅਤੇ ਹਰ ਖੇਤਰ ਵਿੱਚ ਮੁਨਾਫਾ ਵੀ ਵਧਿਆ ਪਰ ਮਗਨਰੇਗਾ ਕਰਮਚਾਰੀ ਪਿਛਲੇ ਛੇ ਸਾਲਾਂ ਤੋਂ  ਨਿਗੁਣੀਆਂ ਜਿਹੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਤਨਖਾਹ ਵਿੱਚ ਵਾਧੇ ਦੇ ਨਾਲ ਨਾਲ  ਮੰਗਾਂ ਵੀ ਉਹਨਾਂ ਨੇ ਉਠਾਈਆਂ ਹਨ।  ਇਹਨਾਂ ਮੰਗਾਂ ਨੂੰ ਲੈ ਕੇ ਓਹ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਦੇ ਰਸਤੇ ਤੇ ਹਨ।  ਕਲਮ-ਛੋੜ ਹੜਤਾਲ, ਧਰਨੇ ਅਤੇ ਰੋਸ ਮੁਜ਼ਾਹਰੇ ਹੁਣ ਉਹਨਾਂ ਦੇ ਰੂਟੀਨ ਵਿੱਚ ਸ਼ਾਮਿਲ ਹੋ ਚੁੱਕੇ ਹਨ ਕਿਓਂਕਿ ਸੱਤੇ ਹੋਏ ਵਿਅਕਤੀ ਕੋਲ ਸੰਘਰਸ਼ਾਂ ਬਿਨਾ ਕੋਈ ਚਾਰਾ  ਹੀ ਨਹੀਂ ਹੁੰਦਾ।  ਭਰਾਤਰੀ ਸੰਗਠਨਾਂ ਦੇ ਆਗੂ ਵੀ ਉਹਨਾਂ ਦਾ ਸਾਥ ਦੇ ਰਹੇ ਹਨ। 
ਲੁਧਿਆਣਾ ਵਿੱਚ ਵੀ ਮਗਨਰੇਗਾ ਕਰਮਚਾਰੀ ਸੰਘਰਸ਼ ਦੇ ਰਸਤੇ 'ਤੇ ਹਨ। ਏਡੀਸੀ (ਵਿਕਾਸ) ਦੇ ਦਫਤਰ ਸਾਹਮਣੇ ਇਹਨਾਂ ਮੁਲਾਜ਼ਮਾਂ ਨੇ ਧਰਨਾ ਦਿੱਤਾ ਅਤੇ ਤਿੱਖੀ ਨਾਅਰੇਬਾਜ਼ੀ ਵੀ ਕੀਤੀ। ਇਸ ਧਰਨੇ ਵਿੱਚ ਔਰਤਾਂ ਵੀ ਵਧ ਚੜ੍ਹ ਕੇ ਸ਼ਾਮਿਲ ਹੋਈਆਂ।  ਇਸ ਮੌਕੇ ਗੁਰਮੇਲ ਸਿੰਘ ਮੈਂਡਲੈ, ਜਸਵੀਰ ਸਿੰਘ ਏਪੀਓ, ਰਮਨਦੀਪ ਕੌਰ ਏਪੀਓ, ਨਰਜੀਤ ਕੌਰ ਏਪਿਓ, ਅਮਨਿੰਦਰ ਸਿੰਘ ਏਪੀਓ, ਜਗਜੀਤ ਸਿੰਘ ਸੁਧਾਰ, ਲਖਵੀਰ ਸਿੰਘ, ਪ੍ਰਭਜੋਤ ਸਿੰਘ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਵਿਨੀਤ ਆਦਿ ਆਗੂਆਂ ਨੇ ਵੀ ਭਾਗ ਲਿਆ।
ਸੰਗਰੂਰ: ਸੰਗਰੂਰ ਵਿੱਚ ਵੀ ਇਹ ਸੰਘਰਸ਼ ਜਾਰੀ ਹੈ। ਆਪਣੀਆਂ ਮੰਗਾਂ ਮਨਵਾਉਣ ਲਈ ਪਿਛਲੇ 19 ਦਿਨਾਂ ਤੋਂ ਕਲਮ-ਛੋੜ ਹੜਤਾਲ ‘ਤੇ ਚੱਲ ਰਹੇ ਮਗਨਰੇਗਾ ਕਰਮਚਾਰੀਆਂ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਅੱਜ ਇੱਥੇ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਜ਼ਿਲ੍ਹਾ ਪੱਧਰੀ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।  

ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮਗਨਰੇਗਾ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਨੇ ਕਿਹਾ ਕਿ ਸਰਕਾਰ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਪਿਛਲੇ 19 ਦਿਨਾਂ ਤੋਂ ਕਲਮ-ਛੋੜ ਹੜਤਾਲ ਕਰਕੇ ਬਲਾਕ ਪੱਧਰ ‘ਤੇ ਰੋਸ ਧਰਨੇ ਦੇਣ ਦੇ ਬਾਵਜੂਦ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਜਿਸ ਕਰਕੇ ਜ਼ਿਲ੍ਹਾ ਪੱਧਰੀ ਰੋਸ ਧਰਨੇ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਲੈ ਕੇ ਕਰਮਚਾਰੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਕਰਮਚਾਰੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਗੁਆਂਢੀ ਜ਼ਿਲਿਆਂ ਦੇ ਮੁਕਾਬਲੇ ਘੱਟ ਹਨ ਅਤੇ ਗ੍ਰਾਮ ਸੇਵਕਾਂ ਨੂੰ ਕੋਈ ਫਿਕਸ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਲਦ ਕੋਈ ਹੱਲ ਨਾ ਹੋਇਆ ਤਾਂ 22 ਸਤੰਬਰ ਤੋਂ ਵਿਕਾਸ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਰਾਜ ਸਰਕਾਰ ਤੋਂ ਰੈਗੂਲਰ ਤਨਖਾਹ ਸਕੇਲ, ਸੀਪੀਐਫ਼, ਈਐਸਆਈ ਸਮੇਤ ਸੀਨੀਆਰਤਾ ਸੂਚੀ, ਸਰਵਿਸ ਬੁੱਕ ਆਦਿ ਮੰਗਾਂ ਲਈ 22 ਸਤੰਬਰ ਤੋਂ ਵਿਕਾਸ ਭਵਨ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਰੋਸ ਧਰਨੇ ‘ਚ ਜ਼ਿਲ੍ਹਾ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ, ਬਲਾਕ ਪ੍ਰਧਾਨਾਂ ‘ਚ ਅਮਨਦੀਪ ਸਿੰਘ ਸੰਗਰੂਰ, ਸੁਖਵਿੰਦਰ ਸਿੰਘ ਲਹਿਰਾ, ਦਰਸ਼ਨ  ਸਿੰਘ ਭਵਾਨੀਗੜ੍ਹ, ਤਰਸੇਮ ਕੁਮਾਰ ਸੁਨਾਮ, ਸੋਮਜੀਤ ਸਿੰਘ ਦਿਡ਼੍ਹਬਾ, ਮਨਜੀਤ ਸਿੰਘ ਸ਼ੇਰਪੁਰ, ਬਲਜੀਤ ਸਿੰਘ ਧੂਰੀ, ਬਲਵੀਰ ਸਿੰਘ ਮਾਲੇਰਕੋਟਲਾ-1, ਗੁਰਪ੍ਰੀਤ ਸਿੰਘ ਮਾਲੇਰਕੋਟਲਾ-2, ਜਸਵੀਰ ਸਿੰਘ ਅਨਦਾਣਾ, ਅਮਰਜੀਤ ਸਿੰਘ ਏਪੀਓ ਅਤੇ ਧਰਮਵੀਰ ਸਿੰਘ ਸੀਏ ਵੀ ਮੌਜੂਦ ਸਨ।


No comments: