Sunday, September 28, 2014

ਅੱਜ ਦੇ ਦਿਨ ਮੌਕੇ ਵਿਸ਼ੇਸ਼ ਕਵਿਤਾ-ਸ਼ਹੀਦ//ਡਾ.ਸਾਥੀ ਲੁਧਿਆਣਵੀ

On Shaheed Bhagat Singh's birthday
ਲੋਕਾਂ ਲਈ ਜਿਉਂਦਾ, ਲੋਕਾਂ ਲਈ ਮਰਦਾ ਹੈ ਸ਼ਹੀਦ।
ਲੋਕਾਂ ਦੀ ਪੀੜ ਨੂੰ ਹੱਸ ਹੱਸ ਜਰਦਾ ਹੈ ਸ਼ਹੀਦ।
=ਰਖ਼ਦਾ ਹੈ ਉਹ ਆਪਣੇ ਲਖ਼ਸ਼ ਨੂੰ ਮਹਿਫ਼ੂਜ਼,
ਇਸੇ ਲਈ ਹਰ ਸਿੱਤਮ ਜਰਦਾ ਹੈ ਸ਼ਹੀਦ।
=ਸੱਚ ਦੀ ਖ਼ਾਤਰ ਪੀ ਜਾਂਦੈ ਪਿਆਲਾ ਜ਼ਹਿਰ ਦਾ,
ਤੱਤੀਆਂ ਤਵੀਆਂ ਕੋਲ਼ ਜਾ ਖ਼ੜ੍ਹਦਾ ਹੈ ਸ਼ਹੀਦ।
=ਨਤਮਸਤਕ ਹੁੰਦਾ ਹੈ ਮਕਤਲ ਨੂੰ ਹੱਸ ਕੇ,
ਬੇਖੌਫ ਸੂਲ਼ੀ 'ਤੇ ਜਾ ਚੜ੍ਹਦਾ ਹੈ ਸ਼ਹੀਦ।
=ਜ਼ੁਲਮ ਦੀ ਭੱਠੀ ਤਾਅ ਰਹੀ ਹੁੰਦੀ ਹੈ ਜਦ,
ਬੱਦਲ ਬਣ ਉਸ ਉੱਤੇ ਵਰ੍ਹਦਾ ਹੈ ਸ਼ਹੀਦ।
=ਲੋਕ ਸ਼ੂਕਦਾ ਦਰਿਆ ਤੱਕ ਕੇ ਦਹਿਲ ਜਾਂਦੇ,
ਸ਼ੂਕਦੇ ਦਰਿਆ ਵਿਚ ਜਾ ਤਰਦਾ ਹੈ ਸ਼ਹੀਦ।
=ਮਨੁਖ਼ਤਾ ਲਈ ਸ਼ਹੀਦੀ ਹੈ ਮਸੱਲਸਲ ਕਰਮ,
ਹਰ ਰੋਜ਼ ਇਕ ਨਵਾਂ ਉਭਰਦਾ ਹੈ ਸ਼ਹੀਦ।
=ਲੋਕਾਂ ਲਈ ਜੂਝਦਾ ਹੈ ਰੂਪੋਸ਼ ਹੋ ਕੇ ਸ਼ਹੀਦ,
ਮਰ ਕੇ ਹੋ ਜਾਂਦੈ ਮਗ਼ਰ ਬੇਪਰਦਾ ਹੈ ਸ਼ਹੀਦ।
=ਮਰਦਾ ਹੈ ਤਾਂ ਇਕ ਸੱਨਾਟਾ ਛਾ ਜਾਂਦਾ ਹੈ,
ਰਫ਼ਤਾ ਰਫ਼ਤਾ ਦਿਲਾਂ 'ਚ ਉੱਤਰਦਾ ਹੈ ਸ਼ਹੀਦ।
=ਦੁਨੀਆਂ ਤੋਂ ਫ਼ਾਰਗ਼ ਹੋ ਗਿਆ ਹੁੰਦਾ ਹੈ ਪਰ,
ਇਤਿਹਾਸ ਦੇ ਸਫ਼ਿਆਂ 'ਚ ਵਿਚਰਦਾ ਹੈ ਸ਼ਹੀਦ।
=ਸਮੇਂ ਦਾ ਬੰਧਨ ਕਰਦਾ ਨਹੀਂ ਧੁੰਦਲ਼ਾ ਕਦੇ,
ਸਮੇਂ ਨਾਲ਼ ਤਾਂ ਸੱਗੋਂ ਨਿਖ਼ਰਦਾ ਹੈ ਸ਼ਹੀਦ।
=ਪਹਿਲਿਆਂ ਸ਼ਹੀਦਾਂ ਦੀ ਰਾਖ਼ ਦੇ ਵਿੱਚੋਂ,
ਕੁਕਨੂਸ ਵਾਂਗਰ ਮੁੜ ਜਨਮਦਾ ਹੈ ਸ਼ਹੀਦ।
=ਸ਼ਹੀਦ ਛੋਟਾ ਵੱਡਾ ਨਹੀਂ ਹੋਇਆ ਕਰਦਾ,
ਹਰ ਸ਼ਹੀਦ ਦਾ ਇਕ ਨੁਮਾਇੰਦਾ ਹੈ ਸ਼ਹੀਦ।
=ਤਾਂ ਜੋ ਮਹਿਫੂਜ਼ ਰਹੇ ਵਗਦਾ ਦਰਿਆ,
ਰੇਤਲੇ ਕੰਢਿਆਂ ਵਾਂਗ ਖਰਦਾ ਹੈ ਸ਼ਹੀਦ।
=ਸ਼ਹੀਦ ਉਹ ਜੋ ਲੋਕਾਂ ਲਈ ਹੋਵੇ ਸ਼ਹੀਦ,
ਹਸ਼ਰ ਤੀਕ ਲੋਕਾਂ 'ਚ ਨਾ ਮਰਦਾ ਹੈ ਸ਼ਹੀਦ।
=ਮਰਦਾ ਹੈ ਤਨ ''ਸਾਥੀ'', ਨਾ ਮਰਦਾ ਖ਼ਿਆਲ,
ਖ਼ਿਆਲ ਨੂੰ ਤਾਂ ਸੱਗੋਂ ਅਮਰ ਕਰਦਾ ਹੈ ਸ਼ਹੀਦ।

----------------------------------

"ਕਈ ਵਾਰਦਾਤਾਂ 'ਚ ਲੋੜੀਂਦੇ ਦੋ ਗੈਂਗਸਟਰ" ਖੰਨਾਂ ਪੁਲਿਸ ਦੀ ਗੋਲੀ ਨਾਲ ਹਲਾਕ


No comments: